Wednesday, September 4, 2013
ਭਗਤ ਸਿੰਘ ਦੀ ਵਿਚਾਰਕ ਵਿਰਾਸਤ ਤੇ ਸਾਡਾ ਸਮਾਂ
ਸੱਚ ਹੈ ਕਿ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ (ਅਤੇ ਬੇਸ਼ੱਕ ਉਨ੍ਹਾਂ ’ਚੋਂ ਮੋਹਰੀ ਵਿਚਾਰਕ ਭਗਤ ਸਿੰਘ ਹੀ ਸਨ) ਵਿਚਾਰਕ ਪੱਖ ਬਾਰੇ ’ਚ ਅੱਜ ਦੇਸ਼ ਦੇ ਸਿੱਖਿਅਤ ਲੋਕਾਂ ਅਤੇ ਨੌਜਵਾਨ ਪੀੜ੍ਹੀ ’ਚ ਅਗਿਆਨਤਾ ਵਾਲ਼ੀ ਉਹ ਹਾਲਤ ਨਹੀਂ ਹੈ ਜਿਹੜੀ ਅੱਜ ਤੋਂ ਪੱਚੀ-ਤੀਹ ਸਾਲ ਪਹਿਲਾਂ ਸੀ। ਭਗਤ ਸਿੰਘ ਇੱਕ ਬਹੁਤ ਪ੍ਰਤਿਭਾਵਾਨ ਅਤੇ ਅਧਿਐਨਸ਼ੀਲ ਇਨਕਲਾਬੀ ਸਨ, ਇਹ ਜਾਣਕਾਰੀ ਤਾਂ ਉਨ੍ਹਾਂ ਨੂੰ ਵੀ ਸੀ ਜਿਨ੍ਹਾਂ ਲੋਕਾਂ ਨੇ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਐਚ. ਐਸ. ਆਰ. ਏ.) ਵਿੱਚ ਭਗਤ ਸਿੰਘ ਦੇ ਨਾਲ ਕੰਮ ਕਰ ਚੁੱਕੇ ਇਨਕਲਾਬੀ ਜਤਿੰਦਰ ਨਾਥ ਸਾਨਿਆਲ ਦੀ ਪੁਸਤਕ ‘ਅਮਰ ਸ਼ਹੀਦ ਸਰਦਾਰ ਭਗਤ ਸਿੰਘ’ ਅਤੇ ਸ਼ਿਵ ਵਰਮਾ, ਅਜੈ ਘੋਸ਼, ਭਗਵਾਨ ਦਾਸ ਮਹੌਰ, ਸਦਾਸ਼ਿਵ ਮਲਕਾਪੁਰਕਰ, ਯਸ਼ਪਾਲ ਆਦਿ ਸਾਥੀਆਂ ਦੀਆਂ ਅਤੇ ਸੋਹਨ ਸਿੰਘ ਜੋਸ਼, ਰਾਜਾਰਾਮ ਸ਼ਾਸਤਰੀ ਆਦਿ ਸਮਕਾਲੀਨਾਂ ਦੀਆਂ ਭਗਤ ਸਿੰਘ ਸਬੰਧੀ ਯਾਦਾਂ ਪੜ੍ਹੀਆਂ ਹਨ। ਗੋਪਾਲ ਠਾਕੁਰ ਦੀ ਇੱਕ ਛੋਟੀ ਜਿਹੀ ਕਿਤਾਬ ਵੀ 50 ਦੇ ਦਹਾਕੇ ’ਚ ਹੀ ਪ੍ਰਕਾਸ਼ਿਤ ਹੋ ਚੁੱਕੀ ਸੀ, ਜਿਸ ਵਿੱਚ ਐਚ. ਐਸ. ਆਰ. ਏ. ਅਤੇ ਨੌਜਵਾਨ ਭਾਰਤ ਸਭਾ ਦੇ ਘੋਸ਼ਣਾ ਪੱਤਰ ਅਤੇ ਅਦਾਲਤ ਵਿੱਚ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਭਗਤ ਸਿੰਘ ਦਾ ਵਿਸ਼ਾਲ ਵਿਚਾਰਕ ਪੱਖ ਅਤੇ ਵਿਗਿਆਨਿਕ ਸਮਾਜਵਾਦ ਵੱਲ ਉਸਦੇ ਝੁਕਾਅ ਬਾਰੇ ਲਿਖਿਆ ਸੀ। ਪਰ ਉਸ ਸਮੇਂ ਵੀ ਹੇਠਲੀਆਂ ਜਮਾਤਾਂ ਤੋਂ ਲੈ ਕਿ ਉਚ ਜਮਾਤਾਂ ਤੱਕ ਦੀਆਂ ਪਾਠ-ਪੁਸਤਕਾਂ ਅਤੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੀਆਂ ਸਭ ਤੋਂ ਪ੍ਰਮਾਣਿਤ ਕਿਤਾਬਾਂ ’ਚ ਵੀ ਐਚ. ਐਸ. ਆਰ. ਏ. ਅਤੇ ਭਗਤ ਸਿੰਘ ਤੇ ਉਨ੍ਹਾਂ ਦੀ ਪੀੜ੍ਹੀ ਦੇ ਇਨਕਲਾਬੀਆਂ ਦਾ ਵਰਣਨ ਬਹੁਤ ਸੰਖੇਪ ’ਚ, ਸਿਰਫ ਕੌਮਵਾਦੀ ਹਥਿਆਰਬੰਦ ਇਨਕਲਾਬੀ ਧਾਰਾ ਦੀ ਇੱਕ ਕੜੀ ਦੇ ਰੂਪ ਵਿੱਚ ਹੀ ਹੁੰਦਾ ਸੀ। ਐਚ. ਐਸ. ਆਰ. ਏ. ਦੇ ਇਨਕਲਾਬੀ ਅਤੇ ਵਿਸ਼ੇਸ਼ ਤੌਰ ’ਤੇ ਭਗਤ ਸਿੰਘ ਕਿਸ ਤਰਾਂ ਸਮਾਜਵਾਦ ਨੂੰ ਆਪਣਾ ਆਦਰਸ਼ ਮੰਨਣ ਤੋਂ ਬਾਅਦ ਵਿਗਿਆਨਕ ਸਮਾਜਵਾਦ ਦਾ ਗਹਿਰਾ ਅਧਿਐਨ ਕਰ ਰਹੇ ਸਨ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਵਿਸ਼ਾਲ ਜਨਤਕ ਜਥੇਬੰਦੀਆਂ ਉਸਾਰਨ ਬਾਰੇ ਸੋਚ ਰਹੇ ਸਨ ਇਸਦਾ ਅਕਾਦਮਿਕ ਇਤਿਹਾਸਕਾਰਾਂ ’ਚ ਜ਼ਿਕਰ ਤੱਕ ਨਹੀਂ ਆਉਂਦਾ ਸੀ ਅਤੇ ਕੁਝ ਇੱਕ ਖੋਜਪੱਤਰਾਂ ਅਤੇ ਖੋਜ ਪ੍ਰਬੰਧਾਂ ਦੇ ਅਪਵਾਦ ਨੂੰ ਛੱਡ ਦੇਈਏ ਲਗਭਗ ਇਹੀ ਸਥਿਤੀ ਅੱਜ ਵੀ ਬਣੀ ਹੋਈ ਹੈ। ਪਹਿਲੀ ਵਾਰ, ਸਦੀ ਦੇ ਅੱਠਵੇਂ ਦਹਾਕੇ ਦੇ ਆਰੰਭ ਵਿੱਚ ਭਗਤ ਸਿੰਘ ਦੀ ਭਤੀਜੀ ਵਰਿੰਦਰ ਸੰਧੂ ਦੁਆਰਾ ਸੰਪਾਦਿਤ ਭਗਤ ਸਿੰਘ ਦੀਆਂ ਚਿੱਠੀਆਂ ਅਤੇ ਲੇਖਾਂ ਦਾ ਇੱਕ ਸੰਗ੍ਰਹਿ ਪ੍ਰਕਾਸ਼ਿਤ ਹੋਇਆ, ਜਿਸਨੇ ਸਿਰਫ਼ ਤੇਈ ਸਾਲ ਦੀ ਉਮਰ ਵਿੱਚ ਸ਼ਹੀਦ ਹੋ ਜਾਣ ਵਾਲੇ ਉਸ ਵੀਰ ਨੌਜਵਾਨ ਦੇ ਅਸੀਮਿਤ ਸੰਭਾਵਨਾ ਭਰਪੂਰ ਵਿਚਾਰਕ-ਪੱਖ ਦੀ ਝਲਕ ਪੇਸ਼ ਕੀਤੀ। ਲਗਭਗ ਉਦੋਂ ਕੁ ਹੀ ਵਰਿੰਦਰ ਸੰਧੂ ਦੁਆਰਾ ਲਿਖੀ ਗਈ ਭਗਤ ਸਿੰਘ ਦੀ ਜੀਵਨੀ ‘ਯੁੱਗ ਦਰਸ਼ਟਾ ਭਗਤ ਸਿੰਘ ਅਤੇ ਉਸਦੇ ਅਮਰ ਪੁਰਖੇ’ ਨਾਂ ਨਾਲ਼ ਪ੍ਰਕਾਸ਼ਿਤ ਹੋਈ। ਅੱਠਵੇ ਦਹਾਕੇ ਦੇ ਪਹਿਲੇ ਵਰ੍ਹਿਆਂ ’ਚ ਹੀ ਦਿੱਲੀ ਦੇ ਕੁਝ ਨੌਜਵਾਨ ਖੱਬੇਪੱਖੀ ਇਨਕਲਾਬੀਆਂ ਨੇ ਭਗਤ ਸਿੰਘ ਦੇ ਲੇਖਾਂ, ਬਿਆਨਾਂ ਅਤੇ ਟਿੱਪਣੀਆਂ ਦਾ ਇੱਕ ਛੋਟਾ ਜਿਹਾ ਸੰਗ੍ਰਹਿ ਛਾਪਕੇ ਉਨਾਂ ਦੁਆਰਾ ਮਾਰਕਸਵਾਦ ਨੂੰ ਸਵੀਕਾਰ ਕਰਨ ਅਤੇ ਉਸਦਾ ਡੂੰਘਾਈ ਨਾਲ਼ ਅਧਿਐਨ ਕਰਨ ਦੇ ਤੱਥਾਂ ਨੂੰ ਸਾਹਮਣੇ ਲਿਆਂਦਾ। ਹੁਣ ਹੋਲ਼ੀ-ਹੋਲ਼ੀ ਸਿਰਫ ‘ਇੱਕ ਵੀਰ ਇਨਕਲਾਬੀ’ ਤੋਂ ਵੱਖ ਭਗਤ ਸਿੰਘ ਦੀ ਪਹਿਚਾਣ ਇੱਕ ਵਿਦਵਾਨ, ਨੌਜਵਾਨ ਇਨਕਲਾਬੀ ਵਿਚਾਰਕ ਦੇ ਰੂਪ ਵਿੱਚ ਬਣਨ ਲੱਗੀ ਸੀ। ਜਦੋਂ ਇਤਿਹਾਸਕਾਰ ਬਿਪਿਨ ਚੰਦਰਾ ਨੇ ਅੱਠਵੇਂ ਦਹਾਕੇ ਦੇ ਅੰਤਿਮ ਵਰ੍ਹਿਆਂ ’ਚ ਭਗਤ ਸਿੰਘ ਦਾ ਉਦੋਂ ਤੱਕ ਸਾਹਮਣੇ ਨਾ ਆਉਣ ਵਾਲ਼ਾ ਨਿਬੰਧ ‘ਮੈਂ ਨਾਸਤਿਕ ਕਿਉਂ ਹਾਂ?’ ਆਪਣੀ ਭੂਮਿਕਾ ਦੇ ਨਾਲ਼ ਪ੍ਰਕਾਸ਼ਿਤ ਕੀਤਾ ਤਾਂ ਉਨ੍ਹਾਂ ਦੀ ਗੰਭੀਰ ਅਤੇ ਪੱਕੀ ਭੌਤਿਕਵਾਦੀ ਸੋਚ ਦੇ ਨਵੇਂ ਪਹਿਲੂ ਅਤੇ ਨਵੀਂ ਡੂੰਘਾਈ ਦੀ ਜਾਣਕਾਰੀ ਲੋਕਾਂ ਨੂੰ ਪਹਿਲੀ ਵਾਰ ਮਿਲੀ। ਭਗਤ ਸਿੰਘ ਦਾ ਇੱਕ ਹੋਰ ਲੇਖ ‘ਡਰੀਮਲੈਂਡ ਦੀ ਭੂਮੀਕਾ’ ਪਹਿਲਾਂ ਹੀ ਵਰਿੰਦਰ ਸੰਧੂ ਦੁਆਰਾ ਸੰਪਾਦਿਤ ਪੁਸਤਕ ਵਿੱਚ ਛਪ ਚੁੱਕਾ ਸੀ, ਪਰ ‘ਮੈਂ ਨਾਸਤਕ ਕਿਉਂ ਹਾਂ?’ ਦੇ ਨਾਲ਼ ਇਹ ਲੇਖ ਦੁਬਾਰਾ ਬਿਪਿਨ ਚੰਦਰਾ ਦੀ ਪਹਿਚਾਣ ਟਿੱਪਣੀ ਨਾਲ਼ ਪ੍ਰਕਾਸ਼ਿਤ ਹੋਇਆ ਤਾਂ ਵਿਸ਼ੇਸ਼ ਤੌਰ ’ਤੇ ਇਤਿਹਾਸ ਅਤੇ ਸਾਹਿਤ ਦੇ ਪਾਠਕਾਂ ਦਾ ਧਿਆਨ ਭਗਤ ਸਿੰਘ ਦੀ ਤੇਜ਼ ਅਲੋਚਨਾਤਮਕ ਦਿ੍ਰਸ਼ਟੀ ਅਤੇ ਉਸ ਵਿਚਲੀ ਦਵੰਦਾਤਮਕਤਾ ਵੱਲ ਕੇਂਦਰਿਤ ਹੋਇਆ। ਇਨਾਂ ਦੋ ਲੇਖਾਂ ਨੇ ਸਪੱਸ਼ਟ ਕਰ ਦਿੱਤਾ ਕਿ ਆਪਣੇ ਛੋਟੇ ਜਿਹੇ ਜੀਵਨ ਦੇ ਆਖਰੀ ਵਰ੍ਹਿਆਂ ਦੇ ਦੌਰਾਨ ਭਗਤ ਸਿੰਘ ਦੀ ਵਿਗਿਆਨਕ ਸਮਾਜਵਾਦ ਪ੍ਰਤੀ ਜੋ ਪ੍ਰਤੀਬੱਧਤਾ ਵਿਕਸਿਤ ਹੋਈ ਸੀ, ਉਹ ਕੇਵਲ ਭਾਵਨਾਤਮਕ ਜਾਂ ਅਨੁਭਵਵਾਦੀ ਨਹੀਂ ਸੀ, ਬਲਕਿ ਉਸਦੇ ਪਿੱਛੇ ਡੂੰਘੇ ਆਧਿਐਨ ਤੋਂ ਪੈਦਾ ਹੋਈ ਅਤੇ ਨਿਰਤੰਰ ਵਿਕਾਸਸ਼ੀਲ ਵਿਚਾਰਕ ਸੂਝ ਮੌਜੂਦ ਸੀ। ਬਿਪਨ ਚੰਦਰਾ ਤੋਂ ਇਲਾਵਾ ਸੁਮੀਤ ਸਰਕਾਰ, ਇਰਫਾਨ ਹਬੀਬ ਅਤੇ ਹਰਬੰਸ ਮੁਖੀਆ ਆਦਿ ਕਈ ਮੰਨੇ-ਪ੍ਰਮੰਨੇ ਇਤਿਹਾਸਕਾਰਾਂ ਨੇ ਅਤੇ ਖੱਬੀ ਇਨਕਲਾਬੀ ਧਾਰਾ ਨਾਲ਼ ਜੁੜੇ ਕਈ ਬੁੱਧੀਜੀਵੀਆਂ ਨੇ ਭਗਤ ਸਿੰਘ ਦੇ ਵਿਚਾਰਕ ਪੱਖ ਨੂੰ ਸਾਹਮਣੇ ਲਿਆਂਦਾ।
ਬੀਤੀ ਸਦੀ ਦੇ ਆਖਰੀ ਦੋ ਦਹਾਕਿਆਂ ’ਚ ਭਗਤ ਸਿੰਘ ਅਤੇ ਉਨ੍ਹਾਂ ਦੀ ਪੀੜ੍ਹੀ ਦੇ ਭਗਵਤੀ ਚਰਨ ਵੋਹਰਾ, ਸੁਖਦੇਵ, ਵਿਜੈ ਕੁਮਾਰ ਸਿਨਹਾ, ਬਟੁਕੇਸ਼ਵਰ ਦੱਤ ਵਰਗੇ ਹੋਰ ਇਨਕਲਾਬੀਆਂ ਦੀ, ਇਨਕਲਾਬੀ ਲਹਿਰ ਦੇ ਵਿਚਾਰਕ ਵਿਕਾਸ ’ਚ ਭੂਮਿਕਾ ਅਤੇ ਉਸਦੇ ਇਤਿਹਾਸਕ ਮਹੱਤਵ ਨੂੰ ਦਰਸਾਉਣ ਵਾਲੇ ਮਹੱਤਵਪੂਰਨ ਖੋਜ-ਪੱਤਰਾਂ, ਜੀਵਨੀਆਂ ਅਤੇ ਉਦੋਂ ਤੱਕ ਉਪਲੱਬਧ ਨਾ ਹੋਣ ਵਾਲੇ ਦਸਤਾਵੇਜਾਂ ਦਾ ਵੱਡੇ ਪੱਧਰ ’ਤੇ ਪ੍ਰਕਾਸ਼ਨ ਹੋਇਆ। ‘ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ’ ਨਾਲ ਜੁੜੇ-ਮੁੱਖ ਇਨਕਲਾਬੀ ਮਨਮੱਥ ਨਾਥ ਗੁਪਤਾ (ਜੋ ਇਨਕਲਾਬੀ ਲਹਿਰ ਦੇ ਇਤਿਹਾਸ ’ਤੇ ਪਹਿਲਾਂ ਵੀ ਕਈ ਮਹੱਤਵਪੂਰਨ ਕਿਤਾਬਾਂ ਲਿਖ ਚੁੱਕੇ ਸਨ) ਦੀ ਕਿਤਾਬ ‘ਭਗਤ ਸਿੰਘ ਐਂਡ ਹਿਜ਼ ਟਾਇਮਜ਼’ ਨੌਵੇਂ ਦਹਾਕੇ ਦੇ ਪਹਿਲੇ ਵਰ੍ਹਿਆਂ ’ਚ ਪ੍ਰਕਾਸ਼ਿਤ ਹੋਈ। ਫਿਰ ਇਸ ਦਿਸ਼ਾ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਹੋਇਆ, ਤੇ ਉਹ ਸੀ ਜਗਮੋਹਣ ਸਿੰਘ ਅਤੇ ਚਮਨ ਲਾਲ ਦੁਆਰਾ ਸੰਪਾਦਿਤ ‘ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਦਸਤਾਵੇਜ’ ਦਾ 1986 ਵਿੱਚ ਪ੍ਰਕਾਸ਼ਨ, ਜਿਸ ਵਿੱਚ ਕੁੱਲ 105 ਦਸਤਾਵੇਜ ਸ਼ਾਮਿਲ ਸਨ। ਫਿਰ 1986 ’ਚ ਅੰਗ੍ਰੇਜੀ ਅਤੇ 1987 ’ਚ ਹਿੰਦੀ ਵਿੱਚ ਭਗਤ ਸਿੰਘ ਦੇ ਇਨਕਲਾਬੀ ਸਾਥੀ ਸ਼ਿਵ ਵਰਮਾ ਦੇ ਸੰਪਾਦਨ ਤਹਿਤ ਭਗਤ ਸਿੰਘ ਦੀਆਂ ਚੋਣਵੀਆਂ ਰਚਨਾਵਾਂ ਦਾ ਇੱਕ ਹੋਰ ਸੰਗ੍ਰਹਿ ਪ੍ਰਕਾਸ਼ਿਤ ਹੋਇਆ। ਜਿਸ ਵਿੱਚ 28 ਦਸਤਾਵੇਜ਼ ਭਗਤ ਸਿੰਘ ਦੇ ਨਾਂ ਨਾਲ ਅਤੇ ਪੂਰਕ ਦੇ ਰੂਪ ਵਿੱਚ ਬਾਕੀ ਸਾਥੀਆਂ ਦੇ ਕੁਝ ਦਸਤਾਵੇਜ਼ ਅਤੇ ਕੁਝ ਸਰਕਾਰੀ ਦਸਤਾਵੇਜ਼ (ਕੁੱਲ 10) ਸ਼ਾਮਿਲ ਸਨ। ਜਗਮੋਹਣ ਸਿੰਘ ਅਤੇ ਚਮਨ ਲਾਲ ਦੁਆਰਾ ਸੰਪਾਦਿਤ 1986 ਵਿੱਚ ਛਪੇ ਦਸਤਾਵੇਜ ਸੰਗ੍ਰਹਿ ਵਿੱਚ ਕੁਲ 105 ਦਸਤਾਵੇਜ ਸ਼ਾਮਿਲ ਸਨ, ਜਿਨਾਂ ਵਿੱਚ 72 ਭਗਤ ਸਿੰਘ ਦੇ ਅਤੇ ਬਾਕੀ 33 ਭਗਵਤੀਚਰਨ ਵੋਹਰਾ, ਸੁਖਦੇਵ, ਬਟੁਕੇਸ਼ਵਰ ਦੱਤ, ਮਹਾਂਵੀਰ ਸਿੰਘ ਆਦਿ ਸਾਥੀਆਂ ਦੇ ਲਿਖੇ ਹੋਏ ਹਨ। ‘ਬੰਬ ਦਾ ਫਲਸਫਾ’ ਲੇਖ ਦੀ ਰੂਪ ਰੇਖਾ ਭਗਤ ਸਿੰਘ ਨੇ ਜੇਲ੍ਹ ’ਚੋਂ ਲਿਖ ਕੇ ਬਾਹਰ ਭਿਜਵਾਈ ਸੀ ਜਿਸਨੂੰ ਛਾਪਣ ਤੋਂ ਪਹਿਲਾਂ ਅਤਿੰਮ ਰੂਪ ਭਗਵਤੀ ਚਰਨ ਵੋਹਰਾ ਨੇ ਦਿੱਤਾ। ਜ਼ਿਕਰ ਯੋਗ ਹੈ ਕਿ ਇਹ ਲੇਖ ਗਾਂਧੀ ਦੇ ਲੇਖ ‘ਕਲਟ ਆਫ਼ ਦੀ ਬੰਬ’ ਦੇ ਉਤਰ ਵਿੱਚ ਲਿਖਿਆ ਗਿਆ ਸੀ।
‘ਭਗਤ ਸਿੰਘ ਅਤੇ ਸਾਥੀਆਂ ਦੇ ਦਸਤਾਵੇਜ਼’ ਦੇ ਪ੍ਰਕਾਸ਼ਨ ਤੋਂ ਇਲਾਵਾ, ਭਗਤ ਸਿੰਘ ਦੀ ਦੁਰਲੱਭ ਜੇਲ੍ਹ ਡਾਇਰੀ ਦਾ ਪ੍ਰਕਾਸ਼ਨ ਪਿਛਲੀ ਸਦੀ ਦੇ ਅਤਿੰਮ ਦੋ ਦਹਾਕਿਆਂ ਦੇ ਦੌਰਾਨ ਇੱਕ ਅਹਿਮ ਘਟਨਾ ਸੀ। ਇਸ ਬਹੁਮੁੱਲੀ ਅਤੇ ਇਤਿਹਾਸ ਦੇ ਵਿਦਵਾਨਾਂ ਤੋਂ ਵੀ ਉਹਲੇ ਰਹੀ ਡਾਇਰੀ ਦਾ ਸਭ ਤੋਂ ਪਹਿਲਾਂ ਪ੍ਰਕਾਸ਼ਨ ਭੁਪਿੰਦਰ ਹੂਜਾ ਨੇ 1991 ਵਿੱਚ ਆਪਣੀ ਪੱਤਿ੍ਰਕਾ ‘ਇੰਡੀਅਨ ਬੁੱਕ ਕ੍ਰਾਨੀਕਲ’ ਵਿੱਚ ਕਿਸ਼ਤਾਂ ਦੇ ਰੂਪ ਵਿੱਚ ਸ਼ੁਰੂ ਕੀਤਾ ਅਤੇ ਫਿਰ 1994 ਵਿੱਚ ਇਸਦੀ (ਅੰਗ੍ਰੇਜੀ ਵਿੱਚ) ਪੁਸਤਕ ਛਪੀ। ਫਿਰ ਅਪ੍ਰੈਲ 1999 ਵਿੱਚ ਇਸਦਾ ਹਿੰਦੀ ਅਨੁਵਾਦ (ਅਨੁਵਾਦਕ ਵਿਸ਼ਵਨਾਥ ਮਿਸ਼ਰਾ ਅਤੇ ਸੰਪਾਦਕ ਸੱਤਿਅਮ ਵਰਮਾ) ਨਵੀਂ ਭੂਮਿਕਾ ਅਤੇ ਪੁਸਤਕ ਸੰਬੰਧੀ ਨਵੇਂ ਖੋਜ ਤੱਥਾਂ ਸਹਿਤ ਲਿਖੇ ਗਏ ਦੋ ਲੇਖਾਂ (ਅਲੋਕ ਰੰਜਨ ਅਤੇ ਐਲ.ਵੀ. ਮਿਤ੍ਰੋਖਿਨ) ਦੇ ਨਾਲ਼ ਅਤੇ ਨਵੇਂ ਪ੍ਰਸੰਗਾਂ ਸਹਿਤ, ਪਰਿਕਲਪਨਾ ਪ੍ਰਕਾਸ਼ਨ, ਲਖਨਊ ਤੋਂ (ਹੁਣ ਇਸ ਪੁਸਤਕ ਦਾ ਨਵਾਂ ਹਿੰਦੀ ਸੰਸਕਰਣ ਰਾਹੁਲ ਫਾਉਂਡੇਸ਼ਨ ਤੋਂ ਪ੍ਰਾਕਸ਼ਿਤ ਹੋਇਆ ਹੈ) ਪ੍ਰਕਾਸ਼ਤ ਹੋਇਆ। (ਪੰਜਾਬੀ ਵਿੱਚ ਇਸਨੂੰ ਤਰਕਭਾਰਤੀ ਪ੍ਰਕਾਸ਼ਨ ਬਰਨਾਲ਼ਾ ਵੱਲੋਂ ਛਾਪਿਆ ਗਿਆ ਹੈ) ਇਸ ਪੁਸਤਕ ਦੇ ਇਸ ਹਿੰਦੀ ਸੰਸਕਰਣ ਨੂੰ ਅਸੀਂ ਇਨ੍ਹਾਂ ਦੋਨਾਂ ਲੇਖਾਂ ਦੇ ਨਾਲ ਇਸ ਸੰਗ੍ਰਹਿ ’ਚ ਵੀ ਸ਼ਾਮਿਲ ਕਰ ਰਹੇ ਹਾਂ। ਅਲੋਕ ਰੰਜਨ ਦੇ ਲੇਖ ਤੋਂ ਪਾਠਕਾਂ ਨੂੰ ਭਗਤ ਸਿੰਘ ਦੀ ਜੇਲ ਡਾਇਰੀ ਦੇ ਪ੍ਰਕਾਸ਼ਿਤ ਹੋਣ ਦੀ ਪੂਰੀ ਕਹਾਣੀ ਦਾ ਪਤਾ ਲੱਗ ਜਾਵੇਗਾ। ਪਹਿਲੀ ਵਾਰ ਇਸ ਡਾਇਰੀ ਦੀ ਚਰਚਾ ਜੀ. ਦੇਵਲ ਨੇ 1968 ਵਿੱਚ ‘ਪੀਪਲਜ਼ ਪਾਥ’ ਨਾਮਕ ਪੱਤਿ੍ਰਕਾ ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੱਚ ਕੀਤੀ ਸੀ ਇਸਨੂੰ ਉਹਨਾਂ ਨੇ ਫਰੀਦਾਬਾਦ ’ਚ ਰਹਿ ਰਹੇ ਭਗਤ ਸਿੰਘ ਦੇ ਛੋਟੇ ਭਰਾ ਕੁਲਬੀਰ ਸਿੰਘ ਕੋਲ਼ ਦੇਖਿਆ ਸੀ ਅਤੇ ਪੜ੍ਹ ਕੇ ਮਹੱਤਵਪੂਰਨ ਨੋਟਸ ਵੀ ਲਏ ਸਨ। ਦੁਬਾਰਾ 1977 ਵਿੱਚ ਰੂਸੀ ਵਿਦਵਾਨ ਐਲ.ਵੀ. ਮਿਤ੍ਰੋਖਿਨ ਭਾਰਤ ਆਏ ਅਤੇ ਕੁਲਬੀਰ ਸਿੰਘ ਕੋਲ ਪਈ ਜੇਲ੍ਹ ਡਾਇਰੀ ਬਾਰੇ ਇੱਕ ਲੇਖ ਲਿਖਿਆ ਜੋ ਉਨ੍ਹਾਂ ਦੀ ਕਿਤਾਬ ‘ਲੈਨਿਨ ਐਂਡ ਇੰਡੀਆ’ ਦਾ ਇੱਕ ਹਿੱਸਾ ਬਣਿਆ। ਜ਼ਰੂਰ ਹੀ ਅੱਠਵੇਂ ਦਹਾਕੇ ਦੇ ਅੰਤ ਵਿੱਚ ਕਿਤੇ ਜੇਲ ਨੋਟਬੁਕ ਦੀ ਇੱਕ ਫੋਟੋ ਕਾਪੀ ਕੁਲਬੀਰ ਸਿੰਘ ਦੇ ਪਰਿਵਾਰ ਨੇ ਦਿੱਲੀ ਦੀ ਨਹਿਰੂ ਮੈਮੋਰੀਅਲ ਮਿਊਜ਼ੀਅਮ ਲਾਇਬੇ੍ਰਰੀ ਨੂੰ ਪ੍ਰਕਾਸ਼ਨ ਨਾ ਕਰਨ ਦੀ ਸ਼ਰਤ ਨਾਲ਼ ਦਿੱਤੀ। 1979 ਦੇ ਬਾਅਦ ਇਤਿਹਾਸ ਦੇ ਕਈ ਖੋਜੀਆਂ ਨੇ ਇਸਨੂੰ ਉਥੇ ਦੇਖਿਆ ਅਤੇ ਪੜ੍ਹਿਆ।
1986 ਵਿੱਚ ਪ੍ਰਕਾਸ਼ਿਤ ‘ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਦਸਤਾਵੇਜ਼’ ਦੇ ਦੂਜੇ ਸੰਸਕਰਣ ਦੀ ਭੂਮਿਕਾ ਵਿੱਚ ਜਗਮੋਹਣ ਸਿੰਘ ਅਤੇ ਚਮਨ ਲਾਲ ਨੇ ਵੀ ਇਸਦਾ ਜ਼ਿਕਰ ਕੀਤਾ ਹੈ। ਇਸੇ ਜੇਲ੍ਹ ਨੋਟਬੁਕ ਦੀ ਇੱਕ ਫੋਟੋ ਕਾਪੀ ਡਾ. ਪ੍ਰਕਾਸ਼ ਚਤੁਰਵੇਦੀ ਮਾਸਕੋ ਅਭਿਲੇਖਾਗਾਰ ਤੋਂ ਨਕਲ ਕਰਵਾ ਕੇ ਲਿਆਏ ਸਨ। ਨੋਟਬੁਕ ਦੀ ਜਿਸ ਨਕਲ ਨੂੰ ਭੁਪਿੰਦਰ ਹੂਜਾ ਨੇ ਪਹਿਲੀ ਵਾਰ 1991 ਵਿੱਚ ਪ੍ਰਕਾਸ਼ਿਤ ਕੀਤਾ, ਉਹ ਗੁਰੂਕੁਲ ਕਾਂਗੜੀ ਦੇ ਤੱਤਕਾਲੀਨ ਕੁਲਪਤੀ ਜੀ. ਬੀ. ਕੁਮਾਰ ਹੂਜਾ ਨੂੰ 1981 ਵਿੱਚ ਸੰਸਥਾ ਦੇ ਮੁੱਖੀ ਸਵਾਮੀ ਸ਼ਕਤੀਵੇਸ਼ ਤੋਂ ਪ੍ਰਾਪਤ ਹੋਈ ਸੀ ਇਸ ਨੋਟਬੁਕ ਦੀਆਂ ਹੁਣ ਤੱਕ ਪ੍ਰਾਪਤ ਸਾਰੀਆਂ ਨਕਲਾਂ ਇੱਕ ਦੂਜੇ ਨਾਲ਼ ਪੂਰੀ ਤਰਾਂ ਮੇਲ ਖਾਂਦੀਆਂ ਹਨ, ਜਿਨਾਂ ਤੋਂ ਇਸਦੀ ਪ੍ਰਮਾਣਿਕਤਾ ਸਿੱਧ ਹੁੰਦੀ ਹੈ। ‘ਪਰਿਕਲਪਨਾ ਪ੍ਰਕਾਸ਼ਨ’ ਤੋਂ ਪ੍ਰਕਾਸ਼ਿਤ ਭਗਤ ਸਿੰਘ ਦੀ ਜੇਲ੍ਹ ਨੋਟਬੁਕ ਦੇ ਹਿੰਦੀ ਅਨੁਵਾਦ ਦਾ ਪਹਿਲਾ ਸੰਸਕਰਣ ਹੁਣ ਤੱਕ ਛੇ ਵਾਰ ਦੁਬਾਰਾ ਛਪ ਚੁੱਕਾ ਹੈ, ਅਤੇ ਘੱਟੋ-ਘੱਟੋ ਅਨੁਮਾਨ ਲਗਾਈਏ ਤਾਂ ਵੀ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਹ ਹਜ਼ਾਰ ਤੋਂ ਵੱਧ ਪਾਠਕਾਂ ਤੱਕ ਇਹ ਪੁਸਤਕ ਪਹੁੰਚ ਚੁੱਕੀ ਹੈ।
ਇਸ ਮਹੱਤਵਪੂਰਨ ਦਸਤਾਵੇਜ਼ ਤੋਂ ਇਲਾਵਾ ਪਿਛਲੀ ਸਦੀ ਦੇ ਅਖੀਰਲੇ ਦਹਾਕੇ ਵਿੱਚ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ’ਤੇ ਕਾਫ਼ੀ ਕੁੱਝ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਹੰਸਰਾਜ ਰਹਿਬਰ ਅਤੇ ਵਿਸ਼ਨੂੰ ਪ੍ਰਭਾਕਰ ਦੁਆਰਾ ਲਿਖੀਆਂ ਦੋ ਜੀਵਨੀਆਂ ਵੀ ਸ਼ਾਮਿਲ ਹਨ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਚੌਣਵੇਂ ਤੇਰ੍ਹਾਂ ਦਸਤਾਵੇਜਾਂ ਅਤੇ ਉਨ੍ਹਾਂ ਦੀਆਂ ਦੀਆਂ ਚਿੱਠੀਆਂ-ਪਰਚਿਆਂ ਦੇ ਕੁਝ ਅੰਸ਼ਾਂ ਦਾ ਸੰਗ੍ਰਹਿ 1998 ’ਚ ਪਰਿਕਲਪਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਹੋਇਆ, ਜਿਸਦੇ ਹੁਣ ਤੱਕ ਪੰਜ ਸੰਸਕਰਣ ਆ ਚੁੱਕੇ ਹਨ। ਅਜਿਹੇ ਪ੍ਰਕਾਸ਼ਨਾਂ ਦਾ ਸਿਲਸਿਲਾ ਨਵੀਂ ਸਦੀ ਵਿੱਚ ਵੀ ਜਾਰੀ ਹੈ। ਪਿੱਛੇ ਜਿਹੇ ਹੀ ਅਜਿਹੀਆਂ ਦੋ ਮਹੱਤਵਪੂਰਨ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਪਹਿਲੀ ਕੁਲਦੀਪ ਨਈਅਰ ਦੀ ਪੁਸਤਕ “martyr bhagat singh” experiments in revolution ਅਤੇ ਦੂਜੀ ਏ. ਜੀ. ਨੂਰਾਨੀ ਦੀ ਪੁਸਤਕ“ the trial of bhagat singh । ਸੰਦਰਭ-ਸਰੋਤਾਂ ਅਤੇ ਵਿਆਖਿਆ ਪੱਖੋਂ ਕੁਲਦੀਪ ਨਈਅਰ ਦੀ ਪੁਸਤਕ ਵਿੱਚ ਤਾਂ ਕੋਈ ਨਵੀਂ ਗੱਲ ਨਹੀਂ ਹੈ, ਪਰ ਸਰਕਾਰੀ ਦਸਤਾਵੇਜਾਂ ਦੀ ਵਿਸਥਾਰ ਨਾਲ਼ ਗਹਿਰੀ ਖੋਜਬੀਨ ਏ. ਜੀ. ਨੂਰਾਨੀ ਦੀ ਪੁਸਤਕ ’ਚੋਂ ਸਾਫ਼ ਝਲਕਦੀ ਹੈ। ਨਾਲੇ ਆਪਣੇ ਵਿਸ਼ੇ ਦੀ ਸਪੱਸ਼ਟਤਾ ਦੇ ਕਾਰਣ ਵੀ ਇਹ ਪੁਸਤਕ ਵਿਸ਼ੇਸ਼ ਰੂਪ ਵਿੱਚ ਮਹੱਤਵਪੂਰਨ ਹੈ।
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਰਾਜਨੀਤਿਕ ਸਰਗਰਮੀਆਂ ਤੋਂ ਇਲਾਵਾ ਉਨ੍ਹਾਂ ਦੇ ਵਿਚਾਰਕ ਪੱਖ ਬਾਰੇ ਪਿਛਲੇ ਪੱਚੀ ਸਾਲਾਂ ਦੌਰਾਨ ਇੰਨਾ ਕੁਝ ਪ੍ਰਕਾਸ਼ਿਤ ਹੋਣ ਦੇ ਬਾਵਜੂਦ, ਹੁਣ ਵੀ ਭਗਤ ਸਿੰਘ ’ਤੇ ਸਾਡਾ ਇੰਨਾ ਜ਼ੋਰ ਕਿਉਂ? ਇਤਿਹਾਸ ਦੇ ਉਨ੍ਹਾਂ ਮੰਨੇ-ਪ੍ਰਮੰਨੇ ਵਿਦਵਾਨ ਸ਼੍ਰੀਮਾਨ ਦੇ ਸਵਾਲ ’ਤੇ ਅਸੀਂ ਵਾਪਸ ਆਉਂਦੇ ਹਾਂ, ਜਿੱਥੋਂ ਅਸੀਂ ਆਪਣੀ ਗੱਲ ਸ਼ੁਰੂ ਕੀਤੀ ਸੀ। ਸਾਡੀ ਇਹ ਸਪੱਸ਼ਟ ਤੇ ਪੱਕੀ ਸੋਚ ਹੈ ਕਿ ਹਿੰਦੀ, ਅੰਗ੍ਰਜ਼ੀ, ਪੰਜਾਬੀ ਤੇ ਹੋਰ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਮਿਲਾਕੇ, ਸਾਰੀਆਂ ਪੁਸਤਕਾਂ ਅਤੇ ਲੇਖਾਂ ਦੇ ਬਾਵਜੂਦ, ਹਾਲੇ ਭਾਰਤ ਦੇ ਸਾਰੇ ਪੜ੍ਹੇ-ਲਿਖੇ ਨਾਗਰਿਕਾਂ ਵਿੱਚੋਂ ਕੁਝ ਲੱਖ ਵੀ ਅਜਿਹੇ ਲੋਕ ਸ਼ਾਇਦ ਮੁਸ਼ਕਿਲ ਨਾਲ਼ ਹੀ ਮਿਲਣਗੇ, ਜੋ ਫਾਂਸੀ ਦੇ ਤਖ਼ਤੇ ’ਤੇ ਖੁਸ਼ੀ-ਖੁਸ਼ੀ ਚੜ੍ਹਨ ਵਾਲੇ ਬਹਾਦਰ ਨੌਜਵਾਨ ਇਨਕਲਾਬੀ ਦੀ ਦਿੱਖ ਤੋਂ ਅਲੱਗ, ਉਸ ਪ੍ਰਤਿਭਾਸ਼ਾਲੀ ਨੌਜਵਾਨ ਦੀ ਯੁੱਗ-ਬਦਲਾਊ ਮਹਾਨ ਸੋਚ ਤੋਂ ਜਾਣੂ ਹੋਣ। ਸਾਡੇ ਦੇਸ਼ ਵਿੱਚ ਇਤਿਹਾਸ ਦੇ ਖੋਜ-ਗ੍ਰੰਥ ਅਤੇ ਖੋਜ ਪੱਤਰ ਵਿਸ਼ਵਵਿਦਿਆਲਿਆਂ ਦੇ ਖੋਜ ਸੰਸਥਾਨਾਂ ਦੀਆਂ ਲਾਇਬ੍ਰੇਰੀਆਂ ਵਿੱਚ ਬੰਦ ਰਹਿਣ ਅਤੇ ਉਨਾਂ ਵਿਦਵਾਨਾਂ ਦੇ ਅਧਿਐਨ ਲਈ ਹੁੰਦੇ ਹਨ, ਜਿਨ੍ਹਾਂ ਦਾ ਕੋਈ ਸਮਾਜਿਕ ਸਰੋਕਾਰ ਨਹੀਂ ਹੁੰਦਾ ਅਤੇ ਜੋ ਕੇਵਲ ਆਪਣੇ ਕੈਰੀਅਰ ਅਤੇ ਮਾਣ-ਸਨਮਾਨ ਨੂੰ ਹੀ ਸਮਰਪਿਤ ਹੁੰਦੇ ਹਨ। ਅਜਿਹੇ ਵਿਸ਼ਿਆਂ ’ਤੇ ਆਮ ਪਾਠਕਾਂ ਲਈ ਲਿਖੀਆਂ ਗਈਆਂ ਕਿਤਾਬਾਂ, ਜੀਵਨੀਆਂ, ਯਾਦ-ਪੱਤਰਾਂ ਅਤੇ ਲੇਖਾਂ ਦੀ ਪਹੁੰਚ ਵੀ ਅਸਲ ਵਿੱਚ ਬਹੁਤ ਹੀ ਸੀਮਿਤ ਲੋਕਾਂ ਤੱਕ ਹੁੰਦੀ ਹੈ। ਇਸਦੇ ਕਈ ਕਾਰਨ ਹਨ। ਜ਼ਿਆਦਾਤਰ ਪ੍ਰਕਾਸ਼ਕਾਂ ਦਾ ਇੱਕੋ-ਇੱਕ ਜਾਂ ਪ੍ਰਮੁੱਖ ਉਦੇਸ਼ ਲਾਇਬ੍ਰੇਰੀਆਂ ਭਰਕੇ ਪੈਸਾ ਕਮਾਉਣਾ ਹੁੰਦਾ ਹੈ। ਨਾ ਤਾਂ ਉਨ੍ਹਾਂ ਦੇ ਪ੍ਰਕਾਸ਼ਨਾਂ ਦੀ ਕੀਮਤ ਪਾਠਕਾਂ ਦੀ ਜੇਬ ਦੇ ਅਨੁਕੂਲ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਆਮ ਜਨਤਾ ਤੱਕ ਇਹ ਸਮੱਗਰੀ ਪਹੁੰਚਾਉਣ ਦਾ ਕੋਈ ਮਜ਼ਬੂਤ ਨੈਟਵਰਕ ਹੁੰਦਾ ਹੈ। ਪੂੰਜੀਵਾਦੀ ਪ੍ਰਕਾਸ਼ਕਾਂ ਤੋਂ ਇਲਾਵਾ ਪੂੰਜੀਵਾਦੀ ਪੱਤਰਾਂ-ਪੱਤਿ੍ਰਕਾਵਾਂ ਦੀ ਵੀ ਅੱਜ ਜੋ ਰੂਪ-ਰੇਖਾ ਹੈ, ਉਸਨੂੰ ਦੇਖਦੇ ਹੋਏ ਇਹ ਸੰਭਵ ਨਹੀਂ ਕਿ ਉਨ੍ਹਾਂ ਰਾਹੀਂ ਭਗਤ ਸਿੰਘ ਦੇ ਵਿਚਾਰਾਂ ਦਾ ਅਸਲੀ ਰੂਪ ਆਮ ਲੋਕਾਂ ਤੱਕ ਪਹੁੰਚ ਸਕੇ। ਸੱਚ ਤਾਂ ਇਹ ਹੈ ਕਿ ਪੂੰਜੀ-ਕੇਂਦਰਿਤ ਪ੍ਰਕਾਸ਼ਨ-ਤੰਤਰ ਜਾਂ ਵਿਅਕਤੀਗਤ ਸਾਧਨਾਂ ਦੁਆਰਾ ਇਹ ਸੰਭਵ ਹੀ ਨਹੀਂ ਹੈ। ਇਨਕਲਾਬੀ ਵਿਚਾਰਾਂ ਦੀ ਇਤਿਹਾਸਿਕ ਵਿਰਾਸਤ ਅਤੇ ਨਵੇਂ-ਨਵੇਂ ਆਯਾਮਾਂ ਨੂੰ ਵਿਸ਼ਾਲ ਲੋਕਾਈ ਦੇ ਵੱਖ-ਵੱਖ ਹਿੱਸਿਆਂ ਤੱਕ ਵੱਖ-ਵੱਖ ਰੂਪਾਂ ਵਿੱਚ ਪਹੁੰਚਾਉਣ ਦਾ ਕੰਮ ਬਦਲਵੇਂ ਲੋਕ-ਮੀਡੀਆ ਰਾਹੀਂ, ਇੱਕ ਅਜਿਹੇ ਇਨਕਲਾਬੀ ਪ੍ਰਕਾਸ਼ਨ-ਤੰਤਰ ਦੁਆਰਾ ਹੀ ਸੰਭਵ ਹੈ ਜੋ ਲਾਭ-ਲਾਲਚ ਦੇ ਉਦੇਸ਼ ਜਾਂ ਪੂੰਜੀ ਅਤੇ ਸੱਤਾ ਦੀ ਸੇਵਾ ਨਾਲ ਨਹੀਂ, ਸਗੋਂ ਇਨਕਲਾਬੀ ਤਬਦੀਲੀ ਦੇ ਉਦੇਸ਼ ਤੋਂ ਨਿਰਦੇਸ਼ਿਤ ਅਤੇ ਲੋਕ ਹਿੱਤਾਂ ਨਾਲ ਸੰਚਾਲਿਤ ਹੋਵੇ, ਜਿਸਦੇ ਪਿੱਛੇ ਲੋਕਾਂ ਦੀ ਇਨਕਲਾਬੀ ਸ਼ਕਤੀ ਅਤੇ ਸਮਰਥਨ ਦਾ ਅਧਾਰ ਹੋਵੇ। ਕੌਮੀ ਲਹਿਰ ਦੇ ਸਮੇਂ ਦੀ ਪੱਤਰਕਾਰਿਤਾ ਅਤੇ ਪ੍ਰਕਾਸ਼ਨ ਦੇ ਇਤਿਹਾਸ ਦਾ ਜੇ ਅਧਿਐਨ ਕਰੀਏ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ। ਆਪਣੇ ਤਜਰਬੇ ਦੀ ਨਿਮਰਤਾਪੂਰਵਕ ਚਰਚਾ ਕਰਦੇ ਹੋਏ ਅਸੀਂ ਕਹਿਣਾ ਚਾਹਾਂਗੇ ਕਿ ਭਗਤ ਸਿੰਘ, ਰਾਹੁਲ ਸਾਂਕਰਤਾਯਨ, ਗਣੇਸ਼ ਸੰਕਰ ਵਿਦਿਆਰਥੀ ਆਦਿ ਤੋਂ ਲੈ ਕੇ ਇਨਕਲਾਬੀ ਸਾਹਿਤ ਦੀ ਵਿਸ਼ਵ ਵਿਰਾਸਤ ਤੱਕ ਦਾ ਪ੍ਰਾਕਸ਼ਨ ਕਈ ਸਰਮਾਏਦਾਰ ਪ੍ਰਕਾਸ਼ਕਾਂ ਨੇ ਕੀਤਾ, ਪਰ ਲੋਕਾਂ ਤੋਂ ਇਕੱਠੇ ਕੀਤੇ ਵਸੀਲਿਆਂ, ਕਾਰਕੁਨ-ਅਧਾਰਿਤ ਪ੍ਰਕਾਸ਼ਨ ਅਤੇ ਵੰਡ-ਤੰਤਰ ਅਤੇ ਸਮਾਜਿਕ-ਸੱਭਿਆਚਾਰਕ-ਰਾਜਨੀਤਿਕ ਕੰਮਾਂ ਦੇ ਸਮਰਥਨ-ਅਧਾਰ ਦੇ ਅਧਾਰ ’ਤੇ ਹੀ ਪੁਸਤਕਾਂ-ਕਿਤਾਬਚਿਆਂ, ਪੱਤਿ੍ਰਕਾਵਾਂ-ਪਰਚਿਆਂ ਆਦਿ ਦੇ ਰੂਪ ਵਿੱਚ, ਰਾਹੁਲ ਫਾਉਂਡੇਸ਼ਨ-ਪਰਿਕਲਪਨਾ-ਜਨਚੇਤਨਾ ਦੇ ਸਾਂਝੇ ਯਤਨਾਂ ਨੇ ਪਿਛਲੇ ਦਸ ਸਾਲਾਂ ਦੌਰਾਨ ਅਬਾਦੀ ਦੇ ਜਿੰਨੇ ਵੱਡੇ ਹਿੱਸੇ ਤੱਕ ਇਨਕਲਾਬੀ ਸਾਹਿਤ ਦੀ ਪਹੁੰਚ ਨੂੰ ਸੰਭਵ ਬਣਾਇਆ ਹੈ, ਉਹ ਕਿਸੇ ਸਰਮਾਏਦਾਰ ਪ੍ਰਕਾਸ਼ਕ ਜਾਂ ਮੁੱਠੀ ਭਰ ਅਤਿ-ਉਤਸਾਹੀ ਵਿਦਵਾਨਾਂ ਦੇ ਕਿਸੇ ਸਾਂਝੇ ਯਤਨ ਨਾਲ ਵੀ ਨਾ ਤਾਂ ਸੰਭਵ ਹੈ ਅਤੇ ਨਾ ਹੀ ਹੋ ਸਕਦਾ ਹੈ ਅਤੇ ਇਹ ਸਥਿਤੀ ਉਦੋਂ ਹੈ ਜਦਕਿ ਇਹ ਕਿਸੇ ਲਹਿਰ ਉਭਾਰ ਦਾ ਸਮਾਂ ਨਹੀਂ ਹੈ। ਲੋਕਾਂ ਸੰਘਰਸ਼ਾਂ ਦੀਆਂ ਲਹਿਰਾਂ ’ਤੇ ਸਵਾਰ ਹੋ ਕੇ ਤਾਂ ਇਹ ਧਾਰਾ ਹੋਰ ਤੇਜੀ ਨਾਲ ਅੱਗੇ ਵੱਧਦੀ ਹੈ, ਪਰ ਖੜੋਤ ਦੇ ਸਮੇਂ ਵਿੱਚ, ਇਕਦਮ ਪ੍ਰਤੀਕੂਲ ਹਾਲਤਾਂ ਵਿੱਚ, ਅਜਿਹੇ ਵਿਚਾਰਕ-ਸੱਭਿਆਚਾਰਕ ਸਾਧਨਾਂ ਦੀ ਜ਼ਰੂਰਤ ਇੱਕ ਮਹੱਤਵਪੂਰਨ ਤਿਆਰੀ ਦੇ ਰੂਪ ਵਿੱਚ ਹੁੰਦੀ ਹੈ। ਇਸੇ ਸੋਚ ਨਾਲ਼ ਆਪਣੇ ਦੇਸ਼ ਅਤੇ ਪੂਰੀ ਦੁਨੀਆ ਦੇ ਇਨਕਲਾਬੀ ਸਾਹਿਤ ਦੀ ਇਤਿਹਾਸਿਕ ਵਿਰਾਸਤ ਨੂੰ ਪੇਸ਼ ਕਰਨ ਦੀ ਲੜੀ ਵਿੱਚ ਹੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਅਸੀਂ ਵੱਡੇ ਪੱਧਰ ’ਤੇ ਜਾਗਰੂਕ ਨਾਗਰਿਕਾਂ ਅਤੇ ਅਗਾਂਹ ਵਧੂ ਨੌਜਵਾਨਾਂ ਤੱਕ ਪਹੁੰਚਾਇਆ ਹੈ ਅਤੇ ਇਸੇ ਸੋਚ ਨਾਲ਼ ਹੁਣ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਹੁਣ ਤੱਕ ਉਪਲੱਬਧ ਸਾਰੇ ਦਸਤਾਵੇਜਾਂ ਨੂੰ ਪਹਿਲੀ ਵਾਰ ਇੱਕੋ ਸੰਗ੍ਰਹਿ ਰੂਪ ਵਿੱਚ ਪ੍ਰਕਾਸ਼ਿਤ ਕਰ ਰਹੇ ਹਾਂ।
ਇਹ ਸੰਤੋਸ਼ ਇੱਕ ਸ਼ੁਤਰਮੁਰਗੀ ਹਰਕਤ ਹੋਵੇਗੀ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਚਿੰਤਨ ਅਤੇ ਉਸਦੇ ਇਤਿਹਾਸਿਕ ਮਹੱਤਵ ਤੋਂ, ਹੁਣ ਇੰਨੇ ਸਾਰੇ ਪ੍ਰਕਾਸ਼ਨਾਂ ਤੋਂ ਬਾਅਦ ਇਸ ਦੇਸ਼ ਦੇ ਲੋਕ ਜਾਣੂ ਹੋ ਚੁੱਕੇ ਹਨ। ਹੁਣ ਵੀ ਉਚ ਸਿੱਖਿਆ ਪ੍ਰਾਪਤ ਲੋਕਾਂ, ਵਿਦਵਾਨਾਂ ਅਤੇ ਸਾਹਿਤਕਾਰਾਂ ਅਤੇ ਇਤਿਹਾਸ ਦੇ ਨੌਜਵਾਨ ਵਿਦਿਆਰਥੀਆਂ ਵਿੱਚ ਕਿੰਨੇ ਅਜਿਹੇ ਮਿਲਣਗੇ ਜੋ ਇਹ ਜਾਣਦੇ ਹਨ ਕਿ ਆਪਣੇ ਜੀਵਨ ਦੇ ਆਖਰੀ ਵਰ੍ਹਿਆਂ, ਵਿਸ਼ੇਸ਼ ਕਰਕੇ ਜੇਲ੍ਹ ਜੀਵਨ ਦੌਰਾਨ ਕੀਤੇ ਗਏ ਅਧਿਐਨ ਦੇ ਬਾਅਦ ਭਗਤ ਸਿੰਘ ਸਮਾਜਵਾਦ ਪ੍ਰਤੀ ਰੂਮਾਨੀ ਪ੍ਰਤੀਬੱਧਤਾ ਤੋਂ ਅੱਗੇ ਵੱਧਕੇ ਇੱਕ ਪੂਰਨ ਮਾਰਕਸਵਾਦੀ ਬਣ ਚੁੱਕੇ ਸਨ? ਕਿੰਨੇ ਅਜਿਹੇ ਲੋਕ ਹਨ ਜੋ ਇਹ ਜਾਣਦੇ ਹਨ ਕਿ ਜੇਲ੍ਹ ਤੋਂ ਲਿਖੇ ਗਏ ਆਪਣੇ ਆਖਰੀ ਦਸਤਾਵੇਜਾਂ ਵਿੱਚ ਭਗਤ ਸਿੰਘ ਨੇ ਇਨਕਲਾਬ ਲਈ ਪੇਸ਼ੇਵਰ ਇਨਕਲਾਬੀਆਂ ’ਤੇ ਅਧਾਰਿਤ ਇੱਕ ਕਮਿਊਨਿਸਟ ਪਾਰਟੀ ਅਤੇ ਉਸਦੀ ਅਗਵਾਈ ਹੇਠਲੀ ਲੋਕ ਸੈਨਾ ਅਤੇ ਮਜ਼ਦੂਰਾਂ-ਕਿਸਾਨਾਂ ਦੀਆਂ ਜਨਤਕ ਜਥੇਬੰਦੀਆਂ ਬਣਾਉਣ ਦੀ ਗੱਲ ਲਿਖੀ ਸੀ, ਕਾਂਗਰਸੀ ਲੀਡਰਾਂ ਦੇ ਬੁਰਜੂਆ ਚਰਿਤੱਰ ਦਾ ਬਿਲਕੁਲ ਸਹੀ ਵਿਸ਼ਲੇਸ਼ਣ ਕੀਤਾ ਸੀ ਅਤੇ ਕਾਂਗਰਸ ਦੀ ਅਗਵਾਈ ਵਿੱਚ ਅਜ਼ਾਦੀ ਮਿਲਣ ਦੀ ਸਥਿਤੀ ਵਿੱਚ ਪੈਦਾ ਹੋਣ ਵਾਲੀਆਂ ਹਾਲਤਾਂ, ਦੀ ਪ੍ਰਤਿਭਾਸ਼ਾਲੀ ਭਵਿੱਖਬਾਣੀ ਕੀਤੀ ਸੀ? ਬਹੁਤ ਘੱਟ ਲੋਕ ਜਾਣਦੇ ਹਨ ਕਿ ਭਗਤ ਸਿੰਘ ਆਪਣੀ ਵਿਚਾਰ ਯਾਤਰਾ ਦੇ ਆਖਰੀ ਪੜਾਅ ਤੱਕ ਇੱਕ ਕੱਟੜ ਨਾਸਤਕ ਅਤੇ ਪੂਰਨ ਦਵੰਦਾਤਮਕ ਭੌਤਿਕਵਾਦੀ ਬਣ ਚੁੱਕੇ ਸਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਮਾਰਕਸ, ਏਂਗਲਜ਼ ਅਤੇ ਲੈਨਿਨ ਆਦਿ ਦੀਆਂ ਮੁੱਖ ਕਲਾਸਕੀ ਰਚਨਾਵਾਂ ਤੋਂ ਇਲਾਵਾ ਜਾਰਜ ਬਰਨਾਰਡ ਸ਼ਾਹ, ਗੋਰਕੀ, ਅਪਟਨ ਸਿੰਕਲੇਅਰ ਤੇ ਜੈਕ ਲੰਡਨ ਆਦਿ ਦੀਆਂ ਰਚਨਾਵਾਂ ਤੇ ਨਾਲ ਹੀ ਫਰਾਂਸਿਸੀ ਇਨਕਲਾਬ ਤੋਂ ਲੈ ਕੇ ਰੂਸੀ ਇਨਕਲਾਬ ਤੱਕ ਦੇ ਇਤਿਹਾਸ ਦਾ ਵਿਸਥਾਰ ਪੂਰਵਕ ਅਧਿਐਨ ਕੀਤਾ ਸੀ। ਇਸ ਅਧਿਐਨ ਸਦਕਾ ਬਣੀ ਇਤਿਹਾਸ-ਦਿ੍ਰਸ਼ਟੀ ਦੇ ਸਹਾਰੇ ਭਾਰਤ ਦੀ ਕੌਮੀ ਲਹਿਰ ਬਾਰੇ ਮਹੱਤਵਪੂਰਨ ਸਿੱਟੇ ਕੱਢੇ ਸਨ। ਹਾਲੇ ਵੀ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਭਗਤ ਸਿੰਘ ਦਾ ਉਦੇਸ਼ ਸਾਮਰਾਜਵਾਦ ਅਤੇ ਜਗੀਰਦਾਰੀ ਤੋਂ ਹੀ ਮੁਕਤੀ ਪ੍ਰਾਪਤ ਕਰਨਾ ਹੀ ਨਹੀਂ ਸੀ। ਕੌਮੀ ਜਮਹੂਰੀਅਤ ਦੇ ਸੰਘਰਸ਼ ਨੂੰ ਉਹ ਸਮਾਜਵਾਦੀ ਇਨਕਲਾਬ ਦੀ ਦਿਸ਼ਾ ਵਿੱਚ ਸਫ਼ਰ ਦਾ ਇੱਕ ਪੜਾਅ ਮੰਨਦੇ ਸਨ ਅਤੇ ਆਪਣੇ ਚਿੰਤਨ ਦੇ ਆਖਰੀ ਦੌਰ ਵਿੱਚ ਕੌਮੀ ਜਮਹੂਰੀਅਤ ਦੇ ਸੰਘਰਸ਼ ਵਿੱਚ ਵੀ ਉਹ ਮਜ਼ਦੂਰਾਂ ਕਿਸਾਨਾਂ ਦੀ ਲਾਮਬੰਦੀ ਅਤੇ ਮਜ਼ਦੂਰ ਜਮਾਤ ਦੀ ਵਿਚਾਰਧਾਰਕ-ਰਾਜਨੀਤਿਕ ਹੈਜਮਨੀ ਨੂੰ ਸੱਭ ਤੋਂ ਵੱਧ ਮਹੱਤਵ ਦੇਣ ਲੱਗੇ ਸਨ। ਕੀ ਇਹ ਬੇਹੱਦ ਜ਼ਰੂਰੀ ਨਹੀਂ ਹੈ ਕਿ ਇਨ੍ਹਾਂ ਸੱਚਾਈਆਂ ਤੋਂ ਇਸ ਦੇਸ਼ ਦੇ ਲੋਕਾਂ ਨੂੰ, ਵਿਸ਼ੇਸ਼ ਤੌਰ ’ਤੇ ਉਨ੍ਹਾਂ ਕਰੋੜਾਂ ਜਾਗਰੂਕ, ਵਿਦਰੋਹੀ, ਅਤੇ ਸੰਭਾਵਨਾ ਭਰਪੂਰ ਨੌਜਵਾਨਾਂ ਨੂੰ ਜਾਣ ਕਰਵਾਇਆ ਜਾਵੇ, ਜਿਨ੍ਹਾਂ ਦੇ ਮੋਢਿਆਂ ’ਤੇ ਭਵਿੱਖ ਨਿਰਮਾਣ ਦੀ ਔਖੀ ਇਤਿਹਾਸਕ ਜ਼ਿੰਮੇਵਾਰੀ ਹੈ? ਜੇਕਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰਕ ਪੱਖ ਤੋਂ ਪੜ੍ਹੇ-ਲਿਖੇ ਲੋਕਾਂ ਦੀ ਬਹੁਗਿਣਤੀ ਵੀ ਜਾਣੂ ਹੁੰਦੀ ਤਾਂ ਇਹ ਕਦੀ ਵੀ ਸੰਭਵ ਨਹੀਂ ਸੀ ਹੋਣਾ ਕਿ ਭਾਜਪਾ ਅਤੇ ਆਰ.ਐਸੱ.ਐਸੱ. ਦੇ ਧਾਰਮਿਕ ਕੱਟੜਪੰਥੀ ਫਾਸਿਸਟ ਵੀ ਉਨ੍ਹਾਂ ਨੂੰ ਆਪਣੇ ਨਾਇਕ ਦੇ ਰੂਪ ਵਿੱਚ ਪੇਸ਼ ਕਰਨ ਦੀ ਘਿਨਾਉਣੀ ਹਰਕਤ ਕਰਦੇ!
