Monday, August 26, 2013

ਭਗਤ ਸਿੰਘ ਜੰਮੇ ਤਾਂ ਜ਼ਰੂਰ, ਪਰ ਗੁਆਂਢੀਆਂ ਦੇ

ਪੰਜਾਬ ਵਿੱਚ ਇਹ ਕਹਾਵਤ ਅਕਸਰ ਸੁਣੀ ਜਾ ਸਕਦੀ ਹੈ ਜੋ ਕਿ ਸਾਡੇ ਸਮਾਜ ਦੇ ਦੋਗਲੇਪਣ ਨੂੰ ਦਰਸਾਉਂਦੀ ਹੈ ਅਤੇ ਉਸ ਉੱਪਰ ਚੋਟ ਵੀ ਕਰਦੀ ਹੈ। ਇੱਥੇ ਹੀਰ ਸਭ ਤੋਂ ਵੱਧ ਗਾਈ ਅਤੇ ਸੁਣੀ ਜਾਂਦੀ ਹੈ, ਪਰ ਜਦੋਂ ਹੀਰ ਗਾਉਣ ਤੇ ਸੁਣਨ ਵਾਲ਼ਿਆਂ ਦੇ ਘਰ ਦੀ ਕੋਈ ਜਾਈ ਹੀਰ ਬਣਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਤੇ ਉਸ ਦੇ ਰਾਂਝੇ ਨੂੰ ਜਾਨੋਂ ਹੱਥ ਧੋਣੇ ਪੈਂਦੇ ਹਨ। ‘ਅਣਖ’ ਲਈ ਕਤਲਾਂ ਦੇ ਮਾਮਲੇ ‘ਚ ਪੰਜਾਬ ਇੱਕ ਮੋਹਰੀ ਸੂਬਾ ਹੈ। ਸ਼ਹੀਦ ਭਗਤ ਸਿੰਘ ਦੀ ਕੁਰਬਾਨੀ, ਤਿਆਗ, ਬਹਾਦਰੀ, ਬੌਧਿਕਤਾ ਨੇ ਪੂਰੇ ਦੇਸ਼ ਦੇ ਲੋਕਾਂ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵੀ ਖਾਸ ਥਾਂ ਬਣਾਈ ਹੋਈ ਹੈ। ਘਰ ਘਰ ‘ਚ ਭਗਤ ਸਿੰਘ ਦੀਆਂ ਤਸਵੀਰਾਂ ਮਿਲ਼ਦੀਆਂ ਹਨ। ਭਗਤ ਸਿੰਘ ਦਾ ਜਨਮ ਦਿਨ ਅਤੇ ਸ਼ਹਾਦਤ ਦਿਨ ਥਾਂ ਥਾਂ ਮਨਾਇਆ ਜਾਂਦਾ ਹੈ। ਪਰ ਇਸ ਸਭ ਦੇ ਬਾਵਜੂਦ ਜੇਕਰ ਕੋਈ ਨੌਜਵਾਨ ਮੁੰਡਾ ਜਾਂ ਕੁੜੀ ”ਮਨੁੱਖ ਹੱਥੋਂ ਮਨੁੱਖ ਦੀ ਲੁੱਟ” ਤੋਂ ਰਹਿਤ ਸਮਾਜ ਦੀ ਸਿਰਜਣਾ ਲਈ, ਭਗਤ ਸਿੰਘ ਦੁਆਰਾ ਦੱਸੇ ਇਨਕਲਾਬ ਦੇ ਰਾਹ ‘ਤੇ ਤੁਰਦਾ ਹੈ, ਤਾਂ ਮਾਂ-ਬਾਪ, ਸਭ ਰਿਸ਼ਤੇ-ਨਾਤੇਦਾਰ ਉਸ ਨੌਜਵਾਨ ਦੇ ਰਾਹ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੋਕਾਂ ਡਾਹੁੰਦੇ ਹਨ। ਸਭ ਤੋਂ ਪਹਿਲਾਂ ਤਾਂ ਨੌਜਵਾਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਅਤੇ ਜੇਕਰ ਫੇਰ ਵੀ ਗੱਲ ਨਾ ਬਣੇ ਤਾਂ ਨੌਜਵਾਨਾਂ ਦੇ ਪੈਰਾਂ ਨੂੰ ਹੰਝੂਆਂ ਦੀ ਬੇੜੀਆਂ ਨਾਲ਼ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨੌਜਵਾਨਾਂ ਨੂੰ ਇਨਕਲਾਬੀ ਮਾਰਗ ਤੋਂ ਮੋੜਨ ਲਈ ਮਾਂ-ਬਾਪ ਦੀਆਂ ਇਨ੍ਹਾਂ ਕੋਸ਼ਿਸ਼ਾਂ ਪਿੱਛੇ ਇੱਕ ਤਾਂ ਇਨਕਲਾਬੀ ਜੀਵਨ ਨਾਲ਼ ਜੁੜੇ ਖਤਰਿਆਂ ਦੇ ਡਰ ‘ਚੋਂ ਆਪਣੀ ਔਲਾਦ ਪ੍ਰਤੀ ਮਨੁੱਖੀ ਸਰੋਕਾਰ ਹੁੰਦਾ ਹੈ, ਦੂਜਾ ਕਾਰਨ ਇਹ ਹੁੰਦਾ ਹੈ ਵਰਤਮਾਨ ਸਰਮਾਏਦਾਰੀ ਸਮਾਜ ਵਿੱਚ ਔਲਾਦ ਦੇ ਚੰਗੇ ਭਵਿੱਖ ਪ੍ਰਤੀ ਉਨ੍ਹਾਂ ਦੀ ਧਾਰਨਾ ਵੀ ਵਰਤਮਾਨ ਸਮਾਜ ਤੋਂ ਹੀ ਬਣੀ ਹੁੰਦੀ ਹੈ। ਭਾਵ ਉਹ ਚਾਹੁੰਦੇ ਹਨ ਕਿ ਰੋਜ਼ੀ-ਰੁਜ਼ਗਾਰ ਅਤੇ ਹੋਰ ਹਰ ਪੱਖੋਂ ਉਨ੍ਹਾਂ ਦੀ ਔਲਾਦ ਦਾ ਭਵਿੱਖ ਸੁਰੱਖਿਅਤ ਰਹੇ। ਪਰ ਇਸ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਜੇਕਰ ਕੋਈ ਨੌਜਵਾਨ ਭਗਤ ਸਿੰਘ ਦੇ ਰਾਹ ‘ਤੇ ਤੁਰਦਾ ਹੈ ਤਾਂ ਮਾਪਿਆਂ ਨੂੰ ਆਪਣਾ ਸਰਮਾਇਆ ਡੁੱਬਦਾ ਨਜ਼ਰ ਆਉਂਦਾ ਹੈ। ਮਾਪੇ ਆਪਣੀ ਔਲਾਦ ਦੀ ਪਰਵਰਿਸ਼ ਅਤੇ ਖਾਸ ਤੌਰ ‘ਤੇ ਉਸ ਦੀ ਪੜ੍ਹਾਈ ਲਿਖਾਈ ਉੱਪਰ ਜੋ ਸਰਮਾਇਆ ਨਿਵੇਸ਼ ਕਰਦੇ ਹਨ, ਮਾਪਿਆਂ ਨੂੰ ਉਮੀਦ ਹੁੰਦੀ ਹੈ ਕਿ ਜੇਕਰ ਉਨ੍ਹਾਂ ਦੀ ਔਲਾਦ ਨੂੰ ਚੰਗਾ, ਵੱਧ ਕਮਾਈ ਵਾਲ਼ਾ ਰੁਜ਼ਗਾਰ ਮਿਲ਼ ਜਾਵੇ ਤਾਂ ਉਨ੍ਹਾਂ ਦਾ ਸਰਮਾਇਆ ਮੁਨਾਫ਼ੇ ਸਹਿਤ ਵਾਪਸ ਆ ਜਾਵੇਗਾ। ਪਰ ਜਦੋਂ ਨੌਜਵਾਨ ਇਸ ਦੁਨੀਆਂਦਾਰੀ ਦੀ ਜਿੱਲਤ-ਗਲਾਜਤ ਭਰੀ ਜ਼ਿੰਦਗੀ ਨੂੰ ਲੱਤ ਮਾਰ ਕੇ ਇਨਕਲਾਬ ਦੇ ਰਾਹ ਤੁਰ ਪੈਣ ਤਾਂ ਮਾਪਿਆਂ ਦਾ ਸਰਮਾਇਆ ਨਿਵੇਸ਼ ਡੁੱਬ ਜਾਂਦਾ ਹੈ। ਅਤੇ ਇਹ ਸਰਮਾਇਆ ਡੁੱਬਣ ਦਾ ਗਮ ਹੰਝੂਆਂ ਦੇ ਰੂਪ ਵਿੱਚ ਵਹਿ ਤੁਰਦਾ ਹੈ। ਇਸੇ ‘ਤੇ ਮੁਕਤੀਬੋਧ ਨੇ ਲਿਖਿਆ ਸੀ: ਯਹ ਆਂਸੂ ਪ੍ਰੇਮ ਕੇ ਨਹੀਂ, ਬਿਰਹਾ ਕੇ ਨਹੀਂ, ਅਪਨੇ ਅਸੁਰੱਕਸ਼ਾ ਬੋਧ ਕੇ ਹੈਂ। ਇਹ ਦੋਹਰਾਪਣ ਸਾਡੇ ਸਮਾਜ ਤੱਕ ਹੀ ਸੀਮਤ ਨਹੀਂ ਹੈ। ਇਸ ਦੋਗਲੇ ਸਮਾਜ ਵਿੱਚ ਪੈਦਾ ਹੋਏ ਸਾਡੇ ‘ਕਮਿਊਨਿਸਟ’ ਵੀ ਇਨ੍ਹਾਂ ਮਾਮਲਿਆਂ ‘ਚ ਦੋਹਰਾ ਆਚਰਣ ਕਰ ਰਹੇ ਹਨ। ਇੱਥੇ ਅਸੀਂ ਇਨਕਲਾਬ ਨੂੰ ਬਹੁਤ ਪਹਿਲਾਂ ਹੀ ਬੇਦਾਵਾ ਦੇ ਚੁੱਕੇ ਭਾਕਪਾ, ਮਾਕਪਾ ਅਤੇ ਲਿਬਰੇਸ਼ਨ ਜੇਹੇ ਸੋਧਵਾਦੀਆਂ ਦੀ ਗੱਲ ਨਹੀਂ ਕਰ ਰਹੇ। ਸਗੋਂ ਮਹਾਨ ਨਕਸਲਬਾੜੀ ਦੇ ਝੰਡਾ ਬਰਦਾਰ ਖੁੱਲ੍ਹੇ ਅਤੇ ‘ਗੁਪਤ’ ਕਮਿਊਨਿਸਟਾਂ ਦੀ ਗੱਲ ਕਰ ਰਹੇ ਹਾਂ। ਮਹਾਨ ਨਕਸਲਬਾੜੀ ਬਗਾਵਤ ਦੀ ਉਪਜ ਇਨ੍ਹਾਂ ਪਾਰਟੀਆਂ ਦਾ ਅਤੀਤ ਬਹੁਤ ਸ਼ਾਨਦਾਰ ਰਿਹਾ ਹੈ। ਇਨ੍ਹਾਂ ਪਾਰਟੀਆਂ ਨੇ ਅਤੀਤ ਵਿੱਚ ਲੋਕ ਮੁਕਤੀ ਲਈ ਅਥਾਹ ਕੁਰਬਾਨੀਆਂ ਅਤੇ ਤਿਆਗ ਦੀ ਮਹਾਨ ਵਿਰਾਸਤ ‘ਤੇ ਪਹਿਰਾ ਦਿੱਤਾ ਹੈ। ਪਰ ਅੱਜ ਇਹਨਾਂ ਪਾਰਟੀਆਂ ਦੇ ਜ਼ਿਆਦਾਤਰ ਆਗੂ ਪੂਰੀ ਤਰ੍ਹਾਂ ਦੁਨੀਆਂਦਾਰੀ ਦੇ ਚਿੱਕੜ ਵਿੱਚ ਖੁੱਭੇ ਹੋਏ ਹਨ। ਉਨ੍ਹਾਂ ਦਾ ਜੀਵਨ ਉਸ ਸਮਾਜ ਤੋਂ ਕੋਈ ਬਹੁਤਾ ਵੱਖਰਾ ਨਹੀਂ ਹੈ ਜਿਸ ਨੂੰ ਉਹ ਬਦਲਣਾ ਚਾਹੁੰਦੇ ਹਨ। ਆਪਣੇ ਬੱਚਿਆਂ ਨੂੰ ਇਹ ਇਨਕਲਾਬ ਦੀ ਜਵਾਲਾ ਤੋਂ ਪੂਰੀ ਤਰ੍ਹਾਂ ਬਚਾ ਕੇ ਰੱਖਦੇ ਹਨ। ਇਹ ਹੋਰਾਂ ਦੇ ਬੱਚਿਆਂ ਨੂੰ ਤਾਂ ਭਗਤ ਸਿੰਘ ਬਣਾਉਂਦੇ ਹਨ ਅਤੇ ਖੁਦ ਦੇ ਬੱਚਿਆਂ ਨੂੰ ਡਾਕਟਰ, ਇੰਜਨੀਅਰ, ਨੌਕਰਸ਼ਾਹ ਬਣਾਉਂਦੇ ਹਨ ਜਾਂ ਵਿਦੇਸ਼ਾਂ ਵਿੱਚ ਸੈੱਟ ਕਰਦੇ ਹਨ। ਕੁਝ ਉਦਾਹਰਣਾਂ ਦੇਖੋ। ਪੰਜਾਬ ਦੀ ਇੱਕ ‘ਨਕਸਲੀ’ ਪਾਰਟੀ ਦਾ ਸਕੱਤਰ ਖੁਦ ਚੱਲ ਕੇ ਇੱਕ ਅੰਗਰੇਜ਼ੀ ਭਾਸ਼ਾ ਦੇ ਕੋਚਿੰਗ ਸੈਂਟਰ ਜਾਂਦਾ ਹੈ ਤਾਂ ਕਿ ਆਵਦੀ ਬੇਟੀ ਨੂੰ ਅਮਰੀਕਾ ਭੇਜਣ ਬਾਰੇ ਜਾਣਕਾਰੀ ਹਾਸਲ ਕਰ ਸਕੇ। ਇੱਕ ਹੋਰ ਉੱਘਾ ‘ਇਨਕਲਾਬੀ’ ਵਿਦਿਆਰਥੀ ਜਥੇਬੰਦੀ ਵਿੱਚ ਸਰਗਰਮ ਆਵਦੇ ਮੁੰਡੇ ਨੂੰ ਵਿਦਿਆਰਥੀ ਜਥੇਬੰਦੀ ਤੋਂ ਹਟਾ ਕੇ ਡਾਕਟਰੀ ਦੀ ਪੜ੍ਹਾਈ ਕਰਵਾਉਂਦਾ ਹੈ ਅਤੇ ਬਾਅਦ ਵਿੱਚ ਉਸ ਦਾ ਲੜਕਾ ਕਿਸੇ ਵੀ ਇਨਕਲਾਬੀ ਸਰਗਰਮੀ ਵਿੱਚ ਨਜ਼ਰ ਨਹੀਂ ਆਉਂਦਾ। ਇੱਕ ਹੋਰ ਉੱਘਾ ‘ਨਕਸਲੀ’ ਆਗੂ, ‘ਚਿੰਤਕ’ ‘ਸਿਧਾਂਤਕਾਰ’ ‘ਅਰਥਸ਼ਾਸਤਰੀ’ ਆਪਣੀਆਂ ਧੀਆਂ ਨੂੰ ਅਮਰੀਕਾ, ਕੈਨੇਡਾ ਸੈੱਟ ਕਰਵਾਉਂਦਾ ਹੈ ਅਤੇ ਫਿਰ ਫੇਸਬੁੱਕ ‘ਤੇ ਆਪਣੀਆਂ ਸਪੁੱਤਰੀਆਂ ਦੇ ਵਿਦੇਸ਼ਾਂ ‘ਚ ਸੈੱਟ ਹੋਣ ‘ਤੇ ਮਾਣ ਪ੍ਰਗਟਾਉਂਦਾ ਹੈ। ਇੱਕ ਕਮਿਊਨਿਸਟ ਦੇ ਬੱਚੇ ਜੇਕਰ ਕਮਿਊਨਿਸਟ (ਉਹ ਵੀ ਪੇਸ਼ੇਵਰ ਕਮਿਊਨਿਸਟ) ਬਣਨ ਤਾਂ ਇਹ ਉਸ ਵਾਸਤੇ ਇਸ ਤੋਂ ਵੱਡੇ ਮਾਣ ਵਾਲ਼ੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਕਿਉਂਕਿ ਵਰਤਮਾਨ ਸਮੇਂ ਇਸ ਧਰਤੀ ਉੱਪਰ ਇੱਕ ਕਮਿਊਨਿਸਟ ਵਜੋਂ ਵਿਚਰਨ, ਮਨੁੱਖਤਾ ਦੀ ਅਜ਼ਾਦੀ ਅਤੇ ਖੁਸ਼ਹਾਲੀ ਲਈ ਜੂਝਣ ਨਾਲ਼ੋਂ ਵਧੇਰੇ ਸ਼ਾਨਦਾਰ ਜ਼ਿੰਦਗੀ ਹੋਰ ਕੋਈ ਹੋ ਨਹੀਂ ਸਕਦੀ। ਦੂਜੇ ਪਾਸੇ ਉੱਚ ਮੱਧਵਰਗ (ਡਾਕਟਰ, ਇੰਜਨੀਅਰ) ਵਿੱਚ ਸ਼ਾਮਲ ਹੋ ਕੇ ਕਿਰਤੀ ਲੋਕਾਂ ਦੀ ਲੁੱਟ ਵਿੱਚੋਂ ਹਿੱਸਾ ਹਾਸਲ ਕਰਨਾ ਅਤੇ ਉਸ ਲੁੱਟ ਨੂੰ ਬਰਕਰਾਰ ਰੱਖਣ ਵਿੱਚ ਸਹਾਈ ਹੋਣਾ ਬੇਹੱਦ ਘਿਣਾਉਣਾ ਹੈ। ਜੇਕਰ ਕਿਸੇ ਕਮਿਊਨਿਸਟ ਦੇ ਬੱਚੇ ਇਹ ਮਗਰਲਾ ਰਾਹ ਚੁਣਦੇ ਹਨ (ਬੇਸ਼ੱਕ ਆਪਣੇ ਜੀਵਨ ਦਾ ਕੋਈ ਵੀ ਰਾਹ ਚੁਣਨ ਦਾ ਉਨ੍ਹਾਂ ਨੂੰ ਪੂਰਾ ਹੱਕ ਹੈ) ਤਾਂ ਕਿਸੇ ਵੀ ਸੱਚੇ ਕਮਿਊਨਿਸਟ ਲਈ ਇਹ ਦੁੱਖ ਦੀ ਗੱਲ ਹੋਵੇਗੀ। ਪਰ ਸਾਡੇ ਇੱਥੇ ਤਾਂ ਆਲਮ ਹੀ ਨਿਰਾਲਾ ਹੈ। ਸਾਡੇ ‘ਕਾਮਰੇਡ’ ਤਾਂ ਇਸ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ ਕਿ ਉਨ੍ਹਾਂ ਦੇ ਬੱਚੇ ਜਾਂ ਤਾਂ ਉੱਚ ਮੱਧਵਰਗੀ ਪਦਵੀਆਂ (ਭਾਵ ਲੋਟੂਆਂ ਦਾ ਹਿੱਸਾ ਬਣਨ) ‘ਤੇ ਸੁਸ਼ੋਭਿਤ ਹੋਣ ਅਤੇ ਜਾਂ ਫਿਰ ਵਿਦੇਸ਼ਾਂ ‘ਚ ਜਾ ਕੇ ਡਾਲਰ, ਪੌਂਡ ਕੁੱਟਣ ਅਤੇ ਉੱਥੇ ਵੀ ਉੱਚ ਮੱਧਵਰਗੀ ਹੀ ਬਣਨ। ਦੂਜੇ ਪਾਸੇ ਜੇਕਰ ਬੱਚਿਆਂ ਨੂੰ ਉਨ੍ਹਾਂ ਸਕੂਲਾਂ ਵਿੱਚ ਪੜ੍ਹਾਇਆ ਜਾਵੇ ਜਿੱਥੇ ਮਜ਼ਦੂਰ, ਹੋਰ ਗਰੀਬ ਕਿਰਤੀਆਂ ਦੇ ਬੱਚੇ ਪੜ੍ਹਦੇ ਹੋਣ ਤਾਂ ਬੱਚਿਆਂ ਦੀ ਦੋਸਤੀ ਗਰੀਬਾਂ ਨਾਲ਼ ਹੋਵੇਗੀ। ਉਹ ਗਰੀਬੀ ਨੂੰ ਨਫ਼ਰਤ ਕਰਨਗੇ। ਅਜੇਹੇ ਸਮੇਂ ਬੱਚਿਆਂ ਨੂੰ ਦਿੱਤੀ ਜਾਣ ਵਾਲ਼ੀ ਇਨਕਲਾਬੀ ਸਿੱਖਿਆ ਉਨ੍ਹਾਂ ਦੇ ਇਨਕਲਾਬੀ ਜ਼ਜਬਿਆਂ ਨੂੰ ਹੋਰ ਪਾਣ ਚਾੜ੍ਹੇਗੀ। ਪਰ ਕਿਉਂਕਿ ਸਾਡੇ ਇੱਥੇ ਜ਼ਿਆਦਾਤਰ ‘ਕਾਮਰੇਡ’ ਧਨਵਾਨ ਹਨ, ਉਹ ਆਪਣੇ ਬੱਚਿਆਂ ਨੂੰ ਗਰੀਬਾਂ ਵਾਲ਼ੇ ਸਕੂਲਾਂ ‘ਚ ਭੇਜਣਾ ਆਪਣੇ ਸਟੇਟਸ ਤੋਂ ਨੀਵਾਂ ਸਮਝਦੇ ਹਨ। ਬਾਅਦ ਵਿੱਚ ਮਹਿੰਗੇ ਕਾਨਵੈਂਟ ਸਕੂਲਾਂ ‘ਚੋਂ ਪੜ੍ਹਕੇ ਨਿਕਲੇ ਬੱਚਿਆਂ ਲਈ ਇਹ ‘ਕਾਮਰੇਡ’ ਕਾਲਜ ਵੀ ਉਹ ਚੁਣਦੇ ਹਨ ਜਿੱਥੇ ਇਨਕਲਾਬੀ ਸਰਗਰਮੀਆਂ ਦਾ ਕੋਈ ਨਾਂ-ਨਿਸ਼ਾਨ ਨਾ ਹੋਵੇ। ਅਜਿਹੇ ਮਹੌਲ ਵਿੱਚ ਕਿਸੇ ਵੀ ਬੱਚੇ ਦੇ ਇਨਕਲਾਬੀ ਲਹਿਰ ਵੱਲ ਆਉਣ ਦੀਆਂ ਸੰਭਾਵਨਾਵਾਂ ਨਾ ਮਾਤਰ ਹੀ ਹੁੰਦੀਆਂ ਹਨ। ਪਰ ਜੇਕਰ ਇਨ੍ਹਾਂ ‘ਇਨਕਲਾਬੀਆਂ’ ਦੀ ਕੋਈ ਧੀ ਜਾਂ ਪੁੱਤ ਗਲਤੀ ਨਾਲ਼ ਪੇਸ਼ੇਵਰ (ਕਸਬੀ) ਇਨਕਲਾਬੀ ਦੇ ਜੀਵਨ ਦੀ ਚੋਣ ਕਰ ਵੀ ਲਵੇ ਤਾਂ ਇਹ ਉਸ ਨੂੰ ਰੋਕਣ ਲਈ ਆਣਦੇ ਮੌਲਿਕ ‘ਇਨਕਲਾਬੀ’ ਢੰਗ ਅਪਣਾਉਂਦੇ ਹਨ। ਆਮ ਲੋਕ ਤਾਂ ਆਣਦੇ ਬੱਚਿਆਂ ਨੂੰ ਡਰਾਉਂਦੇ ਧਮਕਾਉਂਦੇ ਹਨ। ਕੁੜੀਆਂ ਦੇ ਮਾਮਲੇ ‘ਚ ਕੁੱਟਮਾਰ ਜਾਂ ਪੁਲਿਸ ਦੀ ਮਦਦ ਲੈਂਦੇ ਹਨ। ਪਰ ਇਹ ‘ਇਨਕਲਾਬੀ’ ਆਵਦੇ ਬੱਚਿਆਂ ਉੱਪਰ ਗਿਆਨ ਦੀ ਲਾਠੀ ਚਲਾਉਂਦੇ ਹਨ। ਇਹ ‘ਇਨਕਲਾਬੀ’ ਆਵਦੇ ਬੱਚਿਆਂ ਨਾਲ਼ੋਂ ਵਧੇਰੇ ਗਿਆਨ ਅਤੇ ਤਜ਼ਰਬੇ ਦਾ ਇਸਤੇਮਾਲ ਆਪਣੇ ਬੱਚਿਆਂ ਦੇ ਇਨਕਲਾਬੀ ਜ਼ਜਬੇ ਨੂੰ ਪੰਚਰ ਕਰਨ ਲਈ ਕਰਦੇ ਹਨ। ਇਹ ‘ਇਨਕਲਾਬੀ’ ਆਪਣੇ ਬੱਚਿਆਂ ਨੂੰ ਮਾਰਕਸਵਾਦ ਜਾਂ ਇਨਕਲਾਬੀ ਸਾਹਿਤ ਦਾ ਓਨਾ ਕੁ ਹੀ ਗਿਆਨ ਮਹੱਈਆ ਕਰਾਉਂਦੇ ਹਨ, ਜਿੰਨੇ ਕੁ ਨਾਲ਼ ਕਿ ਉਹ ਇਨ੍ਹਾਂ ਦੇ ਆਗਿਆਕਾਰੀ ਬੀਬੇ ਬੱਚੇ ਬਣ ਕੇ ਰਹਿਣ। ਅਵਾਰਾਗਰਦੀ ਨਾ ਕਰਨ, ‘ਕਾਮਰੇਡਾਂ’ ਦੀ ਜਾਇਦਾਦ ਦੇ ਅੰਬਾਰ ਨੂੰ ਲੁਟਾਉਣ ਨਾ, ਸਗੋਂ ਉਸ ਵਿੱਚ ਹੋਰ ਵਾਧਾ ਕਰਨ। ਲੜਕੀਆਂ ਨੂੰ ਕੁਝ ਇਨਕਲਾਬੀ ਏਨਾ ਕੁ ਤਿਆਰ ਕਰਦੇ ਹਨ ਕਿ ਉਹ ਮੋਟੀ ਤਨਖਾਹ ਵਾਲ਼ੀ ਨੌਕਰੀ ਕਰਨ ਦੇ ਯੋਗ ਹੋਵੇ ਅਤੇ ਉਸ ਦਾ ਵਿਆਹ ਕਿਸੇ ਕੁੱਲਵਕਤੀ ਨਾਲ਼ ਹੋ ਜਾਵੇ। ਬਾਸ਼ਰਤੇ ਕਿ ਉਹ ਕੁੱਲਵਕਤੀ ਵੀ ਸੰਪੱਤੀਵਾਨ, ਧਨ ਦੌਲਤ ਦਾ ਮਾਲਕ ਹੋਵੇ। ਕਿਸੇ ਮਜ਼ਦੂਰ ਪਿੱਠਭੂਮੀ ‘ਚੋਂ ਆਏ, ਜਾਇਦਾਦਹੀਣ ਯੋਗ ਤੋਂ ਯੋਗ ਕੁੱਲਵਕਤੀ ਨਾਲ਼ ਇਹ ਆਪਣੀਆਂ ਕੁੜੀਆਂ ਨੂੰ ਵਿਆਹ ਕਰਾਉਣੋਂ ਵਰਜਦੇ ਹਨ ਅਤੇ ਇਸ ਗੱਲੋਂ ਹਮੇਸ਼ਾ ਡਰੇ ਰਹਿੰਦੇ ਹਨ ਕਿ ਕਿਧਰੇ ਇਨ੍ਹਾਂ ਦੀ ਲੜਕੀ ਨੂੰ ਅਜੇਹੇ ਕਿਸੇ ਨੰਗ ਇਨਕਲਾਬੀ ਨਾਲ਼ ਪਿਆਰ ਨਾ ਹੋ ਜਾਵੇ। ਅਜੇਹੇ ਇਨਕਲਾਬੀਆਂ ਕਾਰਨ ਹੀ ਅੱਜ ਇਨਕਲਾਬੀ ਲਹਿਰ ਬਦਨਾਮ ਹੋ ਰਹੀ ਹੈ। ਨਵੀਂ ਪੀੜ੍ਹੀ ਬਹੁਤ ਘੱਟ ਹੀ ਇਨਕਲਾਬੀ ਲਹਿਰ ਵੱਲ ਆ ਰਹੀ ਹੈ। ਜੇਕਰ ਕੋਈ ਨੌਜਵਾਨ ਪੂਰੀ ਤਰ੍ਹਾਂ ਇਨਕਲਾਬੀ ਲਹਿਰ ਵਿੱਚ ਸ਼ਾਮਿਲ ਹੁੰਦੇ ਵੀ ਹਨ ਤਾਂ ਉਹ ਕੁਝ ਸਾਲਾਂ ਬਾਅਦ ਨਿਰਾਸ਼ ਹੋ ਕੇ ਘਰ ਬੈਠ ਜਾਂਦੇ ਹਨ ਜਾਂ ਫਿਰ (ਜੇਕਰ ਉਹ ਘਰੋਂ ਸਰਦੇ ਪੁੱਜਦੇ ਹੋਣ ਤਾਂ) ਉਹ ਵੀ ਆਪਣੇ ਆਗੂਆਂ ਵਾਂਗ ਦੁਨੀਆਂਦਾਰ ‘ਇਨਕਲਾਬੀ’ ਬਣ ਜਾਂਦੇ ਹਨ। ਜੋ ਆਵਦੇ ਘਰ-ਪਰਿਵਾਰ ਨੂੰ ਇਨਕਲਾਬ ਦੇ ਸੇਕ ਤੋਂ ਦੂਰ ਰੱਖਕੇ, ਧਨ ਸੰਪੱਤੀ ‘ਚ ਲਗਾਤਾਰ ਵਾਧਾ ਕਰਕੇ ਉਸ ਦੇ ਭਵਿੱਖ ਨੂੰ ਸੁਰੱਖਿਅਤ ਕਰਦੇ ਹੋਏ, ਹੋਰਾਂ ਦੇ ਧੀਆਂ ਪੁੱਤਾਂ ਨੂੰ ਭਗਤ ਸਿੰਘ ਬਣਨ ਲਈ ਲਗਾਤਾਰ ਭਾਸ਼ਣ ਝਾੜਦੇ ਰਹਿੰਦੇ ਹਨ। ਸ਼ਾਇਦ ਅਜੇਹੇ ਹੀ ਅਖੌਤੀ ਇਨਕਲਾਬੀਆਂ ਨੂੰ ਦੇਖ ਇਸ ਕਹਾਵਤ ਦਾ ਜਨਮ ਹੋਇਆ ਹੋਵੇਗਾ ਕਿ ‘ਭਗਤ ਸਿੰਘ ਜੰਮੇ ਤਾਂ ਜ਼ਰੂਰ, ਪਰ ਜੰਮੇਂ ਗੁਆਢੀਆਂ ਦੇ’। • ਕਰਮਜੀਤ

No comments:

Post a Comment