ਜਨਤਾ ਦੇ ਇਤਿਹਾਸ ਦੀ ਇਸ ਗੌਰਵਸ਼ਾਲੀ ਵਿਰਾਸਤ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਕੰਮ ਲੋਕ-ਮੁਕਤੀਸੰਘਰਸ਼ ਦੇ ਵਿਚਾਰਕ-ਸੱਭਿਆਚਾਰਕ ਮੋਰਚੇ ’ਤੇ ਡਟੇ ਯੋਧੇ ਹੀ ਕਰ ਸਕਦੇ ਹਨ। ਸਰਕਾਰੀ ਇਤਿਹਾਸਕਾਰਾਂ ਅਤੇ ਅਕਾਦਮਿਕ ਅਦਾਰਿਆਂ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ। ਇਸ ਸਾਲ (2006 -ਅਨੁ.) ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਚੰਦਰ ਸ਼ੇਖਰ ਅਜ਼ਾਦ ਦੀ ਸ਼ਹਾਦਤ ਦੇ ਪਚੱਤਰ ਸਾਲ ਪੂਰੇ ਹੋ ਰਹੇ ਹਨ। 2007-08 ਭਗਤ ਸਿੰਘ ਦਾ ਜਨਮ-ਸ਼ਤਾਬਦੀ ਵਰ੍ਹਾ ਹੋਵੇਗਾ। ਇਨ੍ਹਾਂ ਤਿੰਨ ਸਾਲਾਂ ਦੌਰਾਨ ਦੇਸ਼ ਦੀਆਂ ਕੁਝ ਨੌਜਵਾਨ ਵਿਦਿਆਰਥੀ ਜਥੇਬੰਦੀਆਂ, ਬੁੱਧੀਜੀਵੀਆਂ ਅਤੇ ਸੱਭਿਆਚਾਰਕ ਕਾਮਿਆਂ ਨੇ ਦੇਸ਼-ਭਰ ਵਿੱਚ ‘ਇਨਕਲਾਬੀ ਸੰਕਲਪ ਯਾਤਰਾ’ ਕੱਢਕੇ ਭਗਤ ਸਿੰਘ ਅਤੇ ਉਨਾਂ ਦੇ ਸਾਥੀਆਂ ਦੇ ਵਿਚਾਰਾਂ ਅਤੇ ਉਨ੍ਹਾਂ ਦੀ ਪ੍ਰਸੰਗਿਕਤਾ ਤੋਂ ਦੇਸ਼ ਦੇ ਜਨ-ਜਨ ਨੂੰ ਜਾਣੂ ਕਰਾਉਣ ਦਾ, ਭਗਤ ਸਿੰਘ ਦੇ ਲੋਕ ਮੁਕਤੀ ਦੇ ਸੰਕਲਪ ਨੂੰ ਸਕਾਰ ਕਰਨ ਦਾ ਅਤੇ ਉਨ੍ਹਾਂ ਦੀ ਯਾਦ ਤੋਂ ਪ੍ਰੇਰਣਾ ਤੇ ਵਿਚਾਰਾਂ ਤੋਂ ਦਿਸ਼ਾ ਲੈ ਕੇ ਸਮਾਜਵਾਦੀ ਇਨਕਲਾਬ ਦਾ ਸੰਦੇਸ਼ ਪੂਰੇ ਦੇਸ਼ ’ਚ ਫੈਲਾਉਣ ਦਾ ਸੰਕਲਪ ਲਿਆ ਹੈ।
ਹੁਣ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀਆਂ ਸਾਰੀਆਂ ਲਿਖਤਾਂ ਸਾਹਮਣੇ ਆ ਚੁੱਕੀਆਂ ਹਨ। ਘਰ ਤੋਂ ਭੱਜਕੇ ਕਾਨਪੁਰ ਆਉਣ ਅਤੇ ਪੱਤਰਕਾਰ ਦੇ ਰੂਪ ਵਿੱਚ ‘ਪ੍ਰਤਾਪ’ ਵਿੱਚ ਕੰਮ ਕਰਨ ਸਮੇਂ ਤੋਂ ਲੈ ਕੇ ਜੇਲ੍ਹ ਜਾਣ ਦੇ ਸਮੇਂ ਤੱਕ ‘ਪ੍ਰਤਾਪ’ (ਕਾਨ੍ਹਪੁਰ), ‘ਮਹਾਂਰਥੀ’ ਦਿੱਲੀ, ‘ਚਾਂਦ’(ਇਲਾਹਾਬਾਦ), ‘ਅਰਜੁਨ’ ਦਿੱਲੀ ਅਤੇ ਮਤਵਾਲਾ ਆਦਿ ਕਈ ਹਿੰਦੀ ਪੱਤਿ੍ਰਕਾਵਾਂ ਵਿੱਚ ਭਗਤ ਸਿੰਘ ਕਈ ਫਰਜ਼ੀ ਨਾਂਵਾਂ ਨਾਲ ਲਿਖਿਆ ਕਰਦੇ ਸੀ। ‘ਕਿਰਤੀ’ ਵਿੱਚ ਉਹ ‘ਵਿਦਰੋਹੀ’ ਉਪਨਾਮ ਨਾਲ਼ ਲਿਖਿਆ ਕਰਦੇ ਸੀ ਅਤੇ ਕਈ ਸੰਪਾਦਕੀ ਲੇਖ ਵੀ ਉਨ੍ਹਾਂ ਨੇ ਹੀ ਲਿਖੇ ਸਨ। ਉਰਦੂ ਵਿੱਚ ਵੀ ਉਹ ਚੰਗਾ ਲਿਖ ਲੈਂਦੇ ਸਨ। ਇਸ ਵਿੱਚੋਂ ਜੋ ਕੁਝ ਵੀ ਹੁਣ ਤੱਕ ਲੱਭਿਆ ਜਾ ਸਕਿਆ ਹੈ, ਉਸਤੋਂ ਇਲਾਵਾ ਵੀ ਕਾਫੀ ਕੁਝ ਅਜੇ ਵੀ ਬਚੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਹਿੰਦੀ, ਪੰਜਾਬੀ, ਉਰਦੂ ਪੱਤਿ੍ਰਕਾਵਾਂ ਦਾ ਇਤਿਹਾਸ-ਲੇਖਨ ਦੇ ਸ੍ਰੋਤ ਦੇ ਰੂਪ ਵਿੱਚ ਪ੍ਰਯੋਗ ਕਰਨ ਦੀ ਦਿਸ਼ਾ ਵਿੱਚ ਹਾਲੇ ਵੀ ਨਾ-ਮਾਤਰ ਹੀ ਕੰਮ ਹੋਇਆ ਹੈ। ਕੌਮੀ ਅਭਿਲੇਖਾਗਾਰ ਦੇ ਪ੍ਰਤਿਬੰਧਿਤ ਸਾਹਿਤ ਦੇ ਵਿਭਾਗ ਅਤੇ ਸਰਕਾਰੀ ਦਸਤਾਵੇਜ਼ਾਂ ਨੂੰ ਵੀ ਵਿਵਸਥਿਤ ਢੰਗ ਨਾਲ਼ ਜਾਂਚਣ ਦਾ ਕੰਮ ਵੀ ਹਾਲੇ ਪੂਰਾ ਨਹੀਂ ਹੋ ਸਕਿਆ ਹੈ। ਬਿ੍ਰਟਿਸ਼ ਅਭਿਲੇਖਾਗਾਰ ਅਤੇ ਇੰਡੀਆ ਆਫਿਸ ਲਾਇਬ੍ਰੇਰੀ ਅਤੇ ਪਾਕਿਸਤਾਨ ਦੇ ਅਭਿਲੇਖਾਗਾਰ ਨੂੰ ਵੀ ਹਾਲੇ ਪੂਰੀ ਤਰਾਂ ਨਾਲ਼ ਜਾਂਚਿਆ ਨਹੀਂ ਗਿਆ ਹੈ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਲੇਖਾਂ-ਚਿੱਠੀਆਂ ਦੀ ਜਾਂਚ-ਪੜਤਾਲ ਜਦੋਂ ਕੁਝ ਗੰਭੀਰ ਰੂਪ ਵਿੱਚ ਸ਼ੁਰੂ ਹੋਈ ਤਦ ਤੱਕ ਉਸ ਯੁੱਗ ਦੇ ਜ਼ਿਆਦਾਤਰ ਸੰਪਾਦਕ, ਪ੍ਰਕਾਸ਼ਕ ਅਤੇ ਜਿਉਂਦੇ ਹੀ ਨਹੀਂ ਬਚੇ ਸਨ।
‘ਮੈਂ ਨਾਸਤਕ ਕਿਉਂ ਹਾਂ?’ ਵਰਗੇ ਕਈ ਮਹੱਤਵਪੂਰਨ ਲੇਖ ਅਤੇ ਜੇਲ੍ਹ ਡਾਇਰੀ ਦਾ ਜਿਸ ਤਰ੍ਹਾਂ ਅਠਵੇਂ-ਨੌਵੇਂ ਦਹਾਕੇ ਵਿੱਚ ਪਤਾ ਲੱਗਾ, ਉਸਨੂੰ ਦੇਖਦੇ ਹੋਏ ਹੁਣ ਵੀ ਕੁਝ ਸਮੱਗਰੀ ਇੱਥੇ-ਉਥੇ ਪਈ ਹੋਣ ਬਾਰੇ ਮੰਨਣ ਦੇ ਬਹੁਤੇ ਪ੍ਰਮਾਣ ਮੌਜੂਦ ਹਨ। ਇਸੇ ਲਈ ਇਸ ਸੰਗ੍ਰਹਿ ਨੂੰ ਅਸੀਂ ‘ਸੰਪੂਰਨ ਦਸਤਾਵੇਜ਼’ ਦੀ ਜਗ੍ਹਾ ‘ਸੰਪੂਰਣ ਉਪਲੱਭਧ ਦਸਤਾਵੇਜ਼’ ਨਾਮ ਦਿੱਤਾ ਹੈ।
ਸ਼ਿਵ ਵਰਮਾ ਅਤੇ ਭਗਤ ਸਿੰਘ ਦੇ ਕਈ ਸਾਥੀਆਂ ਅਤੇ ਕਈ ਇਤਿਹਾਸਕਾਰਾਂ ਦੁਆਰਾ ਦਰਸਾਏ ਇਸ ਤੱਥ ਦੀ ਚਰਚਾ ਵੀ ਇੱਥੇ ਜ਼ਰੂਰੀ ਹੋ ਜਾਂਦੀ ਹੈ ਕਿ ਭਗਤ ਸਿੰਘ ਨੇ ਜੇਲ੍ਹ ਵਿੱਚ ਲਗਾਤਾਰ ਅਧਿਐਨ ਕਰਨ, ਮੁਕੱਦਮੇ ਦੀ ਕਾਰਵਾਈ ਵਿੱਚ ਹਿੱਸਾ ਲੈਣ, ਚਿੱਠੀਆਂ, ਸੰਦੇਸ਼ਾਂ ਅਤੇ ਹੋਰ ਕਈ ਦਸਤਾਵੇਜ਼ ਲਿਖਣ ਤੋਂ ਇਲਾਵਾ ਵੀ ਚਾਰ ਕਿਤਾਬਾਂ ਲਿਖੀਆਂ ਸਨ: 1) ‘ਆਤਮਕਥਾ’, 2) ‘ਸਮਾਜਵਾਦ ਦਾ ਆਦਰਸ਼’, 3) ‘ਭਾਰਤ ਵਿੱਚ ਇਨਕਲਾਬੀ ਲਹਿਰ’ ਅਤੇ 4) ਮੌਤ ਦੇ ਬੂਹੇ ’ਤੇ। ਇਨ੍ਹਾਂ ਚਾਰ ਕਿਤਾਬਾਂ ਦੀਆਂ ਪਾਂਡੂਲਿਪਿਆਂ ਦੇ ਗਾਇਬ ਹੋਣ ਦੀਆਂ ਕਈ ਰਹੱਸਮਈ ਕਥਾਵਾਂ ਪ੍ਰਚਲਿਤ ਰਹੀਆਂ ਹਨ ਅਤੇ ਮੰਨਿਆ ਇਹੀ ਜਾਂਦਾ ਹੈ ਕਿ ਇਹ ਨਸ਼ਟ ਹੋ ਚੁੱਕੀਆਂ ਹਨ। ਪਰ ਇਸ ਗੱਲ ਤੋਂ ਹਾਲੇ ਵੀ ਪੂਰੀ ਤਰਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਲ੍ਹ ਡਾਇਰੀ ਵਾਂਗ ਕਿਸੇ ਦੇ ਨਿੱਜੀ ਸੰਗ੍ਰਹਿ ’ਚੋਂ ਜਾਂ ਕਿਸੇ ਅਭਿਲੇਖਾਗਾਰ ’ਚੋਂ ਅਚਾਨਕ ਇਹ ਪਾਂਡੂਲਿਪੀਆਂ ਵੀ ਪ੍ਰਾਪਤ ਹੋ ਜਾਣ। ‘ਭਗਤ ਸਿੰਘ ਦੇ ਸੰਪੂਰਣ ਦਸਤਾਵੇਜ਼’ (2004) ਦੇ ਆਪਣੇ ਸੰਪਾਦਕੀ ਨਿਬੰਧ ਵਿੱਚ ਚਮਨਲਾਲ ਨੇ ਬਿਨਾਂ ਕਿਸੇ ਤੱਥ ਤੋਂ ਅਤੇ ਬੇਹੱਦ ਲੱਚਰ ਤਰਕ ਦੇ ਅਧਾਰ ’ਤੇ ਇੱਕ ਅਨੋਖੀ ਅਟਕਲ ਪੇਸ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਨਾਂ ਚਾਰ ਪਾਂਡੂਲਿਪੀਆਂ ਦੀ ਕੋਈ ਹੋਂਦ ਹੀ ਨਾ ਹੋਵੇ। ਉਹ ਅਨੁਮਾਨ ਲਗਾਉਂਦੇ ਹਨ ਕਿ ‘ਆਤਮਕਥਾ’ ਅਤੇ ‘ਮੌਤ ਦੇ ਬੂਹੇ ’ਤੇ’ ਦੀਆਂ ਪਾਂਡੂਲਿਪੀਆਂ ਡਾਨ ਬ੍ਰੀਨ ਦੀ ਆਤਮਕਥਾ ਦਾ ਹੀ ਹਿੱਸਾ ਹੋ ਸਕਦੀਆਂ ਹਨ। ‘ਭਾਰਤ ਵਿੱਚ ਇਨਕਲਾਬੀ ਲਹਿਰ ਦਾ ਇਤਿਹਾਸ’ ਉਨ੍ਹਾਂ ਅਨੁਸਾਰ ਜੇਲ੍ਹ ਵਿੱਚ ਰਹਿੰਦੇ ਹੋਏ ਲਿਖ ਪਾਉਣਾ ਅਸੰਭਵ ਹੀ ਸੀ। ਨਾਲ਼ ਹੀ ਉਹ ਇਹ ਵੀ ਕਹਿੰਦੇ ਹਨ ਕਿ ਜੇਲ ਸਮੇਂ ਦੇ ਦੋ ਸਾਲਾਂ ਵਿੱਚ ਚਾਰ ਕਿਤਾਬਾਂ ਲਿਖਣਾ ਤਰਕਸੰਗਤ ਹੀ ਨਹੀਂ ਲੱਗਦਾ। ਇਹ ਅਨੁਮਾਲ ਅਜੀਬ ਹੀ ਨਹੀਂ, ਬਚਕਾਨਾ ਤੇ ਗੈਰ-ਜ਼ਿੰਮੇਵਾਰਾਨਾਂ ਵੀ ਹੈ, ਜਿਸਦੀ ਆਸ ਘੱਟ ਤੋਂ ਘੱਟ ਇਤਿਹਾਸਿਕ ਦਸਤਾਵੇਜ਼ਾਂ ਦੇ ਸੰਪਾਦਕ ਤੋਂ ਨਹੀਂ ਕੀਤੀ ਜਾ ਸਕਦੀ। ਪਹਿਲੀ ਗੱਲ ਤਾਂ ਇਹ ਕਿ ਭਗਤ ਸਿੰਘ ਨੂੰ ਜਦ 12 ਸਿਤੰਬਰ 1929 ਵਿੱਚ ਲਿਖਣ ਲਈ ਨੋਟਬੁੱਕ ਅਤੇ ਪੜ੍ਹਨ ਲਈ ਕਿਤਾਬਾਂ ਦੀ ਸਹੂਲਤ ਮਿਲਣ ਲੱਗੀ ਸੀ, ਤਾਂ ਭਲਾ ਇਹ ਸੰਭਵ ਕਿਉਂ ਨਹੀਂ ਹੈ ਕਿ ਉਹ ਜੇਲ੍ਹ ਵਿੱਚ ਰਹਿ ਕੇ ਭਾਰਤ ਦੀ ਇਨਕਲਾਬੀ ਲਹਿਰ ਦਾ ਇਤਿਹਾਸ ਲਿਖ ਸਕਣ? ਜਦਕਿ ਸੰਭਾਵਨਾ ਤਾਂ ਇਸ ਗੱਲ ਦੀ ਵਧੇਰੇ ਹੈ ਕਿ ਹਥਿਆਰਬੰਦ ਇਨਕਲਾਬ ਦੀ ਮੱਧਵਰਗੀ ਸੋਚ ਤੋਂ ਅੱਗੇ ਕਿਸਾਨਾਂ-ਮਜ਼ਦੂਰਾਂ ਦੀਆਂ ਜਨਤਕ ਜਥੇਬੰਦੀਆਂ ਬਣਾਉਣ ਅਤੇ ਨਾਲ਼ ਹੀ ਗੁਪਤ ਇਨਕਲਾਬੀ ਪਾਰਟੀ ਬਣਾਉਣ ਦੀ ਮਾਰਕਸਵਾਦੀ ਧਾਰਨਾ ਤੱਕ ਪਹੁੰਚਣ ਤੋਂ ਬਾਅਦ ਸਾਰ ਰੂਪ ਵਿੱਚ ਭਾਰਤੀ ਇਨਕਲਾਬੀ ਲਹਿਰ ਦਾ ਇਤਿਹਾਸ ਲਿਖਣ ਦਾ ਵਿਚਾਰ ਭਗਤ ਸਿੰਘ ਦੇ ਦਿਮਾਗ ਵਿੱਚ ਆਇਆ ਹੋਵੇ। ਜਿੱਥੋਂ ਤੱਕ ਦੋ ਸਾਲਾਂ ਦੇ ਜੇਲ੍ਹ ਜੀਵਨ ਵਿੱਚ ਚਾਰ ਕਿਤਾਬਾਂ ਲਿਖਣ ਨੂੰ ਅਸੰਭਵ ਮੰਨਣ ਦਾ ਤਰਕ ਹੈ, ਇਹ ਤਾਂ ਹੋਰ ਵੀ ਹਸਾਉਣੀ ਗੱਲ ਹੈ। ਚਮਨ ਲਾਲ ਨੂੰ ਸਾਈਬੇਰੀਆ ਪ੍ਰਵਾਸ ’ਤੇ ਗਏ ਲੇਖਕਾਂ-ਇਨਕਲਾਬੀਆਂ ਤੋਂ ਲੈ ਕੇ ਪੂਰੀ ਦੁਨੀਆ ਦੇ ਅਜਿਹੇ ਦਰਜਨਾਂ ਉਦਾਹਰਣ ਦਿੱਤੇ ਜਾ ਸਕਦੇ ਹਨ, ਜੋ ਕਿ ਕਈ ਪ੍ਰਤਿਭਾਸ਼ਾਲੀ ਅਤੇ ਉਦੇਸ਼ ਦੇ ਪ੍ਰਤੀ ਇਕਾਗਰ ਵਿਅਕਤੀਆਂ ਨੇ ਚਾਰ ਨਹੀਂ ਸਗੋਂ ਦਰਜਨਾਂ ਜਿਲਦਾਂ ਵਿੱਚ ਆਉਣ ਵਾਲੀ ਗੰਭੀਰ ਅਤੇ ਵਿਭਿੰਨ ਪ੍ਰਕਾਰ ਦੀ ਸਮੱਗਰੀ ਲਿਖੀ। ਭਗਤ ਸਿੰਘ ਵਰਗੇ ਪ੍ਰਤਿਭਾਸ਼ਾਲੀ ਨੌਜਵਾਨ ਲਈ ਵੀ ਇਹ ਅਸੰਭਵ ਨਹੀਂ ਸੀ। ਖਾਸ ਤੌਰ ’ਤੇ ਤਦ ਜਦੋਂ ਜੇਲ ਜੀਵਨ ਦੇ ਅਧਿਐਨ ਅਤੇ ਤਜਰਬੇ ਦੇ ਵਿਸ਼ਲੇਸ਼ਣ ਅਤੇ ਨਿਚੋੜ ਦੇ ਰਾਹੀਂ ਉਨ੍ਹਾਂ ਦਾ ਦਿ੍ਰਸ਼ਟੀਕੋਣ ਤੈਅ ਹੋ ਚੁੱਕਾ ਸੀ, ਮੁਕਤੀ ਦੇ ਰਾਹ ਬਾਰੇ ਵਿਚਾਰ ਨਿਸ਼ਚਿਤ ਰੂਪ ਧਾਰਨ ਕਰਨ ਲੱਗੇ ਸਨ ਅਤੇ ਉਹ ਜਾਣਦੇ ਸਨ ਕਿ ਉਨ੍ਹਾਂ ਕੋਲ ਸਮਾਂ ਬਹੁਤ ਘੱਟ ਹੈ। ਭਗਤ ਸਿੰਘ ਦੀ ਜੇਲ ਡਾਇਰੀ ਤੋਂ ਉਨਾਂ ਦੇ ਗੰਭੀਰ ਅਧਿਐਨ ਦਾ ਅਨੁਭਵ ਹੁੰਦਾ ਹੈ, ਉਸਨੂੰ ਦੇਖਦੇ ਹੋਏ ਵੀ ਚਾਰ ਕਿਤਾਬਾਂ ਲਿਖਣਾ ਅਚੰਭਾ ਨਹੀਂ ਸਗੋਂ ਇਸਦੇ ਵਿਰੁੱਧ ਬਿਲਕੁਲ ਸੁਭਾਵਿਕ ਲੱਗਦਾ ਹੈ। ਇਸ ਤਰ੍ਹਾਂ ਦੇ ਅਨੁਮਾਨਾਂ ਦੀ ਜਗ੍ਹਾ ਬਿਹਤਰ ਇਹੀ ਹੋਵੇਗਾ ਕਿ ਅਸੀਂ ਉਨ੍ਹਾਂ ਤੱਥਾਂ ’ਤੇ ਭਰੋਸਾ ਕਰੀਏ ਜੋ ਸ਼ਿਵ ਵਰਮਾ ਅਤੇ ਕੁਝ ਹੋਰ ਸਾਥੀਆਂ ਨੇ ਇਸੇ ਪ੍ਰਸੰਗ ਵਿੱਚ ਬਿਆਨ ਕੀਤੇ ਹਨ। ਇਸੇ ਸੋਚ ਕਾਰਨ ਅਸੀਂ ਇਹ ਨਹੀਂ ਮੰਨਦੇ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਜੋ ਦਸਤਾਵੇਜ਼ ਹੁਣ ਤੱਕ ਉਪਲੱਭਧ ਹੋ ਚੁੱਕੇ ਹਨ, ਉਨਾਂ ਤੋਂ ਇਲਾਵਾ ਹੋਰ ਕੁਝ ਨਹੀਂ ਰਹਿ ਗਿਆ ਹੋਵੇਗਾ। ਅਸੀਂ ਮੰਨਦੇ ਹਾਂ ਕਿ ਇਸ ਦਿਸ਼ਾ ਵਿੱਚ ਖੋਜ ਕਾਰਜ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ।
ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰਕ ਪੱਖ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਸੰਕਲਪ ਕੇਵਲ ਭਾਵੁਕਤਾ ਜਾਂ ਇਨਕਲਾਬੀ ਪ੍ਰੰਪਰਾ ਪ੍ਰਤੀ ਸ਼ਰਧਾ ਦੇ ਕਾਰਨ ਤਾਂ ਬਿਲਕੁਲ ਪੈਦਾ ਨਹੀਂ ਹੋਇਆ। ਇਸਦਾ ਉਦੇਸ਼ ਇਤਿਹਾਸ ਦੀ ਅਗਿਆਤ ਅਰਧ-ਗਿਆਤ ਜਾਂ ਭੁੱਲ ਚੁੱਕੀ ਪਰੰਮਪਰਾ ਅਤੇ ਵਿਚਾਰਕ ਵਿਰਾਸਤ ਨੂੰ ਕੇਵਲ ਸਾਹਮਣੇ ਲਿਆਉਣਾ ਹੀ ਵੀ ਨਹੀਂ ਹੈ। ਇਹ ਕੌਮੀ ਮੁਕਤੀ ਸੰਘਰਸ਼ ਦੇ ਉਸ ਨਜ਼ਦੀਕੀ ਅਤੀਤ ਦੀ ਵਿਰਾਸਤ ਹੈ, ਜਿਸਦੀ ਕੁੱਖ ’ਚੋਂ ਬਾਹਰ ਆ ਕੇ ਅੱਜ ਦੇ ਭਾਰਤ ਦਾ ਵਿਕਾਸ ਹੋਇਆ।
ਭਗਤ ਸਿੰਘ ਨੇ ਆਪਣੇ ਸਮੇਂ ਕੌਮੀ ਲਹਿਰ ਬਾਰੇ ਜੋ ਅਲੋਚਨਾਤਮਕ ਅਤੇ ਸਾਰ ਰੂਪ ਵਿੱਚ ਜੋ ਟਿੱਪਣੀਆਂ ਕੀਤੀਆਂ ਸਨ, ਆਪਣੇ ਸਮੇਂ ਦੇ ਧਰਾਤਲ ’ਤੇ ਖੜ੍ਹੇ ਹੋ ਉਨ੍ਹਾਂ ਭਵਿੱਖ ਦੀਆਂ ਸੰਭਵਨਾਵਾਂ ਬਾਰੇ ਜੋ ਅਨੁਮਾਨ ਪੇਸ਼ ਕੀਤੇ ਸੀ, ਕਾਂਗਰਸੀ ਲੀਡਰਸ਼ਿਪ ਦਾ ਉਹਨਾਂ ਨੇ ਜੋ ਜਮਾਤੀ ਵਿਸ਼ਲੇਸ਼ਣ ਕੀਤਾ ਸੀ, ਦੇਸ਼ ਦੀ ਕਿਰਤੀ ਜਨਤਾ ਸਾਹਮਣੇ, ਵਿਦਿਆਰਥੀ-ਨੌਜਵਾਨਾਂ ਸਾਹਮਣੇ ਅਤੇ ਆਪਣੇ ਸਾਥੀ ਇਨਕਲਾਬੀਆਂ ਦੇ ਸਾਹਮਣੇ ਇਨਕਲਾਬ ਦੀ ਤਿਆਰੀ ਅਤੇ ਢੰਗ ਦੀ ਉਹਨਾਂ ਨੇ ਜੋ ਨਵੀਂ ਯੋਜਨਾ ਪੇਸ਼ ਕੀਤੀ ਸੀ, ਉਸਦਾ ਅੱਜ ਦੇ ਇਸ ਮੁਸ਼ਕਿਲ ਦੌਰ ਵਿੱਚ ਬਹੁਤ ਮਹੱਤਵ ਹੈ ਜਦੋਂ ਪੂਰਾ ਦੇਸ਼ ਦੇਸ਼ੀ-ਵਿਦੇਸ਼ੀ ਪੂੰਜੀ ਦੀ ਬੇਰੋਕ ਲੁੱਟ ਅਤੇ ਤਾਨਾਸ਼ਾਹੀ ਦਬਾਅ ਹੇਠ ਦੱਬਿਆ ਜਾ ਰਿਹਾ ਹੈ, ਜਦੋਂ ਕਿਰਤ ਅਤੇ ਪੂੰਜੀ ਦਾ ਧਰੁਵੀਕਰਨ ਵਧੇਰੇ ਤੋਂ ਵਧੇਰੇ ਤਿੱਖਾ ਹੁੰਦਾ ਜਾਂਦਾ ਹੈ, ਜਦੋਂ ਸਾਮਰਾਜਵਾਦ ਦੇ ਵਿਰੁੱਧ ਨਿਰਣਾਇਕ ਸੰਘਰਸ਼ (ਜਿਸਦੀ ਭਗਤ ਸਿੰਘ ਨੇ ਭਵਿੱਖਬਾਣੀ ਕੀਤੀ ਸੀ) ਸੰਸਾਰ ਪੱਧਰ ’ਤੇ ਵੱਧ ਤੋਂ ਵੱਧ ਜ਼ਰੂਰੀ ਹੁੰਦਾ ਜਾ ਰਿਹਾ ਹੈ, ਜਦੋਂ ਕਾਂਗਰਸ ਹੀ ਨਹੀਂ ਸਾਰੀਆਂ ਸੰਸਦੀ ਪਾਰਟੀਆਂ ਅਤੇ ਨਕਲੀ ਖੱਬੇਪੱਖੀਆਂ ਦਾ ਚਿਹਰਾ ਅਤੇ ਸਾਰੀ ਸੱਤਾ ਦਾ ਚਰਿੱਤਰ ਇੱਕਦਮ ਨੰਗਾ ਹੋ ਚੁੱਕਾ ਹੈ, ਜਦੋਂ ਭਗਤ ਸਿੰਘ ਦੀਆਂ ਸ਼ੰਕਾਵਾਂ ਇਕਦਮ ਸਹੀ ਸਿੱਧ ਹੋ ਚੁੱਕੀਆਂ ਹਨ ਅਤੇ ਜਦੋਂ ਦੇਸੀ ਪੂੰਜੀਵਾਦ ਦੇ ਵਿਰੁੱਧ ਇੱਕ ਨਵੇਂ ਇਨਕਲਾਬ ਦੇ ਔਖੇ ਕਾਰਜ ਵਿੱਚ ਨਵੇਂ ਸਿਰੇ ਤੋਂ ਡਟ ਜਾਣ ਦਾ ਸਮਾਂ ਆ ਚੁੱਕਾ ਹੈ।
ਭਗਤ ਸਿੰਘ ਦੇ ਸਮੇਂ ਦੇ ਭਾਰਤ ਤੋਂ ਅੱਜ ਤੱਕ ਦਾ ਭਾਰਤ ਕਾਫ਼ੀ ਬਦਲ ਚੁੱਕਾ ਹੈ। ਉਤਪਾਦਨ ਪ੍ਰਣਾਲੀ ਤੋਂ ਲੈ ਕੇ ਰਾਜਨੀਤਿਕ ਢਾਂਚੇ, ਸਮਾਜਿਕ ਸਬੰਧ ਅਤੇ ਸੱਭਿਆਚਾਰ ਤੱਕ ਕਾਫ਼ੀ ਕੁਝ ਬਦਲ ਚੁੱਕਾ ਹੈ। ਸਾਮਰਾਜਵਾਦੀ ਲੁੱਟ ਅੱਜ ਵੀ ਮੌਜੂਦ ਹੈ, ਪਰ ਪ੍ਰਤੱਖ ਬਸਤੀਵਾਦੀ ਸ਼ਾਸਨ ਦੇ ਦੌਰ ਦਾ ਰੂਪ ਅੱਜ ਕਾਫੀ ਬਦਲ ਚੁੱਕਾ ਹੈ। ਜਮਾਤੀ ਘੋਲ਼, ਪਿਛਲੇ ਮਜ਼ਦੂਰ ਇਨਕਲਾਬਾਂ ਅਤੇ ਕੌਮੀ ਅਜ਼ਾਦੀ ਦੇ ਯੁੱਧਾਂ ਦੇ ਦਬਾਅ ਦੇ ਕਾਰਨ ਅਤੇ ਆਪਣੇ ਅੰਦਰੂਨੀ ਦਬਾਵਾਂ ਦੇ ਸਿੱਟੇ ਵਜੋਂ ਸਾਮਰਾਜਵਾਦ ਦੇ ਤੌਰ-ਤਰੀਕਿਆਂ ਵਿੱਚ ਬਹੁਤ ਬਦਲਾਅ ਆਇਆ ਹੈ। ਕੌਮੀ ਬਸਤੀਵਾਦੀ ਸਵਾਲ ਅੱਜ ਹੱਲ ਹੋ ਚੁੱਕਾ ਹੈ ਅਤੇ ਕੌਮੀ ਮੁਕਤੀ ਜੰਗਾਂ ਵਿੱਚ ਕਿਤੇ ਸ਼ਾਮਲ ਅਤੇ ਕਿਤੇ ਆਗੂ ਭੂਮਿਕਾ ਨਿਭਾਉਣ ਵਾਲਾ, ਸਾਬਕਾ ਬਸਤੀਆਂ ਦੀ ਬੁਰਜੂਆ ਜਮਾਤ ਅੱਜ ਪੂਰੀ ਤਰਾਂ ਨਾਲ਼ ਰੂਪ ਬਦਲ ਕੇ ਸਾਮਰਾਜਵਾਦੀਆਂ ਦੀ ‘ਜੂਨੀਅਰ ਪਾਰਟਨਰ’ ਬਣ ਚੁੱਕੀ ਹੈ। ਪਿੰਡਾਂ ਵਿੱਚ ਵੀ, ਬੁਰਜੂਆ ਭੂਮੀ ਸੁਧਾਰਾਂ ਦੀ ਲੜੀਵਾਰ ਪ੍ਰਕਿਰਿਆ ਨੇ ਭੂਮੀ ਸਬੰਧਾਂ ਨੂੰ ਮੁੱਢੋਂ ਹੀ ਬਦਲ ਦਿੱਤਾ ਹੈ ਅਤੇ ਨਵੇਂ ਪੂੰਜੀਵਾਦੀ ਸਬੰਧਾਂ ਅਧੀਨ, ਪੂੰਜੀਵਾਦੀ ਭੂਮੀਪਤੀ ਬਣ ਚੁੱਕੇ ਸਾਬਕਾ ਜਗੀਰਦਾਰ ਅਤੇ ਪੂੰਜੀਵਾਦੀ ਕਿਸਾਨ ਬਣ ਚੁੱਕੇ ਸਾਬਕਾ ਅਮੀਰ ਕਾਸ਼ਤਕਾਰ ਅੱਜ ਪਿੰਡਾਂ ਦੇ ਮਜ਼ਦੂਰਾਂ ਅਤੇ ਛੋਟੇ-ਦਰਮਿਆਨੇ ਕਿਸਾਨਾਂ ਦੀ ਲੁੱਟ ਦੀ ਭੂਮਿਕਾ ਨਿਭਾਉਂਦੇ ਹਨ। ਦਰਮਿਆਨੇ ਕਿਸਾਨਾਂ ਦੀ ਭੂਮੀਕਾ ਉਸੇ ਤਰਾਂ ਦੋਹਰੀ ਹੈ ਜਿਵੇਂ ਸ਼ਹਿਰਾਂ ਵਿੱਚ ਅੱਜ ਮੱਧਵਰਗ ਦੀ ਭੂਮੀਕਾ ਦੋਹਰੀ ਬਣ ਚੁੱਕੀ ਹੈ- ਯਾਣੀ ਇਸਦੀ ਉਪਰਲੀ ਪਰਤ ਹਾਕਮਾਂ ਨਾਲ਼ ਜੁੜੀ ਹੋਈ ਹੈ ਜਦ ਕਿ ਹੇਠਲੀ ਪਰਤ ਕਿਰਤੀਆਂ ਦੇ ਨੇੜੇ ਆ ਰਹੀ ਹੈ। ਨਾਲ ਹੀ ਪਿੰਡਾਂ ਦੇ ਗਰੀਬਾਂ ਨੂੰ ਲੁੱਟਣ ਵਿੱਚ ਦੇਸੀ-ਵਿਦੇਸ਼ੀ ਵਿੱਤੀ ਅਤੇ ਉਦਯੋਗਿਕ ਪੂੰਜੀ ਦੀ ਪ੍ਰਤੱਖ ਭੂਮਿਕਾ ਬਣ ਰਹੀ ਹੈ। ਸਾਰ ਰੂਪ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਵਰਗੇ ਸਾਬਕਾ ਬਸਤੀਵਾਦੀ ਦੇਸ਼ ਅੱਜ ਪਿਛੜੇ ਹੋਏ ਪੂੰਜੀਵਾਦੀ ਦੇਸ਼ ਬਣ ਚੁੱਕੇ ਹਨ। ਹੁਣ ਇਨ੍ਹਾਂ ਦੇਸ਼ਾਂ ਦੇ ਇਤਿਹਾਸ ਦੇ ਏਜੰਡੇ ’ਤੇ ਕੌਮੀ ਮੁਕਤੀ ਸੰਘਰਸ਼ ਨਹੀਂ ਸਗੋਂ ਸਮਾਜਵਾਦ ਲਈ ਸੰਘਰਸ਼ ਹੈ।
ਪਰ ਇਨ੍ਹਾਂ ਮਹੱਤਵਪੂਰਨ ਤਬਦੀਲੀਆਂ ਦੇ ਬਾਵਜੂਦ, ਸਾਮਰਾਜਵਾਦ ਦੇ ਵਿਰੁੱਧ ਯੁੱਧ ਹਾਲੇ ਵੀ ਜਾਰੀ ਹੈ। ਜਿਵੇਂ ਕਿ ਫਾਂਸੀ ਤੋਂ ਤਿੰਨ ਦਿਨ ਪਹਿਲਾਂ ਪੰਜਾਬ ਦੇ ਗਵਰਨਰ ਨੂੰ ਫਾਂਸੀ ਦੀ ਜਗ੍ਹਾ ਗੋਲੀ ਨਾਲ ਉਡਾਏ ਜਾਣ ਦੀ ਮੰਗ ਕਰਦੇ ਹੋਏ ਲਿਖੇ ਆਪਣੇ ਪੱਤਰ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਿਖਿਆ ਸੀ: ‘‘ਇਹ ਯੁੱਧ ਤਦ ਤੱਕ ਚਲਦਾ ਰਹੇਗਾ ਜਦ ਤੱਕ ਕਿ ਸ਼ਕਤੀਸ਼ਾਲੀ ਵਿਅਕਤੀ ਭਾਰਤੀ ਜਨਤਾ ਅਤੇ ਮਜ਼ਦੂਰਾਂ ਦੀ ਆਮਦਨ ਦੇ ਸਾਧਨਾਂ ’ਤੇ ਆਪਣੀ ਇਜਾਰੇਦਾਰੀ ਸਥਾਪਤ ਰੱਖਣਗੇ। ਚਾਹੇ ਅਜਿਹੇ ਵਿਅਕਤੀ ਅੰਗਰੇਜ਼ ਪੂੰਜੀਪਤੀ, ਅੰਗਰੇਜ਼ ਸ਼ਾਸਕ ਜਾਂ ਫਿਰ ਭਾਰਤੀ ਹੀ ਹੋਣ। ਉਨ੍ਹਾਂ ਨੇ ਆਪਸ ਵਿੱਚ ਮਿਲਕੇ ਇੱਕ ਲੁੱਟ ਮਚਾ ਰੱਖੀ ਹੈ। ਜੇ ਨਿਰੋਲ ਭਾਰਤੀ ਪੂੰਜੀਪਤੀਆਂ ਦੇ ਰਾਹੀਂ ਹੀ ਗਰੀਬਾਂ ਦਾ ਖੂਨ ਚੂਸਿਆ ਜਾ ਰਿਹਾ ਹੋਵੇ ਤਦ ਵੀ ਇਸ ਹਾਲਤ ਵਿੱਚ ਕੋਈ ਫਰਕ ਨਹੀਂ ਪੈਂਦਾ।’’ ਇਸ ਪੱਤਰ ਦੇ ਅਖੀਰ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ‘‘ਨੇੜਲੇ ਭਵਿੱਖ ਵਿੱਚ ਇਹ ਯੁੱਧ ਅੰਤਿਮ ਰੂਪ ਵਿੱਚ ਲੜਿਆ ਜਾਵੇਗਾ ਅਤੇ ਤਦ ਇਹ ਨਿਰਣਾਇਕ ਯੁੱਧ ਹੋਵੇਗਾ। ਸਾਮਰਾਜਵਾਦ ਅਤੇ ਪੂੰਜੀਵਾਦ ਕੁਝ ਸਮੇਂ ਦਾ ਹੀ ਮਹਿਮਾਨ ਹੈ।’’ ਇਥੇ ਭਗਤ ਸਿੰਘ ਦੀ ਉਸ ਤੇਜ਼ ਇਤਿਹਾਸਕ ਦਿ੍ਰਸ਼ਟੀ ਨਾਲ ਸਾਡੀ ਜਾਣ-ਪਹਿਚਾਣ ਹੁੰਦੀ ਹੈ ਜੋ ਕੌਮੀ ਮੁਕਤੀ ਸੰਘਰਸ਼ ਨੂੰ ਲੋਕ ਮੁਕਤੀ ਸੰਘਰਸ਼ ਦੀ ਇਤਿਹਾਸਕ ਯਾਤਰਾ ਦੇ ਰਾਹ ਵਿੱਚ ਪੜਾਅ ਸਮਝਦੀ ਸੀ ਅਤੇ ਸਾਮਰਾਜਵਾਦ-ਪੂੰਜੀਵਾਦ ਦੇ ਵਿਰੁੱਧ ਸੰਘਰਸ਼ ਨੂੰ ਹੀ ਆਖਰੀ ਨਿਰਣਾਇਕ ਸੰਘਰਸ਼ ਮੰਨਦੀ ਸੀ। ਭਗਤ ਸਿੰਘ ਨੇ ਕਈ ਜਗ੍ਹਾ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਇਸ ਨਿਰਣਾਇਕ ਸੰਸਾਰ ਇਤਿਹਾਸਕ ਮਹਾਂਯੁੱਧ ਦੀ ਅਗਵਾਈ ਮਹਾਨ ਮਜ਼ਦੂਰ ਜਮਾਤ ਹੀ ਕਰ ਸਕਦੀ ਹੈ ਅਤੇ ਪਪੂੰਜੀਵਾਦ ਦਾ ਇੱਕੋ ਇੱਕ ਬਦਲ ਸਮਾਜਵਾਦ ਹੀ ਹੋ ਸਕਦਾ ਹੈ। ਇਸ ਅਰਥ ਵਿੱਚ ਭਗਤ ਸਿੰਘ ਅਤੇ ਐਚ. ਐਸ. ਆਰ. ਏ. ਦੇ ਆਗੂ ਨੌਜਵਾਨ ਇਨਕਲਾਬੀ ਨਾ ਸਿਰਫ ਪਹਿਲੇ ਹਥਿਆਰਬੰਦ ਇਨਕਲਾਬੀਆਂ ਤੋਂ ਹੀ ਸਗੋਂ ਆਪਣੇ ਸਮਕਾਲੀਨਾਂ ਤੋਂ ਵੀ ਕਾਫੀ ਅੱਗੇ ਸਨ। ਅੱਜ ਜਦੋਂ ਸੰਸਾਰ ਪੱਧਰ ’ਤੇ ਪੂੰਜੀ ਅਤੇ ਕਿਰਤ ਦੀਆਂ ਤਾਕਤਾਂ ਇੱਕ ਨਵੇਂ, ਫੈਸਲਾਕੁਨ ਇਤਿਹਾਸਕ ਯੁੱਧ ਦੇ ਲਈ ਆਹਮਣੇ ਸਾਹਮਣੇ ਲਾਮਬੰਦ ਹੋ ਰਹੀਆਂ ਹਨ ਤਾਂ ਭਾਰਤ ਦੇ ਨੌਜਵਾਨਾਂ ਅਤੇ ਮਜ਼ਦੂਰਾਂ ਦੇ ਲਈ ਸਾਮਰਾਜਵਾਦ ਅਤੇ ਪੂੰਜੀਵਾਦ ਦੇ ਭਵਿੱਖ ਸਬੰਧੀ ਭਗਤ ਸਿੰਘ ਦੇ ਅਨੁਮਾਨ ਅਤੇ ਭਵਿੱਖਵਾਣੀ ਦਾ ਵਿਸ਼ੇਸ਼ ਮਹੱਤਵ ਹੋ ਜਾਂਦਾ ਹੈ।
ਭਗਤ ਸਿੰਘ, ਭਗਵਤੀਚਰਣ ਵੋਹਰਾ ਅਤੇ ਐਚ. ਐਸ. ਆਰ. ਏ. ਬਾਕੀ ਮੋਹਰੀ ਇਨਕਲਾਬੀਆਂ ਦਾ ਦਿ੍ਰਸ਼ਟੀਕੋਣ ਭਾਰਤੀ ਸਰਮਾਏਦਾਰ ਜਮਾਤ ਬਾਰੇ ਵੀ ਇੱਕਦਮ ਸਪੱਸ਼ਟ ਸੀ। ਕਾਂਗਰਸ ਦੀ ਲੀਡਰਸ਼ਿਪ ਨੂੰ ਉਹ ਇਹਨਾਂ ਪੂੰਜੀਪਤੀਆਂ-ਵਪਾਰੀਆਂ ਦਾ ਹੀ ਪ੍ਰਤੀਨਿਧੀ ਮੰਨਦੇ ਸਨ ਉਹਨਾਂ ਦੀ ਇਹ ਸਪੱਸ਼ਟ ਧਾਰਨਾ ਸੀ ਕਿ ਕੌਮੀ ਲਹਿਰ ਦੀ ਅਗਵਾਈ ਜੇਕਰ ਕਾਂਗਰਸ ਦੇ ਹੱਥਾਂ ’ਚ ਹੀ ਰਹੀ ਤਾਂ ਇਸਦਾ ਅੰਤ ਇੱਕ ਸਮਝੋਤੇ ਦੇ ਰੂਪ ਵਿੱਚ ਹੋਵੇਗਾ। ਇਸੇ ਲਈ ਇਹ ਸਪੱਸ਼ਟ ਸੰਦੇਸ਼ ਦਿੰਦੇ ਹਨ ਕਿ ਇਨਕਲਾਬੀਆਂ ਲਈ ਅਜ਼ਾਦੀ ਦਾ ਅਰਥ ਸੱਤਾ ’ਤੇ ਬਹੁਗਿਣਤੀ ਮਜ਼ਦੂਰ ਲੋਕਾਂ ਦਾ ਕਾਬਜ਼ ਹੋਣਾ ਹੈ, ਨਾ ਕਿ ਲਾਰਡ ਰੀਡਿੰਗ ਅਤੇ ਲਾਰਡ ਇਰਵਿਨ ਦੀ ਜਗ੍ਹਾ ਪੁਰਸ਼ੋਤਮ ਦਾਸ, ਠਾਕਰਦਾਸ ਦਾ ਜਾਂ ਗੋਰੇ ਅੰਗ੍ਰੇਜਾਂ ਦੀ ਜਗ੍ਹਾ ਕਾਲੇ ਅੰਗ੍ਰੇਜਾਂ ਦਾ ਸੱਤਾ ’ਤੇ ਕਾਬਜ਼ ਹੋ ਜਾਣਾ। ਉਹਨਾਂ ਦਾ ਸਪੱਸ਼ਟ ਐਲਾਨ ਸੀ ਕਿ ਦੇਸ਼ੀ ਲੁਟੇਰੇ ਵੀ ਕਿਸਾਨਾਂ-ਮਜ਼ਦੁਰਾਂ ਦਾ ਖੂਨ ਚੂਸਦੇ ਰਹਿਣਗੇ ਤਾਂ ਸਾਡੀ ਲੜਾਈ ਜਾਰੀ ਰਹੇਗੀ। ਇੱਥੇ ਇਹ ਵੀ ਜ਼ਕਰਯੋਗ ਹੈ ਕਿ ਗਾਂਧੀ ਅਤੇ ਕਾਂਗਰਸ ਦੀ ਰਾਜਨੀਤੀ ਦਾ ਵਿੱਰੋਧ ਕਰਦੇ ਹੋਏ ਭਗਤ ਸਿੰਘ ਦੀ ਸੋਚ ਤੇ ਢੰਗ ਬਿਲਕੁਲ ਦਵੰਦਾਤਮਕ ਹੈ। ਉਹ ਮੰਨਦੇ ਸਨ ਕਿ ਵਿਆਪਕ ਜਨਤਾ ਦੀਆਂ ਕੌਮੀ ਭਾਵਨਾਵਾਂ ਨੂੰ ਕਾਂਗਰਸ ਦੀ ਅਗਵਾਈ ਵਾਲੀ ਲੋਕ ਲਹਿਰ ਇੱਕ ਮੰਚ ਪ੍ਰਦਾਨ ਕਰ ਰਹੀ ਹੈ। ਉਹ ਇਸਦੀਆਂ ਕਾਰਵਾਈਆਂ ਦੇ ਪ੍ਰਸ਼ੰਸਕ ਹਨ ਪਰ ਇਹ ਵੀ ਮੰਨਦੇ ਹਨ ਕਿ ਕਾਂਗਰਸੀ ਲੀਡਰਸ਼ਿਪ ਦੀ ਰਾਜਨੀਤੀ ਲੋਕ ਵਿਰੋਧੀ ਹੈ ਅਤੇ ਇਸਦੀਆਂ ਕਾਰਵਾਈਆਂ ਦਾ ਉਦੇਸ਼ ਜਨਤਾ ਦੀ ਮੁਕਤੀ ਨਹੀਂ ਸਗੋਂ ਮੁੱਠੀਭਰ ਪੂੰਜੀਪਤੀਆਂ ਅਤੇ ਕੁਲੀਨਾਂ ਨੂੰ ਸੱਤਾ ਸੰਭਾਲਣਾ ਹੈ ਅਤੇ ਇਹ ਵੀ ਕਿ ਕਾਂਗਰਸ ਸਾਮਰਾਜਵਾਦ ਤੋਂ ਫੈਸਲਾਕੁੰਨ ਅਜ਼ਾਦੀ ਨਹੀਂ ਲੈ ਸਕਦੀ। ਗਾਂਧੀ ਅਤੇ ਗਾਂਧੀਵਾਦ ਦਾ ਇਤਿਹਾਸਕ ਦਵੰਦਾਤਮਕ ਵਿਸ਼ਲੇਸ਼ਣ ਕਰਦੇ ਹੋਏ ਉਹ ਲਿਖਦੇ ਹਨ, ‘‘ਗਾਂਧੀ ਇੱਕ ਦਿਆਲੂ ਮਾਨਵਤਾਵਾਦੀ ਆਦਮੀ ਹੈ ਪਰ ਅਜਿਹੀ ਹਮਦਰਦੀ ਨਾਲ਼ ਸਮਾਜਿਕ ਤਬਦੀਲੀ ਨਹੀਂ ਆਉਂਦੀ, ਉਸ ਲਈ ਵਿਗਿਆਨਕ ਅਤੇ ਗਤੀਸ਼ੀਲ ਸਮਾਜਿਕ ਸ਼ਕਤੀ ਦੀ ਜ਼ਰੂਰਤ ਹੈ।’’ 2ਫਰਵਰੀ 1931 ਦੇ ਆਪਣੇ ਲੰਬੇ ਲੇਖ ਵਿੱਚ ਉਨ੍ਹਾਂ ਨੇ ਫਿਰ ਲਿਖਿਆ, ‘‘ਸਾਨੂੰ ਕਾਂਗਰਸੀ ਅੰਦੋਲਨ ਦੀਆਂ ਸੰਭਾਵਨਾਵਾਂ, ਹਾਰਾਂ ਤੇ ਪ੍ਰਾਪਤੀਆਂ ਸੰਬੰਧੀ ਕਿਸੇ ਕਿਸਮ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ, ਅੱਜ ਦੇ ਇਸ ਅੰਦੋਲਨ ਨੂੰ ਗਾਂਧੀਵਾਦ ਕਹਿਣਾ ਠੀਕ ਹੈ…..ਇਸਦਾ ਢੰਗ ਨਿਰਾਲਾ ਹੈ, ਪਰ ਇਸਦੇ ਵਿਚਾਰ ਬੇਚਾਰੇ ਲੋਕਾਂ ਦੇ ਕਿਸੇ ਕੰਮ ਦੇ ਨਹੀਂ ਹਨ। ਗਾਂਧੀਵਾਦ ਸਾਬਰਮਤੀ ਦੇ ਸੰਤ ਨੂੰ ਕੋਈ ਸਥਾਈ ਸ਼ਿਸ਼ (ਚੇਲਾ) ਨਹੀਂ ਦੇ ਸਕੇਗਾ।’’ ਪਰ ਨਾਲ਼ ਹੀ ਵਿਆਪਕ ਜਨਤਾ ਨੂੰ ਲਾਮਬੰਧ ਕਰ ਲੈਣ ਦੀ ਗਾਂਧੀ ਦੀ ਸਫਲਤਾ ਦਾ ਉਹ ਤਰਕਸੰਗਤ ਮੁੱਲਅੰਕਣ ਵੀ ਕਰਦੇ ਹਨ, ‘‘ਇਸ ਤਰਾਂ ਗਾਂਧੀਵਾਦ ਆਪਣੇ ਕਿਸਮਤਵਾਦੀ ਦਰਸ਼ਨ ਦੇ ਬਾਵਜੂਦ ਇਨਕਲਾਬੀ ਵਿਚਾਰਾਂ ਦੇ ਨਜ਼ਦੀਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਇਹ ਲੋਕ-ਕਾਰਵਾਈ ’ਤੇ ਨਿਰਭਰ ਕਰਦਾ ਹੈ, ਬੇਸ਼ਕ ਇਹ ਕਾਰਵਾਈ ਲੋਕਾਂ ਲਈ ਨਹੀਂ ਹੈ।’’
ਇੱਕ ਪਾਸੇ ਜਿੱਥੇ ਐਚ. ਐਸ. ਆਰ. ਏ. ਨੇ ਲੋਕਾਂ ਨੂੰ ਜਗਾਉਣ ਅਤੇ ਆਪਣੇ ਉਦੇਸ਼ਾਂ ਦੇ ਪ੍ਰਚਾਰ ਲਈ ਕੁਝ ਵਿਅਕਤੀਗਤ ਹਿੰਸਕ ਕਾਰਵਾਈਆਂ ਨੂੰ ਪਹਿਲੇ ਇਨਕਲਾਬੀ ਸੰਗਠਨਾਂ ਦੀ ਹੀ ਤਰ੍ਹਾਂ ਅੰਜਾਮ ਦਿੱਤਾ, ਨਾਲ ਹੀ ਮਜ਼ਦੂਰ ਇਨਕਲਾਬਾਂ ਅਤੇ ਲੋਕ ਸੰਘਰਸ਼ਾਂ ਦੇ ਇਤਿਹਾਸ ਅਤੇ ਇਨਕਲਾਬੀ ਲਹਿਰਾਂ ਦੇ ਤਜਰਬੇ ਦੇ ਨਿਚੋੜ ਦੇ ਅਧਾਰ ’ਤੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਇਸ ਨਤੀਜੇ ’ਤੇ ਪਹੁੰਚਦੇ ਜਾ ਰਹੇ ਸਨ ਕਿ ਇਨਕਲਾਬ ਆਪਣੀ ਨਿਰਣਾਇਕ ਮੰਜ਼ਿਲ ’ਤੇ ਜ਼ਰੂਰ ਹੀ ਹਥਿਆਰਬੰਦ ਅਤੇ ਹਿੰਸਕ ਹੋਵੇਗਾ, ਪਰ ਮਜ਼ਦੂਰਾਂ-ਕਿਸਾਨਾਂ-ਨੌਜਵਾਨਾਂ-ਵਿਦਿਆਰਥੀਆਂ ਦੀ ਖੁੱਲੀਆਂ ਜਨਤਕ ਜਥੇਬੰਦੀਆਂ ਬਣਾਏ ਬਿਨਾਂ ਅਤੇ ਵਿਆਪਕ ਲੋਕ ਲਹਿਰਾਂ ਤੋਂ ਬਿਨਾ ਇਨਕਲਾਬ ਦੀਆਂ ਤਿਆਰੀਆਂ ਨੂੰ ਨਿਰਣਾਇਕ ਮੰਜਿਲ ਤੱਕ ਪਹੁੰਚਾਇਆ ਹੀ ਨਹੀਂ ਜਾ ਸਕਦਾ। ਇਸ ਵਿਚਾਰ ਦਾ ਸ਼ੁਰੂਆਤੀ ਪ੍ਰਗਟਾਵਾ ਸਾਨੂੰ ‘ਨੌਜਵਾਨ ਭਾਰਤ ਸਭਾ’ ਦੇ ਗਠਨ ਵਿੱਚ ਦੇਖਣ ਨੂੰ ਮਿਲਦਾ ਹੈ ਅਤੇ ਜੇਲ੍ਹ ਜੀਵਨ ਦੇ ਆਖਰੀ ਸਾਲ ਤੱਕ ਮਾਰਕਸਵਾਦ-ਲੈਨਿਨਵਾਦ ਦੇ ਡੂੰਘੇ ਅਧਿਐਨ (ਜਿਸਦਾ ਸਬੂਤ ਭਗਤ ਸਿੰਘ ਦੀ ਜੇਲ੍ਹ ਡਾਇਰੀ ਦੇ ਨੋਟਸ ਹਨ) ਦੇ ਬਾਅਦ ਭਗਤ ਸਿੰਘ ਇਸ ਸੋਚ ’ਤੇ ਪੂਰੀ ਤਰ੍ਹਾਂ ਦਿ੍ਰੜ ਹੋ ਚੁੱਕੇ ਸਨ। 19 ਅਕਤੂਬਰ 1929 ਨੂੰ ਪੰਜਾਬ ਵਿਦਿਆਰਥੀ ਸੰਘ, ਲਾਹੌਰ ਦੇ ਦੂਜੇ ਅਧਿਵੇਸ਼ਨ ਨੂੰ ਭੇਜੇ ਗਏ ਆਪਣੇ ਸੰਦੇਸ਼ ਵਿੱਚ ਭਗਤ ਸਿੰਘ ਨੇ ਲਿਖਿਆ ਸੀ :‘‘ਇਸ ਸਮੇਂ ਅਸੀਂ ਨੌਜਵਾਨਾਂ ਨੂੰ ਬੰਬ ਅਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਵੀ ਜ਼ਿਆਦਾ ਵੱਡੇ ਕੰਮ ਹਨ।…..ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਅਤੇ ਪੇਂਡੂ ਝੋਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ, ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ ਜਿਸ ਵਿੱਚ ਇਨਸਾਨ ਹੱਥੋਂ ਇਨਸਾਨ ਦੀ ਲੁੱਟ ਅਸੰਭਵ ਹੋ ਜਾਵੇਗੀ।’’ ਫਰਵਰੀ 1931 ਦੇ ਆਪਣੇ ਇਤਿਹਾਸਕ ਮਸੌਦਾ ਦਸਤਾਵੇਜ਼ ਵਿੱਚ ਭਗਤ ਸਿੰਘ ਨੇ ਸਪੱਸ਼ਟ ਕਿਹਾ ਸੀ: ‘‘ਦਹਿਸ਼ਤਗਰਦੀ ਸਾਡੇ ਸਮਾਜ ਵਿੱਚ ਇਨਕਲਾਬੀ ਚਿੰਤਨ ਦੀ ਪਕੜ ਦੀ ਘਾਟ ਦਾ ਪ੍ਰਗਟਾਵਾ ਹੈ ਜਾਂ ਇੱਕ ਪਛਤਾਵਾ ਹੈ। ਇਸੇ ਤਰਾਂ ਇਹ ਆਪਣੀ ਅਸਫਲਤਾ ਨੂੰ ਸਵੀਕਾਰ ਕਰਨਾ ਵੀ ਹੈ।….ਦਹਿਸ਼ਤਗਰਦੀ ਵੱਧ ਤੋਂ ਵੱਧ ਸਾਮਰਾਜਵਾਦੀ ਸ਼ਕਤੀਆਂ ਨੂੰ ਸਮਝੋਤੇ ਲਈ ਮਜਬੂਰ ਕਰ ਸਕਦਾ ਹੈ, ਅਜਿਹੇ ਸਮਝੋਤੇ, ਸਾਡੇ ਉਦੇਸ਼ ਪੂਰੀ ਅਜ਼ਾਦੀ ਤੋਂ ਹਮੇਸ਼ਾਂ ਹੀ ਕਿਤੇ ਦੂਰ ਰਹਿਣਗੇ। ਇਸ ਤਰਾਂ ਦਹਿਸ਼ਤਗਰਦੀ, ਇੱਕ ਸਮਝੋਤਾ, ਸੁਧਾਰਾਂ ਦੀ ਇੱਕ ਕਿਸ਼ਤ ਨਿਚੋੜ ਕੇ ਲਿਆ ਸਕਦਾ ਹੈ ਅਤੇ ਇਸੇ ਨੂੰ ਪ੍ਰਾਪਤ ਕਰਨ ਲਈ ਗਾਂਧੀਵਾਦ ਜ਼ੋਰ ਲਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਦਿੱਲੀ ਦਾ ਸ਼ਾਸਨ ਗੋਰੇ ਹੱਥਾਂ ’ਚੋਂ ਭੂਰੇ ਹੱਥਾਂ ਵਿੱਚ ਆ ਜਾਵੇ। ਇਹ ਲੋਕਾਂ ਦੇ ਜੀਵਨ ਤੋਂ ਦੂਰ ਹੈ ਅਤੇ ਇਹਨਾਂ ਦੇ ਗੱਦੀ ’ਤੇ ਬੈਠਦੇ ਹੀ ਜ਼ਾਲਮ ਬਣ ਜਾਣ ਦੀਆਂ ਵਧੇਰੇ ਸੰਭਾਵਨਾਵਾਂ ਹਨ।’’ ਸਪੱਸ਼ਟ ਹੈ ਕਿ ਆਪਣੀ ਵਿਚਾਰ ਯਾਤਰਾ ਦੇ ਆਖਰੀ ਪੜਾਅ ਤੱਕ ਪਹੁੰਚਦੇ-ਪਹੁੰਚਦੇ ਭਗਤ ਸਿੰਘ ਕਾਂਗਰਸ ਅਤੇ ਗਾਂਧੀਵਾਦ ਦੇ ਅਸਲੀ ਚਰਿੱਤਰ ਦੀ ਪਹਿਚਾਣ ਕਰਨ ਦੇ ਨਾਲ਼-ਨਾਲ਼ ਇਨਕਲਾਬੀ ਦਹਿਸ਼ਤਗਰਦੀ ਦੀਆਂ ਸੀਮਾਵਾਂ ਨੂੰ ਵੀ ਸਮਝਣ ਲੱਗੇ ਸਨ ਅਤੇ ਜਿਵੇਂ ਕਿ ਫਰਵਰੀ 1931 ਦੇ ਮਸੌਦਾ ਦਸਤਾਵੇਜ ਤੋਂ ਸਪੱਸ਼ਟ ਹੋ ਜਾਂਦਾ ਹੈ, ਉਹ ਮਹਾਨ ਦਿਮਾਗ ਆਪਣੀਆਂ ਅਤਿੰਮ ਘੜੀਆਂ ਵਿੱਚ ਇੱਕ ਲੋਕ-ਇਨਕਲਾਬ ਦੀ ਤਿਆਰੀ ਅਤੇ ਉਸਦੇ ਨਾਲ਼ ਜੁੜੇ ਸਵਾਲਾਂ ਦੇ ਹੱਲ ਲਈ ਗੰਭੀਰ ਰੂਪ ਨਾਲ ਜੂਝ ਰਿਹਾ ਸੀ।
ਭਗਤ ਸਿੰਘ ਕੌਮੀ ਮੁਕਤੀ ਲਹਿਰ ਵਿੱਚ ਸਰਮਾਏਦਾਰ ਜਮਾਤ ਦੀ ਸ਼ਮੂਲੀਅਤ ਨੂੰ ਜਿੱਥੇ ਆਲਸ ਨਾਲ਼ ਭਰਿਆ ਹੋਇਆ ਅਤੇ ਅੰਤ ਵਿੱਚ ਸਮਝੋਤੇ ’ਤੇ ਹੀ ਪਹੁੰਚਣ ਵਾਲਾ ਮੰਨਦੇ ਸਨ, ਉਥੇ ਹੀ ਅਧਿਐਨ ਅਤੇ ਤਜਰਬੇ ਨੇ ਉਹਨਾਂ ਨੂੰ ਮਜ਼ਦੂਰਾਂ-ਕਿਸਾਨਾਂ ਦੀ ਅਗਵਾਈ ਦੀ ਲੈਨਿਨਵਾਦੀ ਧਾਰਨਾ ਤੱਕ ਪਹੁੰਚਾ ਦਿੱਤਾ ਸੀ, ਜਿਸਦੇ ਅਨੁਸਾਰ ਕੌਮੀ ਜਾਂ ਸਮਾਜਵਾਦੀ ਇਨਕਲਾਬਾਂ ਵਿੱਚ ਮਜ਼ਦੂਰ ਜਮਾਤ ਦੀ ਅਗਵਾਈ ਅਤੇ ਉਨਾਂ ਦੀ ਕਰੀਬੀ ਸਹਾਇਕ ਦੇ ਰੂਪ ਵਿੱਚ ਕਿਸਾਨਾਂ ਦੀ ਮੌਜੂਦਗੀ ਹੀ ਉਨ੍ਹਾਂ ਦੀ ਸਫਲਤਾ ਦੀ ਗਾਰੰਟੀ ਹੋ ਸਕਦੀ ਹੈ। ਉਹਨਾਂ ਨੇ ਇਹ ਸਪੱਸ਼ਟ ਲਿਖਿਆ ਸੀ, ‘‘ਇਨਕਲਾਬ ਕੌਮੀ ਹੋਵੇ ਜਾਂ ਸਮਾਜਵਾਦੀ, ਜਿਨ੍ਹਾਂ ਸ਼ਕਤੀਆਂ ’ਤੇ ਅਸੀਂ ਨਿਰਭਰ ਹੋ ਸਕਦੇ ਹਾਂ, ਉਹ ਹਨ ਕਿਸਾਨ ਤੇ ਮਜ਼ਦੂਰ।’’ ਆਪਣੇ ਉਪਰੋਕਤ ਇਤਿਹਾਸਕ ਦਸਤਾਵੇਜ਼ ਵਿੱਚ ਭਗਤ ਸਿੰਘ ਨੇ ਨੌਜਵਾਨ ਰਾਜਨੀਤਿਕ ਕਾਰਕੁਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮਾਰਕਸ ਅਤੇ ਲੈਨਿਨ ਦੀਆਂ ਲਿਖਤਾਂ ਪੜ੍ਹਨ, ਉਨ੍ਹਾਂ ਦੀਆਂ ਸਿਖਿਆਵਾਂ ਨੂੰ ਆਪਣਾ ਮਾਰਗਦਰਸ਼ਕ ਬਣਾਉਣ, ਲੋਕਾਂ ਵਿੱਚ ਜਾਣ, ਮਜ਼ਦੂਰਾਂ-ਕਿਸਾਨਾਂ ਅਤੇ ਸਿਖਿਅਤ ਮੱਧਵਰਗੀ ਨੌਜਵਾਨਾਂ ਵਿੱਚ ਕੰਮ ਕਰਨ, ਉਨ੍ਹਾਂ ਨੂੰ ਰਾਜਨੀਤਿਕ ਦਿ੍ਰਸ਼ਟੀ ਤੋਂ ਸਿੱਖਿਅਤ ਕਰਨ, ਉਨ੍ਹਾਂ ਵਿੱਚ ਜਮਾਤੀ ਚੇਤਨਾ ਪੈਦਾ ਕਰਨ ਉਨਾਂ ਨੂੰ ਜਥੇਬੰਦ ਕਰਨ ਆਦਿ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਦਸਤਾਵੇਜ਼ ਵਿੱਚ ਇੱਕ ਕਮਿਊਨਿਸਟ ਪਾਰਟੀ ਦੇ ਨਿਰਮਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ ਹੈ ਜੋ ਮੁੱਖ ਰੂਪ ਵਿੱਚ ਪੇਸ਼ੇਵਰ ਇਨਕਲਾਬੀਆਂ-ਅਜਿਹੇ ਕੁਲ-ਵਕਤੀ ਕਾਰਕੁਨਾਂ ’ਤੇ ਨਿਰਭਰ ਹੋਵੇ ਜਿਨ੍ਹਾਂ ਦੀ ਇਨਕਲਾਬ ਤੋਂ ਸਿਵਾ ਕੋਈ ਹੋਰ ਇੱਛਾ ਹੀ ਨਾ ਹੋਵੇ, ਨਾ ਹੀ ਜੀਵਨ ਦਾ ਕੋਈ ਹੋਰ ਉਦੇਸ਼।
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਕੌਮੀ ਜਮਹੂਰੀ ਇਨਕਲਾਬ ਨੂੰ ਸਮਾਜਵਾਦ ਲਈ ਸੰਘਰਸ਼ ਦੇ ਉਦੇਸ਼ ਦੀ ਦਿਸ਼ਾ ਦੀ ਯਾਤਰਾ ਵਿਚਲਾ ਇੱਕ ਪੜਾਅ ਮੰਨਦੇ ਸਨ, ਉਹ ਪ੍ਰੋਲੇਤਾਰੀ ਇਨਕਾਲਬ ਦੇ ਹੱਕ ਵਿੱਚ ਸਨ ਅਤੇ ਬਸਤੀਵਾਦ ਦੇ ਵਿਰੁੱਧ ਸੰਘਰਸ਼ ਨੂੰ ਸਾਮਰਾਜਵਾਦ ਦੇ ਸੰਸਾਰ ਪ੍ਰਬੰਧ ਦੇ ਵਿਰੁੱਧ ਸੰਘਰਸ਼ ਦਾ ਇੱਕ ਅੰਗ ਮੰਨਦੇ ਸਨ। ਉਹ ਸਿਰਫ ਕੌਮੀ ਇਨਕਲਾਬੀ ਨਾ ਹੋ ਕੇ ਇੱਕ ਦਿ੍ਰੜ ਅੰਤਰ-ਰਾਸ਼ਟਰਵਾਦੀ ਸਨ। ਭਾਸ਼ਾਈ-ਜਾਤੀਗਤ-ਧਾਰਮਿਕ ਸੰਕੀਰਣਤਾ ਤੋਂ ਉਹ ਪੂਰੀ ਤਰ੍ਹਾਂ ਅਜ਼ਾਦ ਸਨ ਅਤੇ ਰਹੱਸਵਾਦ ਤੇ ਕਿਸਮਤਵਾਦ ਦੀ ਦਿਮਾਗੀ ਗੁਲਾਮੀ ਤੋਂ ਛੁੱਟਕਾਰਾ ਪਾ ਚੁੱਕੇ ਸਨ। ਭਗਤ ਸਿੰਘ ਦੀ ਨਾਸਤਿਕਤਾ ਇੱਕ ਸੱਚੇ ਵਿਗਿਆਨਕ ਭੌਤਿਕਵਾਦੀ ਦੀ ਨਾਸਤਿਕਤਾ ਸੀ।
ਇਸ ਪੂਰੀ ਚਰਚਾ ਦਾ ਉਦੇਸ਼ ਭਗਤ ਸਿੰਘ ਦੇ ਚਿੰਤਨ ਦੇ ਉਨ੍ਹਾਂ ਪੱਖਾਂ ਨੂੰ ਸਾਹਮਣੇ ਲਿਆਉਣਾ ਹੈ ਜੋ ਅੱਜ ਦੇ ਸਮੇਂ ਵਿੱਚ ਵੀ ਸਾਡੇ ਲਈ ਪ੍ਰਸੰਗਿਕ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਭਗਤ ਸਿੰਘ ਦੁਆਰਾ ਸੁਝਾਇਆ ਗਿਆ ਇਨਕਲਾਬ ਦਾ ਰਾਹ ਅੱਜ ਸਾਡੇ ਲਈ ਪੂਰੀ ਤਰ੍ਹਾਂ ਪ੍ਰਸੰਗਿਕ ਹੈ। ਉਦੋਂ ਤੋਂ ਹੁਣ ਤੱਕ ਦੇਸ਼ ਦੇ ਉਤਪਾਦਨ ਸੰਬੰਧਾਂ, ਸਮਾਜਿਕ-ਆਰਥਿਕ ਸੰਰਚਨਾ, ਰਾਜਸੱਤਾ ਦੇ ਚਰਿੱਤਰ ਅਤੇ ਕਾਰਜ-ਪ੍ਰਣਾਲੀ ਤੇ ਸਾਮਰਾਜਵਾਦ ਦੇ ਚਰਿੱਤਰ ਅਤੇ ਕਾਰਜਪ੍ਰਣਾਲੀ ਵਿੱਚ ਮਹੱਤਵਪੂਰਨ ਪ੍ਰੀਵਰਤਨ ਆਏ ਹਨ, ਪਰ ਅੱਜ ਦੇ ਇਨਕਲਾਬ ਦੇ ਨੌਜਵਾਨ ਦਸਤਿਆਂ ਲਈ ਵੀ ਭਗਤ ਸਿੰਘ ਦੇ ਚਿੰਤਨ ਦੇ ਕੁਝ ਪੱਖ ਬੇਹੱਦ ਪ੍ਰਸੰਗਿਕ ਹਨ। ਇਨ੍ਹਾਂ ਨੂੰ ਜੇ ਲੜੀਬੱਧ ਦੱਸਣਾ ਹੋਵੇ ਤਾਂ ਇਸ ਤਰਾਂ ਕਹਿ ਸਕਦੇ ਹਾਂ: (1) ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਲਗਾਤਾਰ ਵਿਕਾਸਸ਼ੀਲ ਭੌਤਿਕਵਾਦੀ ਜੀਵਨ ਦਿ੍ਰਸ਼ਟੀ ਅਤੇ ਦਵੰਦਾਤਮਕ ਵਿਸ਼ਲੇਸ਼ਣ ਢੰਗ, (2) ਸਾਮਰਾਜਵਾਦ ਦੇ ਵਿਰੁੱਧ ਜਾਰੀ ਸੰਸਾਰ-ਇਤਿਹਾਸਕ ਯੁੱਧ ਪ੍ਰਤੀ ਉਨ੍ਹਾਂ ਦਾ ਦਿ੍ਰਸ਼ਟੀਕੋਣ, (3) ਕੌਮੀ ਮੁਕਤੀ ਲਹਿਰ ਨੂੰ ਸਾਮਰਾਜਵਾਦੀ ਸੰਸਾਰ ਢਾਂਚੇ ਦੇ ਵਿਰੁੱਧ ਸੰਘਰਸ਼ ਦਾ ਅੰਗ ਮੰਨਣ ਅਤੇ ਸਮਾਜਵਾਦੀ ਇਨਕਲਾਬ ਦੀ ਪਹਿਲੀ ਮੰਜ਼ਿਲ ਮੰਨਣ ਦਾ ਉਨ੍ਹਾਂ ਦਾ ਨਜ਼ਰੀਆ (4) ਕਾਂਗਰਸ ਅਤੇ ਗਾਂਧੀ ਦੇ ਜਮਾਤੀ ਚਰਿੱਤਰ ਦਾ ਦਵੰਦਾਤਮਕ ਮੁੱਲਅੰਕਣ ਅਤੇ ਕਾਂਗਰਸੀ ਅਗਵਾਈ ਵਾਲੀ ਕੌਮੀ ਲਹਿਰ ਦੀ ਮੁੱਖ ਧਾਰਾ ਦੀ ਤਰਕਸੰਗਤ ਹੋਣੀ ਦਾ ਸਹੀ ਪੂਰਵ-ਅਨੁਮਾਨ, (5) ਇਨਕਲਾਬੀ ਦਹਿਸ਼ਤਗਰਦੀ ਦੇ ਵਿਸ਼ਲੇਸ਼ਣ ਤੋਂ ਬਾਅਦ ਉਸਤੋਂ ਅੱਗੇ ਵੱਧਕੇ ਇਨਕਲਾਬੀ ਜਨਤਕ ਲੀਹ ’ਤੇ ਜ਼ੋਰ ਦੇਣਾ, ਮਜ਼ਦੂਰਾਂ ਕਿਸਾਨਾਂ ਨੂੰ ਇਨਕਲਾਬ ਦੀ ਮੁੱਖ ਸ਼ਕਤੀ ਮੰਨਦੇ ਹੋਏ ਉਨ੍ਹਾਂ ਨੂੰ ਜਥੇਬੰਦ ਕਰਨ ’ਤੇ ਜ਼ੋਰ ਦੇਣਾ ਅਤੇ ਇੱਕ ਪ੍ਰੋਲੇਤਾਰੀ ਇਨਕਲਾਬ ਨੂੰ ਜ਼ਰੂਰੀ ਦੱਸਣਾ (6) ਇੱਕ ਇਨਕਲਾਬੀ ਕਮਿਊਨਿਸਟ ਪਾਰਟੀ ਦੇ ਲੈਨਿਨਵਾਦੀ ਸੰਕਲਪ ਨੂੰ ਸਵੀਕਾਰਨਾ ਅਤੇ ਉਸਦੇ ਨਿਰਮਾਣ ਨੂੰ ਜ਼ਰੂਰੀ ਦੱਸਣਾ (7) ਧਾਰਮਿਕ-ਜਾਤੀਗਤ-ਭਾਸ਼ਾਈ ਕੱਟੜਤਾ ਦਾ ਵਿਰੋਧ ਕਰਨਾ ਆਦਿ।
ਇਸੇ ਕਰਕੇ ਸਾਡਾ ਮੰਨਣਾ ਹੈ ਕਿ ਇੱਕੀਵੀਂ ਸਦੀ ਵਿੱਚ ਭਗਤ ਸਿੰਘ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਇੱਕ ਭੁੱਲੀ ਹੋਈ ਇਨਕਲਾਬੀ ਪਰੰਮਪਰਾ ਨੂੰ ਮੁੜ ਯਾਦ ਕਰਨਾ ਹੀ ਨਹੀਂ ਹੈ। ਭਗਤ ਸਿੰਘ ਦਾ ਚਿੰਤਨ ਕੇਵਲ ਪਰੰਮਪਰਾ ਅਤੇ ਤਬਦੀਲੀ ਦੇ ਦਵੰਦ ਦਾ ਜਿਉਂਦਾ-ਜਾਗਦਾ ਰੂਪ ਹੈ ਅਤੇ ਅੱਜ, ਜਦੋਂ ਨਵੀਆਂ ਇਨਕਲਾਬੀ ਸ਼ਕਤੀਆਂ ਨੇ ਇੱਕ ਵਾਰ ਫਿਰ ਜਥੇਬੰਦ ਹੋ ਕੇ ਸਾਮਰਾਜਵਾਦ ਅਤੇ ਦੇਸੀ ਪੂੰਜੀਵਾਦ ਦੇ ਵਿਰੁੱਧ ਸੰਘਰਸ਼ ਦੀ ਦਿਸ਼ਾ ਅਤੇ ਰਾਹ ਖੋਜਣਾ ਹੈ, ਜਦੋਂ ਇੱਕ ਵਾਰ ਫਿਰ ਨਵੇਂ ਸਮਾਜਵਾਦੀ ਇਨਕਲਾਬ ਦੀ ਯੁੱਧਨੀਤੀ ਅਤੇ ਆਮ ਦਾਅਪੇਚ ਵਿਕਸਤ ਕਰਨ ਦੀ ਜ਼ਿੰਮੇਵਾਰੀ ਸਾਡੇ ਸਾਹਮਣੇ ਹੈ ਤਾਂ ਭਗਤ ਸਿੰਘ ਦੀ ਵਿਚਾਰ-ਪ੍ਰਕਿਰਿਆ ਅਤੇ ਉਸਦੇ ਸਿੱਟਿਆਂ ਤੋਂ ਸਾਨੂੰ ਬਹੁਮੁੱਲੀਆਂ ਸਿਖਿਆਵਾਂ ਮਿਲ ਸਕਦੀਆਂ ਹਨ।
ਪਰੰਮਪਰਾ ਕਦੀ ਵੀ ਉਂਗਲੀ ਫੜਕੇ ਭਵਿੱਖ ਤੱਕ ਨਹੀਂ ਪਹੁੰਚਦੀ। ਉਹ ਇੱਕ ਦਿਸ਼ਾ ਦਿੰਦੀ ਹੈ, ਪਰ ਸ਼ਰਤ ਇਹ ਹੈ ਕਿ ਅਸੀਂ ਅਲੋਚਨਾਤਮਕ ਸੂਝ ਨਾਲ਼ ਇਤਿਹਾਸ ਦਾ ਅਧਿਐਨ ਕਰੀਏ ਤੇ ਆਪਣੀ ਪਰੰਮਪਰਾ ਦੀ ਪਹਿਚਾਣ ਕਰੀਏ। ਪ੍ਰਾਚੀਨ ਸਮੇਂ ਦੇ ਲੋਕਾਇਤ ਦਰਸ਼ਨ, ਬੁੱਧ ਦਰਸ਼ਨ ਅਤੇ ਸਾਂਖਯ ਆਦਿ ਦੀ ਭੌਤਿਕਵਾਦੀ ਚਿੰਤਨ ਪਰੰਮਪਰਾ ਸਾਡੀ ਵਿਰਾਸਤ ਹੈ। ਮੱਧਯੁਗੀ ਨਿਰਗੁਣ ਭਗਤੀ ਅੰਦੋਲਨ ਦੀ ਪਰੰਮਪਰਾ ਸਾਡੀ ਵਿਰਾਸਤ ਹੈ। ਆਧੁਨਿਕ ਯੁੱਗ ਵਿੱਚ ਰਾਧਾਮੋਹਨ ਗੋਕੁਲਜੀ, ਰਾਹੁਲ ਸਾਂਕਰਤਾਇਨ ਅਤੇ ਭਗਤ ਸਿੰਘ ਦੀ ਵਿਕਾਸਸ਼ੀਲ ਵਿਗਿਆਨਕ ਭੌਤਿਕਵਾਦੀ ਚਿੰਤਨ ਪਰੰਮਪਰਾ ਵੀ ਸਾਡੀ ਵਿਰਾਸਤ ਹੈ ਅਤੇ ਸਾਡੀ ਇਹ ਵਿਰਾਸਤ ਬਹੁਤ ਅਮੀਰ ਹੈ। ਅਸੀਂ ਤਾਂ ਇੱਥੇ ਕੇਵਲ ਕੁਝ ਜਾਣੇ-ਪਹਿਚਾਣੇ ਨਾਵਾਂ ਦਾ ਹੀ ਜ਼ਿਕਰ ਕਰ ਰਹੇ ਹਾਂ। ਪੂਰੀ ਦੁਨੀਆ ਦੇ ਨਾਲ਼ ਹੀ, ਆਪਣੇ ਦੇਸ਼ ਦੀ ਇਸ ਇਨਕਲਾਬੀ ਵਿਰਾਸਤ ਨੂੰ ਮੁੜ ਯਾਦ ਕਰਨਾ ਅੱਜ ਦੇ ਪ੍ਰੋਲੇਤਾਰੀ ਪੁਨਰ-ਜਾਗਰਣ ਅਤੇ ਪ੍ਰਬੋਧਨ ਲਈ ਜ਼ਰੂਰੀ ਕਾਰਜ ਹੈ। ਇਤਿਹਾਸ ਕੋਈ ਜੜ੍ਹ-ਵਸਤੂ ਨਹੀਂ ਹੁੰਦੀ। ਜਦੋਂ ਵੀ ਭਵਿੱਖ ਨਿਰਮਾਣ ਦਾ ਨਵਾਂ ਕਾਰਜ ਸਾਹਮਣੇ ਆਉਂਦਾ ਹੈ, ਜਦੋਂ ਵੀ ਨਵੇਂ ਸਿਰੇ ਤੋਂ ਮੁਕਤੀ ਦੇ ਪ੍ਰਾਜੈਕਟਾਂ ਦਾ ਨਿਰਮਾਣ ਕਰਨਾ ਹੁੰਦਾ ਹੈ ਤਾਂ ਇੱਕ ਵਾਰ ਫਿਰ ਇਤਿਹਾਸ ਦੀ ਖੋਜ ਕਰਨੀ ਹੁੰਦੀ ਹੈ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਸੰਪੂਰਨ ਲਿਖਤਾਂ ਦਾ ਅਧਿਐਨ ਅੱਜ ਇਸੇ ਕਾਰਨ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ ਜੋ ਲੋਕ ਮੁਕਤੀ ਦੇ ਨਵੇਂ ਪ੍ਰਾਜੈਕਟ ਤਿਆਰ ਕਰਨ ਅਤੇ ਉਸਨੂੰ ਪ੍ਰਯੋਗ ਵਿੱਚ ਲਿਆਉਣ ਲਈ ਦਿ੍ਰੜ ਸੰਕਲਪ ਹਨ। ਇਨ੍ਹਾਂ ਪੱਤਰਾਂ ਅਤੇ ਦਸਤਾਵੇਜ਼ਾਂ ਦਾ ਅਧਿਐਨ ਕਰਦੇ ਹੋਏ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਦਾ ਅਧਿਐਨ ਸਮਾਂ-ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕਰਨਾ ਚਾਹੀਦਾ ਹੈ। ਭਗਤ ਸਿੰਘ ਨੂੰ ਹਾਲਾਤਾਂ ਨੇ ਆਪਣੇ ਵਿਚਾਰਾਂ ਨੂੰ ਸਥਿਰ-ਸੁਨਿਸ਼ਚਿਤ ਕਰਨ ਦਾ ਸਮਾਂ ਹੀ ਨਹੀਂ ਦਿੱਤਾ। ਉਨਾਂ ਦਾ ਸਾਰਾ ਚਿੰਤਨ ਇੱਕ ਤੂਫ਼ਾਨੀ ਗਤੀ ਵਾਲੀ ਵਿਚਾਰ-ਯਾਤਰਾ ਹੈ, ਜਿਸ ਵਿੱਚ ਇਨਕਲਾਬੀ ਜੀਵਨ ਦੇ ਤਜ਼ਰਬਿਆਂ ਦੇ ਨਿਚੋੜ ਅਤੇ ਦਰਸ਼ਨ, ਸਾਹਿਤ, ਇਨਕਲਾਬ ਦੇ ਇਤਿਹਾਸ ਆਦਿ ਦੇ ਬਹੁਤ ਤੇਜ਼ੀ ਨਾਲ ਅਧਿਐਨ ਦੇ ਬਾਅਦ, ਲਗਾਤਾਰ ਬਹੁਤ ਤੇਜ਼ ਗਤੀ ਨਾਲ਼ ਪ੍ਰੀਵਰਤਨ ਆਉਂਦੇ ਗਏ ਹਨ। ਉਹ ਲਗਾਤਾਰ ਵੱਧ-ਤੋਂ-ਵੱਧ ਵਿਗਿਆਨਕ ਦਿ੍ਰਸ਼ਟੀ ਦੀ ਪੂਰਨਤਾ ਦੀ ਦਿਸ਼ਾ ਵੱਲ ਅੱਗੇ ਵੱਧਦੇ ਗਏ ਹਨ। ਉਹਨਾਂ ਦਾ ਚਿੰਤਨ ਵੱਧ ਤੋਂ ਵੱਧ ਵਿਰੋਧਤਾਈਆਂ ਰਹਿਤ ਹੁੰਦਾ ਗਿਆ ਹੈ ਅਤੇ ਉਹਨਾਂ ਦਾ ਵਿਸ਼ਲੇਸ਼ਣ ਢੰਗ ਵਧੇਰੇ ਦਵੰਦਾਤਮਕ ਭੌਤਿਕਵਾਦੀ ਹੁੰਦਾ ਗਿਆ ਹੈ।
ਭਗਤ ਸਿੰਘ ਨੇ ਆਪਣਾ ਪਹਿਲਾ ਲੇਖ ਪੰਜਾਬ ਦੀ ਭਾਸ਼ਾ ਅਤੇ ਲਿੱਪੀ ਦੀ ਸਮੱਸਿਆ ਤੇ ਸਤਾਰਾਂ ਸਾਲ ਦੀ ਉਮਰ ਵਿੱਚ ਲਿਖਿਆ। ਉਦੋਂ ਉਨ੍ਹਾਂ ਦਾ ਇਨਕਲਾਬੀ ਜੀਵਨ ਸ਼ੁਰੂ ਹੋ ਚੁੱਕਾ ਸੀ ਅਤੇ ਉਹ ਕਾਨ੍ਹਪੁਰ ਵਿਖੇ ‘ਪ੍ਰਤਾਪ’ ਵਿੱਚ ਕੰਮ ਕਰਦੇ ਸਨ। 1928 ਵਿੱਚ ਐਚ. ਐਸ. ਆਰ. ਏ. ਦੇ ਗਠਨ ਸਮੇਂ ਤੱਕ ਉਨ੍ਹਾਂ ਦੀ ਅਤੇ ਉਹਨਾਂ ਦੇ ਸਾਥੀਆਂ ਦੀ ਸਮਾਜਵਾਦ ਪ੍ਰਤੀ ਸਤਹੀ ਪ੍ਰਤੀਬੱਧਤਾ ਪੈਦਾ ਹੋ ਚੁੱਕੀ ਸੀ ਅਤੇ ਹਥਿਆਰਬੰਦ ਕਾਰਵਾਈਆਂ ਦੇ ਨਾਲ਼-ਨਾਲ਼ ਨੌਜਵਾਨਾਂ ਦੀਆਂ ਵਿਆਪਕ ਜਨਤਕ ਜਥੇਬੰਦੀਆਂ ਅਤੇ ਲੋਕ ਲਹਿਰਾਂ ਨੂੰ ਵੀ ਉਹ ਜ਼ਰੂਰੀ ਮੰਨਣ ਲੱਗੇ ਸਨ। ਇਨਕਲਾਬੀ ਜੀਵਨ ਦੇ ਅਨੁਭਵਾਂ ਦਾ ਡੂੰਘਾਈ ਨਾਲ ਅਧਿਐਨ ਅਤੇ ਸੋਹਣ ਸਿੰਘ ਜੋਸ਼ ਤੇ ਲਾਲਾ ਛਬੀਲ ਦਾਸ ਦੇ ਨਾਲ ਲਗਾਤਾਰ ਸੰਪਰਕ-ਚਰਚਾ ਨੇ ਹੋਲੀ-ਹੋਲੀ ਵਿਗਿਆਨਕ ਸਮਾਜਵਾਦ ਪ੍ਰਤੀ ਉਨ੍ਹਾਂ ਦੀ ਸਮਝਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਕੰਮ ਕੀਤਾ। ਕਾਨ੍ਹਪੁਰਪ੍ਰਵਾਸ ਦੌਰਾਨ ਰਾਧਾਮੋਹਨ ਗੋਕੁਲਜੀ ਅਤੇ ਸੱਤਿਅਭਗਤ ਆਦਿ ਦੇ ਵਿਚਾਰਾਂ ਨੇ ਅਤੇ ਉਥੋਂ ਦੇ ਮਜ਼ਦੂਰ ਅੰਦੋਲਨ ਨੇ ਵੀ ਮੱਧਵਰਗੀ ਹਥਿਆਰਬੰਦ ਇਨਕਲਾਬਵਾਦ ਨੂੰ ਮਜ਼ਦੂਰ ਇਨਕਲਾਬ ਦੀ ਸਮਝ ਦੀ ਦਿਸ਼ਾ ਵੱਲ ਮੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਜੇਲ੍ਹ ਵਿੱਚ ਕਾਫੀ ਸੰਘਰਸ਼ ਤੋਂ ਬਾਅਦ ਪੜ੍ਹਨ-ਲਿਖਣ ਦੀ ਸਹੂਲਤ ਭਗਤ ਸਿੰਘ ਨੂੰ ਸਿਤੰਬਰ 1929 ਵਿੱਚ ਮਿਲੀ। ਉਸਦੇ ਬਾਅਦ, ਮੁਕੱਦਮੇ ਦੇ ਬਿਆਨਾਂ ਦੀ ਤਿਆਰੀ, ਜੇਲ੍ਹ ਦੇ ਬਾਹਰ ਸਾਥੀਆਂ ਨਾਲ਼ ਸੰਪਰਕ-ਚਰਚਾ ਅਤੇ ਲੰਬੀ ਭੁੱਖ-ਹੜਤਾਲ ਤੋਂ ਇਲਾਵਾ ਭਗਤ ਸਿੰਘ ਨੇ ਆਪਣਾ ਸਾਰਾ ਸਮਾਂ ਗਹਿਰਾਈ ਨਾਲ ਅਧਿਐਨ ਅਤੇ ਲਿਖਣ ’ਤੇ ਹੀ ਖਰਚ ਕੀਤਾ। ਜੇਲ ਡਾਇਰੀ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਅਧਿਐਨ ਦਾ ਦਾਇਰਾ ਬੇਹੱਦ ਵਿਸ਼ਾਲ ਸੀ, ਪਰ ਇਸ ਵਿੱਚ ਵੀ ਇਨਕਲਾਬਾਂ ਦੇ ਇਤਿਹਾਸ, ਮਹੱਤਵ ਪੂਰਨ ਮਾਰਕਸਵਾਦੀ ਕਲਾਸਿਕਸ ਅਤੇ ਦਰਸ਼ਨ ਦਾ ਉਹਨਾਂ ਨੇ ਸਭ ਤੋਂ ਵੱਧ ਅਧਿਐਨ ਕੀਤਾ। ਡਾਇਰੀ ਦੇ ਨੋਟਸ ਤੋਂ ਪਤਾ ਲੱਗਦਾ ਹੈ ਕਿ ਇਹ ਅਧਿਐਨ ਕਿੰਨਾ ਡੂੰਘਾਈ ਨਾਲ਼ ਕੀਤਾ ਗਿਆ ਸੀ। ਧਿਆਨਦੇਣ ਯੋਗ ਹੈ ਕਿ 23 ਮਾਰਚ 1931 ਤੱਕ ਜਾਰੀ ਇਸ ਅਧਿਐਨ ਸਿਲਸਿਲੇ ਦਾ ਸਮਾਂ ਕੇਵਲ ਡੇਢ ਸਾਲਾਂ ਦਾ ਹੀ ਸੀ। ਇਸ ਥੋੜੇ ਜਿਹੇ ਸਮੇਂ ਵਿੱਚ ਡੂੰਘੇ ਅਧਿਐਨ ਨਾਲ਼ ਭਗਤ ਸਿੰਘ ਨੇ ਜੋ ਵਿਚਾਰਕ ਪਰਿਪੱਕਤਾ ਹਾਸਿਲ ਕੀਤੀ, ਉਹ ਕਿਸੇ ਯੁੱਗ-ਪੁਰਸ਼ ਜਿਹੀ ਮਹਾਨ ਇਤਿਹਾਸਿਕ ਪ੍ਰਤਿਭਾ ਦੇ ਕਾਰਨ ਹੀ ਸੀ। ਸਿਰਫ਼ 17 ਤੋਂ 23 ਸਾਲ ਦੀ ਉਮਰ ਦੇ ਵਿੱਚ ਫੈਲੀ ਇਹ ਥੋੜਚਿਰੀ ਵਿਚਾਰਯਾਤਰਾ ਇਤਿਹਾਸ ਦੀ ਇੱਕ ਮਿਸਾਲ ਹੈ। ਬਸਤੀਵਾਦੀ ਭਾਰਤ ਦੇ ਪਿਛੜੇ ਸੱਭਿਆਚਾਰਕ-ਸਿੱਖਿਅਕ ਮਾਹੌਲ ਦੀਆਂ ਸੀਮਾਵਾਂ ਨੂੰ ਦੇਖਦੇ ਹੋਏ, ਭਗਤ ਸਿੰਘ ਦੀ ਮਹਾਨ ਪ੍ਰਤਿਭਾ ਦੀ ਤੁਲਨਾ ਜੇ ਨੌਜਵਾਨ ਲੈਨਿਨ ਦੀ ਪ੍ਰਤਿਭਾ ਨਾਲ਼ ਕੀਤੀ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਚਮਨਲਾਲ ਨੇ ‘ਭਗਤ ਸਿੰਘ ਦੇ ਸੰਪੂਰਨ ਦਸਤਾਵੇਜ਼’ ਦੀ ਭੂਮਿਕਾ ਵਿੱਚ ਉਨ੍ਹਾਂ ਦੀ ਤੁਲਨਾ ਸਿਰਫ਼ 24 ਸਾਲ ਜਿਉਂਦੇ ਰਹਿਣ ਵਾਲ਼ੇ ਰੂਸ ਦੇ ਇਨਕਲਾਬੀ ਜਮਹੂਰੀ ਵਿਦਵਾਨ ਦੇਬਰੋਲਿਉਬੋਵ ਨਾਲ਼ ਠੀਕ ਹੀ ਕੀਤੀ ਹੈ।
ਅਧਿਐਨ ਅਤੇ ਚਿੰਤਨ ਦੇ ਇਸ ਅਤਿ ਸੰਖੇਪ, ਘਣੇ ਅਤੇ ਤੇਜ਼ ਵਕਫ਼ੇ ਨੂੰ ਦੇਖਦੇ ਹੋਏ ਇਹ ਸੁਭਾਵਿਕ ਹੀ ਹੈ ਕਿ ਭਗਤ ਸਿੰਘ ਦੇ ਚਿੰਤਨ ਵਿੱਚ ਕੁਝ ਵਿਰੋਧਤਾਈਆਂ ਅਤੇ ਚਿੰਤਨ ਦੀ ਅਗਲੀ ਮੰਜ਼ਿਲ ਵਿੱਚ ਪਿਛਲੀ ਮੰਜ਼ਿਲ ਦੇ ਕੁਝ ਪ੍ਰਭਾਵ-ਪਰਛਾਵੇਂ ਦੇਖਣ ਨੂੰ ਮਿਲਦੇ ਹਨ। ਇਸ ਲਈ ਇਹਨਾਂ ਦਸਤਾਵੇਜਾਂ ਦਾ ਅਧਿਐਨ ਕਰਦੇ ਸਮੇਂ ਚਿੰਤਨ ਦੀ ਮੁੱਖ ਦਿਸ਼ਾ, ਮੁੱਖ ਉਦੇਸ਼ ਅਤੇ ਵਿਸ਼ਲੇਸ਼ਣ-ਢੰਗ ’ਤੇ ਧਿਆਨ ਦੇਣਾ ਸਭ ਤੋਂ ਜ਼ਰੂਰੀ ਹੈ। ਭਗਤ ਸਿੰਘ ਨੂੰ ਆਪਣੀਆਂ ਧਾਰਨਾਵਾਂ ਨੂੰ ਵਿਵਸਥਿਤ ਅਤੇ ਵਿਸਤਾਰਤ ਕਰਨ ਦਾ ਸਮਾਂ ਹੀ ਨਹੀਂ ਮਿਲਿਆ, ਪਰ ਸਾਮਰਾਜਵਾਦ ਬਾਰੇ ਭਾਰਤੀ ਪੂੰਜੀਪਤੀ ਵਰਗ ਅਤੇ ਕਾਂਗਰਸ ਬਾਰੇ, ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੀ ਜ਼ਰੂਰਤ ਅਤੇ ਇਨਕਲਾਬ ਦੀ ਤਿਆਰੀ ਬਾਰੇ ਜੋ ਉਹਨਾਂ ਨੇ ਸਿੱਟੇ ਕੱਢੇ ਸਨ, ਉਹਨਾਂ ਨੂੰ ਇਤਿਹਾਸ ਨੇ ਸਹੀ ਸਿੱਧ ਕੀਤਾ। ਜ਼ਿੰਦਗੀ ਦੇ ਆਖਰੀ ਪੜਾਅ ਦੌਰਾਨ ਲਿਖੇ ਗਏ ਲੇਖ ‘ਮੈਂ ਨਾਸਤਕ ਕਿਉਂ ਹਾਂ?’ (ਅਕਤੂਬਰ 1930) ਅਤੇ ਅੰਤਿਮ ਇਤਿਹਾਸਕ ਦਸਤਾਵੇਜ਼ ‘ਇਨਕਲਾਬੀ ਪ੍ਰੋਗਰਾਮ ਦਾ ਖਰੜਾ’ (2 ਫਰਵਰੀ 1931) ਵਿੱਚ ਭਗਤ ਸਿੰਘ ਦਾ ਚਿੰਤਨ ਆਪਣੀ ਪਰਿਪੱਕਤਾ ਦੇ ਸਿਖਰ ’ਤੇ ਪਹੁੰਚਿਆ ਦਿਸਦਾ ਹੈ।
ਐਚ. ਐਸ. ਆਰ. ਏ. ਦੇ ਇਨਕਲਾਬੀਆਂ ਦੇ ਹੁਣ ਤੱਕ ਪ੍ਰਕਾਸ਼ਿਤ ਕੁੱਲ 105 ਦਸਤਾਵੇਜ਼ਾਂ ਵਿੱਚੋਂ 72 ਭਗਤ ਸਿੰਘ ਦੇ ਲਿਖੇ ਹੋਏ ਹਨ ਅਤੇ ਬਾਕੀ 33 ਭਗਵਤੀ ਚਰਣ ਵੋਹਰਾ, ਸੁਖਦੇਵ, ਬੁਟਕੇਸ਼ਵਰ ਦੱਤ, ਮਹਾਂਵੀਰ ਸਿੰਘ ਆਦਿ ਦੁਆਰਾ ਲਿਖੇ ਗਏ ਹਨ। ਇਸਤੋਂ ਇਹ ਵੀ ਸਪਸ਼ਟ ਹੈ ਕਿ ਇੱਕ ਵਿਚਾਰਕ ਅਤੇ ਸਿਧਾਂਤਕਾਰ ਦੇ ਰੂਪ ਵਿੱਚ, ਆਪਣੇ ਸਾਥੀਆਂ ਵਿੱਚ ਭਗਤ ਸਿੰਘ ਦੀ ਆਗੂ ਭੂਮਿਕਾ ਸੀ। ਵੈਸੇ ਤਾਂ ਸੁਖਦੇਵ, ਬਟੁਕੇਸ਼ਵਰ ਦੱਤ, ਸ਼ਿਵ ਵਰਮਾਂ, ਵਿਜੇ ਕੁਮਾਰ ਸਿਨਹਾ ਆਦਿ ਵੀ ਪ੍ਰਤਿਭਾਵਾਨ ਅਤੇ ਅਧਿਐਨਸ਼ੀਲ ਨੌਜਵਾਨ ਸਨ, ਪਰ ਚਿੰਤਨ ਦੇ ਖੇਤਰ ਵਿੱਚ ਭਗਵਤੀਚਰਣ ਵੋਹਰਾ, ਭਗਤ ਸਿੰਘ ਦੇ ਸਭ ਤੋਂ ਵੱਧ ਕਰੀਬ ਸਨ। ਵਰਣਨਯੋਗ ਹੈ ਕਿ ਭਗਤ ਸਿੰਘ ਦੇ ਨਾਲ਼ ਡੂੰਘੀ ਵਿਚਾਰ-ਚਰਚਾ ਤੋਂ ਬਾਅਦ ਨੌਜਵਾਨ ਭਾਰਤ ਸਭਾ ਅਤੇ ਐਚ. ਐਸ. ਆਰ. ਏ. ਦਾ ਐਲਾਨਨਾਮਾ ਭਗਵਤੀ ਚਰਣ ਵੋਹਰਾ ਨੇ ਹੀ ਤਿਆਰ ਕੀਤਾ ਸੀ। ਉਹ ਭਗਤ ਸਿੰਘ ਦੀ ਵਿਚਾਰਯਾਤਰਾ ਦੇ ਨਜ਼ਦੀਕੀ ਸਹਿਯਾਤਰੀ ਸਨ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਰਾਜਨੀਤਿਕ-ਵਿਚਾਰਕ ਸਮਝ 1917 ਦੇ ਰੂਸੀ ਮਜ਼ਦੂਰ ਇਨਕਲਾਬ ਦੀ ਤੇਜ਼ ਸੂਹੀ ਰੋਸ਼ਨੀ ਨਾਲ਼ ਰੋਸ਼ਨ ਹੋਈ ਸੀ। ‘ਯੁਗਾਂਤਰ’ ਅਤੇ ‘ਅਨੁਸ਼ੀਲਨ’ ਤੋਂ ਲੈ ਕੇ ‘ਹਿੰਦੁਸਤਾਨ ਰਿਪਬਲਿਕਨ ਐਸੋਸਿਏਸ਼ਨ’ ਤੱਕ ਦੀ ਮੱਧਵਰਗੀ ਅਰਾਜਕਤਾਵਾਦੀ ਇਨਕਲਾਬੀ ਲਹਿਰ ਦੇ ਵਿਕਾਸਕ੍ਰਮ ਦੀ ਗਹਿਰਾਈ ਵਿੱਚ ਜਾਂਚ ਪੜਤਾਲ ਕਰਨ, ਮਜਦੂਰਾਂ-ਕਿਸਾਨਾਂ ਨੂੰ ਜੱਥੇਬੰਦ ਕਰਨ ਦੀ ਮਹੱਤਤਾ ਨੂੰ ਸਮਝਣ ਅਤੇ ਫੇਰ ਵਿਗਿਆਨਕ ਸਮਾਜਵਾਦ ਨੂੰ ਪ੍ਰਵਾਨ ਕਰਨ ਦੀ ਮੰਜਿਲ ਤੱਕ ਪਹੁੰਚਣ ਦੇ ਪਿੱਛੇ ਭਗਤ ਸਿੰਘ ਅਤੇ ਭਗਵਤੀਚਰਣ ਵੋਹਰਾ ਦੀ ਮਹਾਨ ਪ੍ਰਤਿਭਾ ਦਾ ਯੋਗਦਾਨ ਤਾਂ ਸੀ ਹੀ, ਪਰ ਨਾਲ਼ ਹੀ, ਇਸਦੇ ਕੁੱਝ ਸੁਨਿਸ਼ਚਿਤ ਬਾਹਰਮੁਖੀ ਇਤਿਹਾਸਕ ਕਾਰਨ ਵੀ ਸਨ। ਇਸ ਵਿਚਾਰਕ ਵਿਕਾਸ ਦੇ ਪਿੱਛੇ ਗ਼ਦਰ ਪਾਰਟੀ ਦੇ ਨੇੜੇ ਦੇ ਅਤੀਤ ਦੀ ਭੂਮੀਕਾ ਬਹੁਤ ਮਹੱਤਵਪੂਰਣ ਸੀ। ਗ਼ਦਰ ਪਾਰਟੀ ਉਹ ਪਹਿਲੀ ਇਨਕਲਾਬੀ ਪਾਰਟੀ ਸੀ ਜਿਸ ਵਿੱਚ ਕਿਸਾਨਾਂ ਅਤੇ ਮਜਦੂਰਾਂ ਦੀ ਭੂਮਿਕਾ ਅਤੇ ਲੋਕ ਲਹਿਰਾਂ ਦੀ ਭੂਮਿਕਾ ਨੂੰ ਹਥਿਆਰਬੰਦ ਇਨਕਲਾਬ ਨਾਲ਼ ਜੋੜਨ ਦੀ ਸੋਚ ਮੌਜੂਦ ਸੀ ਅਤੇ ਜੋ ਇੱਕ ਜਮਹੂਰੀ ਗਣਤੰਤਰ ਦੀ ਸਥਾਪਨਾ ਦਾ ਨਿਸ਼ਚਿਤ ਸੰਕਲਪ ਪੇਸ਼ ਕਰ ਰਹੀ ਸੀ। ਇਹ ਕੋਈ ਅਚਾਨਕ ਨਹੀਂ ਸੀ ਕਿ ਅੱਗੇ ਚੱਲ ਕੇ ਗ਼ਦਰ-ਪਾਰਟੀ ਦੇ ਜ਼ਿਆਦਾਤਰ ਇਨਕਲਾਬੀ ਕਮਿਊਨਿਸਟ ਲਹਿਰ ਵਿੱਚ ਸ਼ਾਮਲ ਹੋ ਗਏ। ਗ਼ਦਰ ਪਾਰਟੀ ਦੇ ਬਾਨੀ ਲਾਲਾ ਹਰਦਿਆਲ ਦੇ ਵਿਸ਼ਲੇਸ਼ਣ ਢੰਗ ਵਿੱਚ ਕਾਫ਼ੀ ਹੱਦ ਤੱਕ ਜੁਝਾਰੂ ਭੌਤਿਕਵਾਦੀ ਜਮਾਤੀ ਵਿਸ਼ਲੇਸ਼ਣ ਦੇ ਤੱਤ ਮੌਜੂਦ ਸਨ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਅਜੀਤ ਸਿੰਘ, ਲਾਲਾ ਹਰਦਿਆਲ ਅਤੇ ਕਰਤਾਰ ਸਿੰਘ ਸਰਾਭਾ ਦੀ ਇਨਕਲਾਬੀ ਜਮਹੂਰੀ ਪਰੰਪਰਾ ਨੂੰ ਅੱਗੇ ਵਧਾਇਆ ਜਿਸ ਤਰ੍ਹਾਂ ਰੂਸ ਵਿੱਚ ਪਲੇਖ਼ਾਨੋਵ ਅਤੇ ਵੇਰਾ ਜਾਸੂਲਿਚ ਆਦਿ ਦੀ ਪੀੜੀ ਨਰੋਦਵਾਦ ਦੀ ਇਨਕਲਾਬੀ ਜਮਹੂਰੀ ਵਿਰਾਸਤ ਤੋਂ ਅੱਗੇ ਵੱਧਕੇ ਮਾਰਕਸਵਾਦ ਤੱਕ ਪਹੁੰਚੀ। ਫ਼ਰਕ ਸਿਰਫ਼ ਇਹ ਸੀ ਕਿ ਭਗਤ ਸਿੰਘ, ਭਗਵਤੀ ਚਰਣ ਵੋਹਰਾ ਆਦਿ ਨੂੰ ਆਪਣੇ ਮਾਰਕਸਵਾਦੀ ਚਿੰਤਨ ਨੂੰ ਠੀਕ ਢੰਗ ਨਾਲ਼ ਅੱਗੇ ਵਧਾਉਣ ਅਤੇ ਉਸਨੂੰ ਅਮਲ ਵਿੱਚ ਲਿਆਉਣ ਦਾ ਮੌਕਾ ਹੀ ਨਹੀਂ ਮਿਲਿਆ।
ਭਗਤ ਸਿੰਘ ਦੀ ਮਾਰਕਸਵਾਦ ਤੱਕ ਦੀ ਯਾਤਰਾ ਐਮ. ਐਨ. ਰਾਏ ਅਤੇ ਹੋਰ ਵਿਦੇਸ਼ਾਂ ਤੋਂ ਪਰਤੇ ਕਮਿਊਨਿਸਟਾਂ ਤੋਂ ਵੱਖ ਸੀ। ਉਹਨਾਂ ਨੇ ਮਾਰਕਸਵਾਦੀ ਕਲਾਸਿਕਸ ਦਾ ਅਧਿਐਨ ਕੀਤਾ ਅਤੇ ਇਸ ਪ੍ਰਕਿਰਿਆ ਵਿੱਚ ਵਿਕਸਿਤ ਹੁੰਦੀ ਦਿ੍ਰਸ਼ਟੀ ਨਾਲ਼ ਭਾਰਤੀ ਸਮਾਜ ਅਤੇ ਰਾਜਨੀਤੀ ਦਾ ਮੌਲਿਕ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਇਹ ਕੋਸ਼ਿਸ਼ ਚਾਹੇ ਕਿੰਨੀ ਵੀ ਛੋਟੀ ਅਤੇ ਅਣਘੜ ਕਿਉਂ ਨਾ ਹੋਵੇ, ਪਰ ਇਸਦੀ ਮੌਲਿਕਤਾ ਅਤੇ ਇਸਦੇ ਵਿਕਾਸ ਦੀ ਤੇਜ਼ ਰਫ਼ਤਾਰ ਸਭ ਤੋਂ ਵੱਧ ਵਰਨਣਯੋਗ ਹੈ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਭਾਰਤ ਦੇ ਸ਼ੁਰੂਆਤੀ ਕਮਿਊਨਿਸਟ ਆਗੂਆਂ ਦੀ ਤਰ੍ਹਾਂ ਸੋਵੀਅਤ ਸੰਘ ਅਤੇ ਬਰਤਾਨੀਆਂ ਦੀਆਂ ਕਮਿਊਨਿਸਟ ਪਾਰਟੀਆਂ ਅਤੇ ਕਮਿਊਨਿਸਟ ਇੰਟਰਨੈਸ਼ਨਲ ਦੇ ਦਸਤਾਵੇਜ਼ਾਂ ਵਿੱਚ ਪੇਸ਼ ਵਿਸ਼ਲੇਸ਼ਣਾਂ-ਨਿਚੋੜਾਂ ਨੂੰ ਅਧਾਰ ਬਣਾਕੇ ਭਾਰਤੀ ਹਾਲਤਾਂ ਨੂੰ ਦੇਖਣ ਅਤੇ ਕਾਰਜ ਤੈਅ ਕਰਨ ਦੀ ਬਜਾਏ ਖੁਦ ਆਪਣੀ ਦਿ੍ਰਸ਼ਟੀ ਅਤੇ ਅਧਿਐਨ ਦੇ ਅਧਾਰ ’ਤੇ ਬਿ੍ਰਟਿਸ਼ ਬਸਤੀਵਾਦ, ਕਾਂਗਰਸ, ਗਾਂਧੀ ਆਦਿ ਬਾਰੇ ਮੁਲਾਂਕਣ ਬਣਾਏ। ਪਹੁੰਚ ਦੀ ਇਹ ਮੌਲਿਕਤਾ ਵਿਸ਼ੇਸ਼ ਰੂਪ ’ਚ ਸਾਡੇ ਦੇਸ਼ ਵਿੱਚ ਵਰਨਣਯੋਗ ਹੈ ਜਿੱਥੇ ਵੱਡੀਆਂ ਪਾਰਟੀਆਂ ਅਤੇ ਅੰਤਰਰਾਸ਼ਟਰੀ ਲੀਡਰਸ਼ਿਪ ਦੀ ਅੰਨ੍ਹੀ ਨਕਲ ਇੱਕ ਗੰਭੀਰ ਬਿਮਾਰੀ ਦੇ ਰੂਪ ਵਿੱਚ ਮੌਜੂਦ ਰਹੀ ਹੈ। ਇਹਨਾਂ ਮਾਅਨਿਆਂ ਵਿੱਚ ਭਗਤ ਸਿੰਘ, ਭਗਵਤੀਚਰਣ ਵੋਹਰਾ ਆਦਿ ਦੀ ਵਿਕਾਸ ਯਾਤਰਾ ਮਾਓ-ਜ਼ੇ-ਤੁੰਗ ਅਤੇ ਹੋ-ਚੀ-ਮਿਨ੍ਹ ਦੇ ਜ਼ਿਆਦਾ ਨੇੜੇ ਪ੍ਰਤੀਤ ਹੁੰਦੀ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਲੀਡਰਸ਼ਿਪ ਤੋਂ ਸਿੱਖਦੇ ਹੋਏ ਵੀ, ਆਪਣੇ-ਆਪਣੇ ਦੇਸ਼ਾਂ ਦੀਆਂ ਠੋਸ ਹਾਲਤਾਂ ਦਾ ਖੁਦ ਅਧਿਐਨ ਕੀਤਾ ਅਤੇ ਇਨਕਲਾਬ ਦੀ ਯੁੱਧਨੀਤੀ, ਆਮ ਦਾਅਪੇਚ ਅਤੇ ਰਾਹ ਤੈਅ ਕੀਤੇ। ਇਹ ਸੋਚਣ ਦਾ ਠੋਸ ਅਧਾਰ ਹੈ ਕਿ ਜੇ ਭਗਤ ਸਿੰਘ ਜਿਉਂਦੇ ਰਹੇ ਹੁੰਦੇ ਅਤੇ ਉਹਨਾਂ ਨੂੰ ਆਪਣੀ ਸੋਚ ਦੇ ਅਧਾਰ ’ਤੇ ਕਮਿਊਨਿਸਟ ਪਾਰਟੀ ਬਣਾਉਣ ਜਾਂ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਕੇ ਉਹਨੂੰ ਆਪਣੀ ਸੋਚ ਦੇ ਮੁਤਾਬਿਕ ਦਿਸ਼ਾ ਦੇਣ ਦਾ ਮੌਕਾ ਮਿਲਿਆ ਹੁੰਦਾ ਤਾਂ ਸ਼ਾਇਦ ਇਸ ਦੇਸ਼ ਦੀ ਕਮਿਊਨਿਸਟ ਲਹਿਰ ਦਾ ਇਤਿਹਾਸ ਜਾਂ ਸ਼ਾਇਦ ਇਸ ਦੇਸ਼ ਦਾ ਹੀ ਇਤਿਹਾਸ ਕਿਸੇ ਹੋਰ ਢੰਗ ਨਾਲ਼ ਲਿਖਿਆ ਜਾਂਦਾ।
ਖੈਰ, ਅੱਜ ਅਜਿਹਾ ਸੋਚਣ ਦੀ ਇੱਕੋ ਇੱਕ ਪ੍ਰਸੰਗਿਕਤਾ ਇਹੀ ਹੋ ਸਕਦੀ ਹੈ ਕਿ ਇਨਕਲਾਬੀ ਵਿਚਾਰ ਅਤੇ ਕਰਮ ਦੀ ਉਸ ਅਧੂਰੀ ਯਾਤਰਾ ਨੂੰ ਇੱਕ ਵਾਰ ਫੇਰ ਅੱਗੇ ਵਧਾਉਣ ਅਤੇ ਅੰਜਾਮ ਤੱਕ ਪਹੁੰਚਾਉਣ ਦੀ ਬੇਚੈਨੀ ਨਾਲ਼ ਹਰ ਪ੍ਰਗਤੀਵਾਦੀ ਭਾਰਤੀ ਨੌਜਵਾਨ ਦਾ ਦਿੱਲ ਲਬਰੇਜ਼ ਕਰ ਦਿੱਤਾ ਜਾਵੇ। ਭਗਤ ਸਿੰਘ ਦੇ ਹੀ ਸੰਦੇਸ਼ ਨੂੰ ਅਧਾਰ ਬਣਾਕੇ ਲੋਕਾਂ ਤੱਕ ਇਸ ਸੰਦੇਸ਼ ਨੂੰ ਪਹੁੰਚਾਉਣਾ ਹੋਵੇਗਾ ਕਿ ਇਹੀ ਸਾਮਰਾਜਵਾਦ ਅਤੇ ਪੂੰਜੀਵਾਦ ਦੇ ਵਿਰੁੱਧ ਨਿਰਣਾਇਕ ਸੰਘਰਸ਼ ਦਾ ਉਹ ਇਤਿਹਾਸਕ ਦੌਰ ਹੈ ਜਿਸਦੀ ਭਵਿੱਖਬਾਣੀ ਭਗਤ ਸਿੰਘ ਨੇ ਕੀਤੀ ਸੀ। ਕਾਂਗਰਸੀ ਲੀਡਰਾਂ ਨੇ ਕੌਮੀ ਲਹਿਰ ਨੂੰ ਅੱਧੀ ਸਦੀ ਪਹਿਲਾਂ ਇੱਕ ਅਜਿਹੇ ਮੁਕਾਮ ਤੱਕ ਪਹੁੰਚਾਇਆ, ਜਦ ਪੂੰਜੀਵਾਦੀ ਸ਼ਾਸਨ ਦੇ ਰੂਪ ਵਿੱਚ ਸਾਨੂੰ ਅਧੂਰੀ, ਖੰਡਿਤ ਅਤੇ ਅਪੰਗ ਆਜ਼ਾਦੀ ਮਿਲ਼ੀ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਤਿਹਾਸ ਇੱਕ ਹਨ੍ਹੇਰੀ ਸੁਰੰਗ ਦਾ ਦੁਖਦਾਈ ਸਫ਼ਰਨਾਮਾ ਬਣ ਕੇ ਰਹਿ ਗਿਆ। ਹੁਣ ਇੱਕ ਵਾਰ ਫ਼ੇਰ, ਜਿਵੇਂ ਕਿ ਭਗਤ ਸਿੰਘ ਨੇ ਕਿਹਾ ਸੀ, ਸਾਨੂੰ ‘‘ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ’ਤੇ ਤੇਜ਼’’ ਕਰਨੀ ਹੋਵੇਗੀ ਅਤੇ ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਨਵੇਂ ਸਮਾਜਵਾਦੀ ਇਨਕਲਾਬ ਦਾ ਸੰਦੇਸ਼ ਕਾਰਖਾਨਿਆਂ-ਝੋਪੜੀਆਂ ਤੱਕ, ਕਿਰਤੀਆਂ ਦੇ ਹਨ੍ਹੇਰੇ ਸੰਸਾਰ ਤੱਕ, ਹਰ ਜਿਉਂਦੇ ਦਿਲ ਤੱਕ ਲੈ ਕੇ ਜਾਣਾ ਹੋਵੇਗਾ। ਭਗਤ ਸਿੰਘ ਦਾ ਨਾਮ ਅੱਜ ਇਸੇ ਸੰਕਲਪ ਦਾ ਪ੍ਰਤੀਕ ਚਿੰਨ੍ਹ ਹੈ ਅਤੇ ਉਹਨਾਂ ਦਾ ਚਿੰਤਨ ਦੁਮੇਲ ’ਤੇ ਲਗਾਤਾਰ ਜਲਦੀ ਮਸ਼ਾਲ ਦੀ ਤਰ੍ਹਾਂ ਸਾਨੂੰ ਪ੍ਰੇਰਣਾ ਦੇ ਰਿਹਾ ਹੈ ਅਤੇ ਦਿਸ਼ਾ ਦਿਖਾ ਰਿਹਾ ਹੈ। *ਸੱਤਿਅਮ(ਅਨੁਵਾਦ-ਸੁਖਵਿੰਦਰ ਆਦਮਪੁਰ)
1776 ਤੋਂ ਮਗਰੋਂ ਅਮਰੀਕਾ ਨੇ ਦਰੜੇ 70 ਦੇਸ਼
ਅਮਰੀਕੀ ਸਾਮਰਾਜ ਦੇ ਜੁਲਮਾਂ ਦੇ ਸ਼ਿਕਾਰ ਦੇਸ਼ ਦੀ ਸੂਚੀ ਕਾਫ਼ੀ ਲੰਬੀ ਹੈ। ਹੁਣ ਤੱਕ ਇਸ ਵਿੱਚ ਤਕਰੀਬਨ 70 ਦੇਸ਼ ਸ਼ਾਮਲ ਹਨ ਤੇ ਕਈ ਸ਼ਾਮਲ ਹੋਣ ਲਈ ਤਿਆਰ ਹੋ ਰਹੇ ਹਨ। ਸੰਸਾਰ ਸਰਮਾਏਦਾਰੀ ਦੇ ਚੌਧਰੀ ਦੀ ਹੈਸੀਅਤ ਨਾਲ਼ ਪੂਰੀ ਦੁਨੀਆਂ ‘ਚ ਅਮਰੀਕਾ ਸ਼ਾਂਤੀ ਸਥਾਪਤ ਕਰਨ ਲਈ, ਮਨੁੱਖ ਵਿਰੋਧੀ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਜਾਂ ਸੰਸਾਰ ਨੂੰ ਖਤਰਨਾਕ ਹਥਿਆਰਾਂ ਦੀ ਮਾਰ ਤੋਂ ਬਚਾਉਣ ਦੇ ਬਹਾਨੇ ਹਰ ਥਾਂ ਘੁਸਪੈਠ ਕਰਦਾ ਹੈ। ਹਥਿਆਰਾਂ ਦੀ ਸੱਨਅਤ ਦਾ ਦੁਨੀਆਂ ਦਾ ਸਭ ਤੋਂ ਵੱਡਾ ਮਾਲਕ ਸ਼ਾਂਤੀ ਸਥਾਪਤ ਕਰਨ ਲਈ ਆਪਣੇ ਬਣੇ ਹਥਿਆਰਾਂ ਦੀ ਖੂਬ ਵਰਤੋਂ ਕਰਦਾ ਹੈ।
1776 ਤੋਂ ਮਗਰੋਂ ਅਮਰੀਕੀ ਸਾਮਰਾਜ ਦੁਆਰਾ ਤਬਾਹ-ਬਰਬਾਦ ਕੀਤੇ ਦੇਸ਼ਾਂ ਦੀ ਸੂਚੀ ਦੇ ਰਹੇ ਹਾਂ, ਜੋ ਵਾਰ-ਵਾਰ ਅਮਰੀਕਾ ਦੇ ਮੁਨਾਫ਼ੇ ਦੀ ਹਵਸ ਦਾ ਸ਼ਿਕਾਰ ਹੁੰਦੇ ਰਹੇ ਹਨ :-
1.) ਅਮਰੀਕੀ-ਇੰਡੀਅਨ ਦੇਸ਼ (1776 ਤੋਂ ਮਗਰੋਂ, ਅਮਰੀਕੀ-ਇੰਡੀਅਨ ਨਸਲ-ਕੁਸ਼ੀ; 1803, ਲੂਸੀਆਨਾ ‘ਤੇ ਹਮਲਾ; 1844, 1861 ਤੋਂ ਮਗਰੋਂ ਮਿੱਸੀਸਿੱਪੀ ਦੇ ਪੱਛਮੀ ਇਲਾਕੇ ‘ਚ ਭਾਰਤੀਆਂ ‘ਤੇ ਪਾਬੰਦੀ, ਕੈਲੇਫੋਰਨੀਆ ਨਸਲਕੁਸ਼ੀ; 1890, ਲੋਕਾਤਾ ਇੰਡੀਅਨ ਬੰਬਾਰੀ) (2) ਮੈਕਸੀਕੋ ‘ਤੇ ਹਮਲਾ (1836-1846; 1913; 1914-1918; 1923) (3) ਨਿਕਾਗੁਆ ‘ਤੇ ਹਮਲਾ (1856-1857; 1894; 1896; 1898; 1899; 1907; 1910; 1912; 1933; 1981-1990) (4) ਅਮਰੀਕੀ ਫੌਜਾਂ ਦੀ ਅਮਰੀਕੀ ਨਿਵਾਸੀਆਂ ਵਿਰੁੱਧ ਵਰਤੋਂ (1861-1865 ਦੀ ਖਨਾਜੰਗੀ; 1892; 1894; 1898; 1899-1907; 1901; 1914; 1915; 1920-1921; 1932; 1943; 1967; 1968; 1970; 1973; 1992; 2001) (5) ਅਰਜਨਟੀਨਾ ‘ਤੇ ਹਮਲਾ (1890) (6) ਚਿੱਲੀ (1891; 1973) (7) ਹੈਤੀ (1891; 1914-1934; 1994; 2004-2005) (8) ਹਵਾਈ (1893) (9) ਚੀਨ (1895; 1898-1900; 1911-1941; 1922-1927; 1937-1934; 1948-1949; 1951-1953; 1958) (10) ਕੋਰੀਆ (1894-1896; 1904-1905; 1951-1953) (11) ਪਨਾਮਾ (1895; 1901-1914; 1908; 1912; 1918-1920; 1925; 1958; 1964; 1989) (12) ਫਿਲਪਾਇਨਜ਼ (1858-1910; 1958-1954; 1989; 2002) (13) ਕਿਊਬਾ (1898-1902; 1906-1909; 1958-1954; 1989; 2002) (14) ਪੋਰਟਾ ਰੀਕੋ (1898; 1950) (15) ਗੁਆਮ (1898) (16) ਸਮੋਆ (1899) (17) ਹਾਂਡੂਰਸ (1903; 1907; 1911; 1912; 1919; 1924-1925; 1983-1989) (18) ਡੋਮੇਨੀਅਨ ਰਿਪਬਲੀਕਨ (1903-1904; 1914; 1916-1924; 1965-1966) (19) ਜਰਮਨੀ (1917-1918; 1941-1945; 1948; 1961) (20) ਰੂਸ (1918-1922) (21) ਯੂਗੋਸਲਾਵੀਆ (1919; 1946; 1922-1994; 1999) (22) ਗੁਆਟੇਮਲਾ (1920; 1954; 1966-1967) (23) ਤੁਰਕੀ (1922) (24) ਐੱਲ ਸਲਵਾਡੋਰ (1932; 1981-1992) (25) ਇਟਲੀ (1941-1945) (26) ਮੋਰੱਕੋ (1941-1945) (27) ਫਰਾਂਸ (1941-1945) (28) ਅਲਜੀਰੀਆ (1941-1945) (29) ਟੁਨੀਸ਼ੀਆ (1941-1945) (30) ਲਿਬੀਆ (1941-1945; 1981; 1986; 1989; 2011) (31) ਮਿਸਰ (1941-1945; 1956; 1967; 1973; 2013) (32) ਭਾਰਤ (1941-1945) (33)ਬਰਮਾ (1941-1945) (34) ਮਾਈਕਰੋਨੇਸ਼ੀਆ (1941-1945) (35) ਪਪੂਆ ਨਿਊ ਗੁਆਨਾ (1941-1945) (36) ਵਨਾਉਤੂ (1941-1945) (37) ਆਸਟਰੀਆ (1941-1945) (38) ਹੰਗਰੀ (1941-1945) (39) ਜਪਾਨ (1941-1945) (40) ਇਰਾਨ (1946; 1953; 1980; 1984; 1987-1988) (41) ਯੂਰਗੁਏ (1947) (42) ਯੂਨਾਨ (1947-1949) (43) ਵੀਅਤਨਾਮ (1954; 1960-1975) (43) ਲਿਬਨਾਨ (1958; 1982-1984) (45) ਇਰਾਕ (1958; 1963; 1990-1991; 1990-2003; 1998; 2003-2011 ) (46) ਲਾਊਸ (1962; 1971-1973) (47) ਇੰਡੋਨੇਸ਼ੀਆ (1965) (48) ਕੰਬੋਡੀਆ (1969-1975; 1975) (49) ਓਮਾਨ (1970) (51) ਐਂਗੋਲਾ (1976-1992) (51) ਗ੍ਰੇਨਾਡਾ (1983-1984) (52) ਬੋਲੀਵੀਆ (1986) (53) ਵਰਜਿਨ ਆਈਲੈਂਡ (1989) (54) ਲਾਇਬੇਰੀਆ (1990; 1997; 2003) (55) ਸਾਊਦੀ ਅਰਬ (1990-1991) (56) ਕੁਵੈਤ (1991) (57) ਸੋਮਾਲੀਆ (1992-1994; 2006) (58) ਬੋਸਨੀਆ (1993) (59) ਕਾਂਗੋ (ਜ਼ਾਇਰੇ) (1996-1997) (60) ਅਲਬਾਨੀਆ (1997) (61) ਸੂਡਾਨ (1998) (62) ਅਫ਼ਗਾਨਿਸਤਾਨ (1998; 2001-) (63) ਯਮਨ (2000; 2002-) (64) ਮੈਕਡੋਨੀਆ (2001) (65) ਕੋਲੰਬੀਆ (2002-) (66) ਪਾਕਿਸਤਾਨ (2005-) (67) ਸੀਰੀਆ (2008-2011) (68) ਯੂਗਾਂਡਾ (2011) (69)ਮਾਲੀ (2013) (70) ਨਾਇਜਰ (2013)
ਉਪਰੋਕਤ ਦੇਸ਼ਾਂ ‘ਚ ਅਮਰੀਕੀ ਫੌਜ ਦੁਆਰਾ ਕੀਤੇ ਇਸ ਮਨੁੱਖੀ ਘਾਣ ਦੀ ਤਸਵੀਰ ਲੂ-ਕੰਡੇ ਖੜੇ ਕਰਨ ਵਾਲ਼ੀ ਹੈ। 1950-2005 ਤੱਕ ਅਮਰੀਕੀ ਫੌਜਾਂ ਹੱਥੋਂ ਦੁਨੀਆਂ ਭਰ ਵਿੱਚ ਹੋਈਆਂ ਮੌਤਾਂ ਦੀ ਗਿਣਤੀ 13 ਕਰੋੜ ਹੈ। ਜੋ ਕਿ ਦੂਜੀ ਸੰਸਾਰ ਜੰਗ ਵੇਲ਼ੇ ਯਹੂਦੀਆਂ ਦੀ ਨਸਲਕੁਸ਼ੀ ਤੋਂ 100 ਗੁਣਾ ਵਧੇਰੇ ਹੈ। ਅੱਜ ਵੀ ਅਮਰੀਕਾ ਦੀ ਬਦੌਲਤ ਹਰ ਸਾਲ 1.80 ਕਰੋੜ ਲੋਕ ਅਮਰੀਕੀ ਫੌਜ ਹੱਥੋਂ ਮਾਰੇ ਜਾਂਦੇ ਹਨ। ਅਮਰੀਕੀ ਫੌਜ ਦੇ ਦੁਨੀਆਂ ਭਰ ਵਿੱਚ ਸੈਂਕੜੇ ਮਿਲਟਰੀ ਅੱਡੇ ਹਨ। ਸੰਯੁਕਤ ਰਾਸ਼ਟਰ ਦੇ ਮੈਂਬਰ 191 ਦੇਸ਼ਾਂ ਦੀਆਂ ਸਰਕਾਰਾਂ ‘ਤੇ ਅਮਰੀਕਾ ਆਪਣੀ ਪੂਰੀ ਧੌਂਸ ਜਮਾਉਂਦਾ ਹੈ।
ਦੁਨੀਆਂ ਦੇ ਵੱਖੋ-ਵੱਖਰੇ ਕੋਨਿਆਂ ‘ਚ ਅਮਰੀਕੀ ਫੌਜ ਦੀ ਤਾਇਨਾਤੀ, ਇੱਕ ਸਥਾਈ ਜੰਗ ਦਾ ਵੱਡਾ ਕਾਰਨ ਹੈ। ਕਿਉਂਕਿ ਅਮਰੀਕਾ ਜੋ ਅੱਜ ਸੰਸਾਰ ਸਰਮਾਏਦਾਰੀ ਦੇ ਸਿਰੇ ‘ਤੇ ਬੈਠਾ ਹੈ — 1931 ਤੋਂ ਬਾਅਦ ਹੁਣ ਸਭ ਤੋਂ ਵੱਡੀ ਆਰਥਕ ਮੰਦੀ ‘ਚੋਂ ਲੰਘ ਰਿਹਾ ਹੈ। 2007 ਤੋਂ ਸਬ-ਪ੍ਰਾਈਮ ਸੰਕਟ ਦੇ ਨਾਂ ਨਾਲ਼ ਸ਼ੁਰੂ ਹੋਇਆ ਸੰਕਟ ਸਰਮਾਏਦਾਰੀ ਦੀ ਫੱਟੀ ਪੋਚ ਰਿਹਾ ਹੈ। ਭਾਵੇਂ ਅਜਿਹੇ ਸੰਕਟ ਸਰਮਾਏਦਾਰੀ ਦਾ ਹੀ ਇੱਕ ਲੱਛਣ ਹਨ। ਪਰ ਫਿਰ ਵੀ ਇਸ ਢਾਂਚੇ ਦੇ ਰਾਖੇ ਇਸਨੂੰ ਬਚਾਉਣ ਲਈ ਹਰ ਹੀਲਾ ਵਰਤਦੇ ਹਨ — ਭਾਵੇਂ ਇਸ ਵਾਸਤੇ ਉਹਨਾਂ ਨੂੰ ਵੱਡੀ ਗਿਣਤੀ ‘ਚ ਲੋਕਾਂ ਦੀ ਬਲੀ ਕਿਉਂ ਨਾ ਦੇਣੀ ਪਵੇ — ਇਹਨਾਂ ਨੂੰ ਕੋਈ ਅਫ਼ਸੋਸ ਨਹੀਂ। ਅਮਰੀਕਾ ਲਈ ਲਗਾਤਾਰ ਦੂਜੇ ਦੇਸ਼ਾਂ ‘ਤੇ ਹਥਿਆਰਾਂ ਦਾ ਇਸਤੇਮਾਲ ਕਰਨਾ ਜਰੂਰੀ ਹੈ, ਕਿਉਂਕਿ ਜੇ ਉਹ ਅਜਿਹਾ ਨਹੀਂ ਕਰੇਗਾ ਤਾਂ ਉਸਦੀ ਹਥਿਆਰਾਂ ਦੀ ਸਨਅਤ ਖੜੋਤ ਦਾ ਸ਼ਿਕਾਰ ਹੋ ਜਾਵੇਗੀ — ਤੇ ਇਹਦੇ ਨਾਲ਼-ਨਾਲ਼ ਪੂਰੀ ਦੁਨੀਆਂ ‘ਚ ਅਮਰੀਕਾ ਪਹਿਲਾਂ ਆਪਣੇ ਹਥਿਆਰਾਂ ਨਾਲ਼ ਆਲ਼-ਜੰਜਾਲ਼ਾਂ (infrastructure) ਨੂੰ ਤਬਾਹ ਕਰਦਾ ਹੈ — ਫਿਰ ਉਹਨਾਂ ਦੀ ਮੁੜ ਉਸਾਰੀ ਲਈ ਆਪਣੀਆਂ ਹੀ ਕੰਪਨੀਆਂ ਨੂੰ ਠੇਕੇ ਦੇਕੇ ਉਹਨਾਂ ਦੀ ਸੰਕਟਗ੍ਰਸਤ ਪੂੰਜੀ ਨੂੰ ਠੁੰਮਣਾ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਹੀ ਅਮਰੀਕਾ ਦਾ ਮੰਤਰ ਹੈ। ਜਿਸਦੇ ਅਧਾਰ ‘ਤੇ ਉਹ ਆਪਣਾ ਕੰਮ ਕਰਦਾ ਹੈ। ਪੂਰੀ ਦੁਨੀਆਂ ਵਿੱਚ ਅਮਰੀਕੀ ਮਿਲਟਰੀ ਦੇ 2,55,065 ਮਿਲਟਰੀ ਮਾਹਿਰ ਤਾਇਨਾਤ ਹਨ। ਪੂਰੀ ਦੁਨੀਆਂ ‘ਚ ਅਮਰੀਕੀ ਸਾਮਰਾਜ ਆਪਣੀਆਂ 8,45,441 ਦਫ਼ਤਰਾਂ/ਬਿਲਡਿੰਗਾਂ ਰਾਹੀਂ ਕੰਮ ਕਰਦਾ ਹੈ। ਸੰਸਾਰ ਵਿੱਚ ਅਮਰੀਕੀ ਖੁਫੀਆ ਏਜੰਸੀ ਪੈਂਟਾਗਨ ਦੁਆਰਾ ਕਬਜ਼ਾਈ ਜ਼ਮੀਨ ਦੀ ਪੈਮਾਇਸ਼ 22,02,735 ਹੈਕਟੇਅਰ ਹੈ ਯਾਨੀ ਕਿ ਪੈਂਟਾਗਨ ਦੁਨੀਆਂ ਵਿੱਚ ਸਭ ਤੋਂ ਵੱਡੀ ਜ਼ਮੀਨ ਦੀ ਮਾਲਕ ਸੰਸਥਾ ਹੈ।
ਕੁੱਲ ਮਿਲਾ ਕੇ ਵੇਖਿਆ ਜਾਵੇ ਜਿਵੇਂ-ਜਿਵੇਂ ਸਰਮਾਏਦਾਰੀ ਦਾ ਸੰਕਟ ਡੂੰਘਾ ਹੋਈ ਜਾਂਦਾ ਹੈ — ਉਵੇਂ-ਉਵੇਂ ਇਹਦਾ ਕਰੂਪ ਤੇ ਭੱਦਾ ਚਿਹਰਾ ਜਿਹੜਾ ਪਹਿਲਾਂ ‘ਜਮਹੂਰੀਅਤ-ਬਰਾਬਰੀ-ਭਾਈਚਾਰੇ’ ਦੇ ਪਰਦੇ ਹੇਠ ਕੱਜਿਆ ਹੋਇਆ ਸੀ — ਵੱਧ ਤੋਂ ਵੱਧ ਨੰਗਾ ਹੁੰਦਾ ਜਾ ਰਿਹਾ ਹੈ ਤੇ ਉੱਪਰ ਦਿੱਤੇ 70 ਦੇਸ਼ਾਂ ‘ਤੇ ਵਾਰ-ਵਾਰ ਹਮਲਿਆਂ ਦੇ ਅੰਕੜੇ ਇਹਦੀ ਗਵਾਹੀ ਭਰਦੇ ਹਨ। -ਛਿੰਦਰਪਾਲ
ਕਹਾਣੀ- ਗੱਛਾ ਨਚਾਰ
ਜਣਾ ਖਣਾ ਪਿੰਡ ਵਿਚ ਇਉਂ ਗੱਲਾਂ ਕਰ ਰਿਹਾ ਸੀ, ਗੱਛਾ ਵਾਪਸ ਆ ਗਿਆ ਓਇ....ਗੱਛਾ ਰਾਤ ਦਾ ਪਿੰਡ ਆਇਆ ਹੋਇਆ।'
ਅੱਜ ਤੋਂ ਸੱਤ ਸਾਲ ਪਹਿਲਾਂ ਗੱਛਾ ਡੰਗਰ ਚਾਰਦਾ ਹੁੰਦਾ ਸੀ। ਫੇਰ ਉਸ ਨੇ ਪਿਉ ਵਾਲਾ ਪੇਸ਼ਾ ਅਪਣਾ ਲਿਆ। ਸੀਰੀ ਰਲ ਗਿਆ। ਸੀਰ ਕਮਾਉਣਾ ਕੋਈ ਮਾੜੇ ਧੀੜੇ ਦਾ ਕੰਮ ਨਹੀਂ ਹੁੰਦਾ, ਪਰ ਗੱਛਾ ਤਾਂ ਸੁਨੱਖਾ ਹੋਣ ਦੇ ਨਾਲ ਨਾਲ ਸੋਹਲ ਵੀ ਸੀ। ਚਮਾਰਾਂ ਦਾ ਇਕੱਲਾ ਪੁੱਤ ਹੋਣ ਕਰਕੇ ਲਾਡਲਾ ਰਿਹਾ ਤੇ ਸਰੀਰ ਕੰਮ ਵਿਚ ਪੱਕ ਨਾ ਸਕਿਆ। ਗੱਛੇ ਨੂੰ ਗਾਉਣ ਦਾ ਸ਼ੌਕ ਸੀ। ਹੱਥ ਕੁ ਲੰਬੇ ਲੱਕੜੀ ਦੇ ਡੰਡੇ ਵਿਚ, ਉਹਨੇ ਨਿੱਕਾ ਜਿਹਾ ਗੋਲ ਕੱਦੂ, ਸੁਨਹਿਰੀ ਕੋਕਿਆਂ ਨਾਲ ਖੱਲ ਸਮੇਤ ਮੜ੍ਹ ਕੇ, ਟੁੰਗ ਲਿਆ। ਹੌਲੀ ਹੌਲੀ ਤੂੰਬੀ ਵਜਾਉਣੀ ਸਿੱਖਦਾ ਗਿਆ। ਇਲਾਕੇ ਵਿਚ ਐਸਾ ਕੋਈ ਯਮਲਾ ਨਹੀਂ ਸੀ ਦੀਂਹਦਾ ਜਿਹਨੂੰ ਉਹ ਗੁਰੂ ਧਾਰ ਸਕੇ।
ਉਹਨਾਂ ਦੇ ਪਿੰਡ ਚੇਤ ਚੌਂਦਾਂ ਦਾ ਮੇਲਾ ਲਗਦਾ ਹੁੰਦਾ ਸੀ। ਬੜਾ ਇਕੱਠ ਹੁੰਦਾ। ਹਰ ਸਾਲ ਘੋਲ ਹੁੰਦੇ। ਲਾਗਿਉਂ-ਚਾਗਿਉਂ ਕਬੱਡੀ ਦੀਆਂ ਟੀਮਾਂ ਆਉਂਦੀਆਂ। ਏਸ ਸਾਲ ਵੀ ਦੁਆਬੇ ਦੇ ਪ੍ਰਸਿੱਧ ਨਕਲੀਏ ਆਏ। ਨਕਲੀਆਂ ਦੀ ਟੋਲੀ ਵਿਚਲਾ ਹੁੱਬਾ ਨਚਾਰ ਨੱਚਣ ਲੱਗਿਆਂ ਲੋਹੜਾ ਲਿਆ ਦਿੰਦਾ। ਗੱਛੇ ਦਾ ਮਨ ਚਾਮ੍ਹਲ ਚਾਮ੍ਹਲ ਪੈਂਦਾ। ਉਹਨੇ ਹੁੱਬੇ ਨੂੰ ਦਿਲ ਦੀ ਗੱਲ ਦੱਸੀ। ਹੁੱਬੇ ਨੇ ਪਰ੍ਹਾਂ ਟਿੱਬੇ 'ਤੇ ਲਿਜਾ ਕੇ ਗੱਛੇ ਦੇ ਕੰਨ ਵਿਚ ਘੁਸਰ ਮੁਸਰ ਕੀਤੀ। ਦੂਜੇ ਦਿਨ ਹੀ ਗੱਛੇ ਨੇ ਘਰੋਂ ਦਾਣੇ ਲਿਜਾ ਕੇ ਘਿਲਬਿਲੀਆਂ ਦੀ ਹੱਟੀ ਉੱਤੇ ਵੇਚ ਅਤੇ ਨਕਲੀਆਂ ਦੀ ਟੋਲੀ ਦੇ ਉਸਤਾਦ ਹਸਨੇ ਦੇ ਪੈਰਾਂ ਵਿਚ ਇਕ ਸਰ੍ਹੋਂ ਦੇ ਤੇਲ ਦੀ ਬੋਤਲ, ਚਿੱਟੀ ਕੋਰੀ ਪੱਗ ਤੇ ਸਵਾ ਪੰਜ ਰੁਪਏ ਮੱਥਾ ਟੇਕ ਕੇ ਗੋਡੇ ਫੜ ਲਏ। ਅਲੂਆਂ ਜਿਹਾ ਮੁੰਡਾ ਹਸਨੇ ਉਸਤਾਦ ਦੇ ਚਿੱਤ ਨੂੰ ਲੱਗ ਗਿਆ। ਉਹਨੇ ਥਾਪੀ ਦੇ ਕੇ ਚੇਲਾ ਮੰਨ ਲਿਆ।
ਗੱਛੇ ਦੀ ਦਿਲੀ ਰੀਝ 'ਨੱਚਣਾ ਜ਼ਰੂਰ ਸਿੱਖਣਾ' ਪੂਰੀ ਹੋਣ ਲੱਗ ਪਈ। ਪਹਿਲੇ ਕੁਝ ਦਿਨ ਤਾਂ ਉਹ ਗੈਸਾਂ 'ਚ ਤੇਲ ਹੀ ਪਾਉਂਦਾ ਰਿਹਾ। ਫਿਰ ਤਬਲੇ ਉਤੇ ਧਾ-ਨੱਤੀ-ਨੱਕ-ਦਿਨ੍ਹਾਂ ਸਿੱਖਦਾ ਹੋਇਆ, ਆਪਣੀ ਲਗਨ ਤੇ ਉਸਤਾਦ ਦੀ ਮਿਹਰ ਸਦਕਾ ਅੱਡੀ ਮਾਰਨੀ ਵੀ ਜਲਦੀ ਹੀ ਸਿੱਖ ਗਿਆ। ਪਹਿਲੋਂ ਪਹਿਲ ਤਾਂ ਗੱਛ ਭਰੇ ਅਖਾੜੇ ਵਿਚ ਨੱਚਣੋਂ ਜਕੋ ਤਕੋ ਕਰਿਆ ਕਰੇ। ਪਰ ਸੰਗ ਵੀ ਛੇਤੀ ਹੀ ਲੱਥ ਗਈ। ਉਸਤਾਦ ਹਸਨਾ ਬੜਾ ਖੁਸ਼ ਸੀ ਕਿਉਂ ਜੁ ਗੱਛਾ ਇਮਾਨਦਾਰ ਹੋਣ ਦੇ ਨਾਲ ਨਾਲ ਮਿਹਨਤੀ ਤੇ ਸਾਊ ਵੀ ਸੀ। ਉਹ ਸਾਰੀ ਕਮਾਈ ਉਸਤਾਦ ਦੇ ਪੈਰਾਂ 'ਚ ਢੇਰੀ ਕਰ ਦਿੰਦਾ।
ਹੁੱਬਾ ਦਿਨੋਂ ਦਿਨ ਗੱਛੇ ਦੀ ਵਧਦੀ ਸ਼ੁਹਰਤ ਦੇਖ ਕੇ ਖਾਰ ਖਾਣ ਲੱਗ ਪਿਆ। ਉਸਤਾਦ ਇਹ ਗੱਲ ਤਾੜ ਗਿਆ। ਇਕ ਦਿਨ ਗੱਛੇ ਤੇ ਹੁੱਬੇ ਦੀ ਆਪਸ ਵਿਚ ਘੈਂਸ ਘੈਂਸ ਹੋ ਪਈ। ਉਸਤਾਦ ਹਸਨੇ ਨੂੰ ਪੱਜ ਮਿਲ ਗਿਆ ਤੇ ਉਹਨੇ ਹੁੱਬੇ ਨੂੰ ਟੋਲੀ ਵਿਚੋਂ ਕੱਢ ਦਿੱਤਾ।
ਏਸ ਵਾਰ ਜਗਰਾਉਂ ਰੋਸ਼ਨੀ ਦੇ ਮੇਲੇ ਉਤੇ ਉਨ੍ਹਾਂ ਅਖਾੜਾ ਲਾਉਣ ਦੀ ਠਾਣੀ। ਮੰਗਲ ਸਿਨਮੇ ਦੇ ਨਾਲ ਲਗਦੀ ਪਾਰਕ ਵਿਚ ਰਾਤ ਨੂੰ ਦਸ ਵਜੇ ਦੇ ਕਰੀਬ ਉਨ੍ਹਾਂ ਤਬਲਾ ਖੜਕਾਇਆ। ਅੱਧਾ ਘੰਟਾ ਲੋਕ ਇਕੱਠੇ ਹੁੰਦੇ ਰਹੇ। ਸਾਢੇ ਦਸ ਵਜੇ ਗੱਛੇ ਨੇ ਨਚਾਰਾਂ ਵਾਲੇ ਕੱਪੜੇ ਪਾ ਕੇ ਤੇ ਪੈਰੀਂ ਝਾਂਜਰਾਂ ਬੰਨ੍ਹ ਕੇ ਅਖਾੜੇ ਵਿਚ ਅੱਡੀ ਮਾਰੀ। ਲੋਕ ਇਉਂ ਖਿੱਚੇ ਆ ਰਹੇ ਸਨ ਜਿਉਂ ਗੁੜ ਦੁਆਲੇ ਕੀੜੀਆਂ। ਗੱਛੇ ਨੇ ਅੱਜ ਮੇਕਅੱਪ ਵੀ ਤਾਂ ਕਮਾਲ ਦੀ ਕੀਤੀ ਹੋਈ ਸੀ। ਲੰਮੀ ਧਾਰੀ ਦਾ ਸੁਰਮਾ, ਗੱਲ੍ਹਾਂ 'ਤੇ ਗੁਲਾਲੀ, ਗੂੜਾ ਕਾਸ਼ਨੀ ਸੂਟ ਤੇ ਨੁਕੀਲੀਆਂ ਛਾਤੀਆਂ। ਚੁਪਾਸੇ ਲੋਕ ਜੰਮੇ ਪਏ ਸਨ। ਉਸਤਾਦ ਦੇ ਪੈਰੀਂ ਹੱਥ ਲਾ ਕੇ, ਤਬਲੇ ਵਾਜੇ ਨੂੰ ਮੱਥੇ ਨਾਲ ਛੁਹਾ ਕੇ, ਗੱਛੇ ਨੇ ਜਦ ਦੋ ਛੜੱਪੇ ਅਖਾੜੇ ਵਿਚ ਮਾਰੇ ਤੇ ਛਣ ਛਣ ਕਰਦੀਆਂ ਝਾਂਜਰਾਂ ਨੇ ਜਦ ਘੁੰਮ ਕੇ ਗੇੜਾ ਦਿੱਤਾ ਤਾਂ ਸ਼ਰਾਬੀ ਜੱਟ ਹਾਇ ਹਾਇ ਕਰਨ ਲੱਗ ਪਏ। ਅਖਾੜੇ ਦੇ ਮੱਧ ਵਿਚ ਆ ਕੇ ਪਹਿਲੋਂ ਉਹਨੇ ਕੋਰੜਾ ਛੰਦ ਬੋਲਿਆ ਤੇ ਫੇਰ ਖੱਬਾ ਹੱਥ ਕੰਨ ਉੱਤੇ ਧਰ ਕੇ ਮਿੱਠੀ ਜਿਹੀ ਸੁਰ ਵਿਚ ਆਵਾਜ਼ ਕੱਢੀ,
ਟੁੱਟ ਪੈਣੇ ਨੇ ਸ਼ਰਾਬ ਪਿਲਾਈ,
ਧੁੰਨੀ ਕੋਲੋਂ ਮੱਚੇ ਕਾਲਜਾ...
ਕਿਹੜੇ ਯਾਰ ਦੀ ਬੁੱਕਲ 'ਚੋਂ ਆਈ
ਤਿੱਪ ਤਿੱਪ ਚੋਵੇ ਮੁੜ੍ਹਕਾ....
ਗੌਣ ਦੇ ਮੁਕੱਦਿਆਂ ਹੀ ਰੁਪਿਆਂ ਦੀ ਬੁਛਾੜ ਸ਼ੁਰੂ ਹੋ ਗਈ। ਗੱਛਾ ਗੇੜਾ ਦੇ ਰੁਪਿਆ ਫੜਦਾ ਤੇ 'ਵੇਲ¸ਰੁਪਏ ਦੀ ਵੇਲ' ਕਹਿੰਦਾ ਹੋਇਆ ਦੇਣ ਵਾਲੇ ਨੂੰ ਨਖਰੇ ਜਿਹੇ ਨਾਲ ਅੱਖ ਮਾਰ ਦਿੰਦਾ। ਓਧਰ ਤਬਲਾ ਤੇ ਵਾਜਾ ਵਜਾਉਣ ਵਾਲੇ ਗੱਛੇ ਦੇ ਸਾਥੀ ਓਨਾ ਚਿਰ ਗੌਣ ਦੇ ਬੋਲ ਦੁਹਰਾਈ ਜਾਂਦੇ, 'ਟੁੱਟ ਪੈਣੇ ਨੇ ਸ਼ਰਾਬ ਪਿਲਾਈ...।'
ਇਉਂ ਗੀਤ, ਕਵਾਲੀਆਂ, ਨਕਲਾਂ ਵਾਰੀ ਸਿਰ ਭੁਗਤਦੇ ਗਏ। ਰਾਤੀਂ ਤਿੰਨ ਵਜੇ ਦੇ ਕਰੀਬ ਅਖਾੜਾ ਪੁੱਟਿਆ ਗਿਆ। ਸ਼ਰਾਬੀ ਉਬਾਸੀਆਂ ਲੈਂਦੇ ਹੋਏ ਤੇ ਖਾਲੀ ਖੀਸਿਆਂ ਨੂੰ ਝਾੜਦੇ ਹੋਏ ਆਪੋ ਆਪਣੀਆਂ 'ਠਾਹਰਾਂ' ਵੱਲ ਨੂੰ ਹੋ ਤੁਰੇ। ਗੱਛੇ ਦੀ ਟੋਲੀ ਵੀ ਪੈਸਿਆਂ ਤੇ ਸੰਦਾਂ ਨੂੰ ਵਲ੍ਹੇਟਦੀ ਹੋਈ ਆਪਣੇ ਤੰਬੂ ਵਿਚ ਆ ਵੜੀ।
ਹਸਨਾ ਉਸਤਾਦ ਗੱਛੇ 'ਤੇ ਅੱਜ ਪੂਰਾ ਖੁਸ਼ ਸੀ। ਤੰਬੂ ਵਿਚ ਜਾਣ ਸਾਰ ਹੀ ਉਸ ਗੱਛੇ ਨੂੰ ਜੱਫੀ ਪਾ ਲਈ। ਚੁੰਮ ਚੰਮ ਕੁ ਉਹਦੇ ਮੂੰਹ ਦਾ ਪਾਊਡਰ ਲਾਹ ਦਿੱਤਾ। ਗੱਛਾ ਵੀ ਫਖਰ ਮਹਿਸੂਸ ਕਰ ਰਿਹਾ ਸੀ ਕਿ ਜ਼ਿੰਦਗੀ ਵਿਚ ਸਭ ਤੋਂ ਵੱਧ ਸ਼ੁਹਰਤ ਮਿਲਣ ਦਾ ਦਿਨ ਉਹਦਾ ਅੱਜ ਸੀ।
ਨੋਟ ਗਿਣੇ-ਪੂਰਾ ਸਾਢੇ ਛੇ ਸੌ ਹੋਇਆ। ਏਨੀ ਕਮਾਈ ਅੱਗੇ ਕਦੇ ਨਹੀਂ ਸੀ ਹੋਈ। ਹਸਨੇ ਨੇ ਤਦੇ ਪੰਜਾਹ ਰੁਪਏ ਗਿਣ ਕੇ ਦਿੱਤੇ। ਬੋਤਲਾਂ ਮੰਗਵਾਈਆਂ ਗਈਆਂ। ਸਾਜਿੰਦੇ, ਨਕਲ ਲਾਉਣ ਵਾਲਾ, ਰੋਟੀ ਬਣਾਉਣ ਵਾਲਾ ਤੇ ਹੋਰ ਇਕੜ ਦੁਖੜ ਸਾਥੀ ਇਕ ਪਾਸੇ ਹੋ ਕੇ ਪੀਣ ਲੱਗ ਪਏ। ਹਸਨਾ ਉਸਤਾਦ ਅਤੇ ਗੱਛਾ ਨਚਾਰ ਇਕ ਵੱਖਰੇ ਪਾਸੇ ਬੈਠ ਕੇ ਡੱਟ ਪੁੱਟਣ ਲੱਗੇ।
ਚੌਥੇ ਪੈੱਗ ਨਾਲ ਹੀ ਸਭ ਦੇ ਡੋਰੇ ਗੇਰੂ ਰੰਗੇ ਹੋ ਗਏ ਤੇ ਐਵੇਂ ਹਾਤਹੂਤ ਕਰਨ ਲੱਗ ਪਏ। ਰੋਟੀ ਅੱਜ ਉਨ੍ਹਾਂ ਹੋਟਲ ਤੋਂ ਹੀ ਮੰਗਵਾ ਲਈ। ਆਪ ਨਾ ਬਣਾਈ। ਦੋ ਦੋ ਹਾੜੇ ਹੋਰ ਅੰਦਰ ਸੁੱਟ ਕੇ ਉਨ੍ਹਾਂ ਰੋਟੀ ਸ਼ੁਰੂ ਕਰਨੀ ਮੁਨਾਸਬ ਸਮਝੀ। ਗੱਛੇ ਦੇ ਸ਼ਰਾਬੀ ਹੱਥਾਂ ਤੋਂ ਬੁਰਕੀ ਮਸੀਂ ਤੋੜ ਹੁੰਦੀ ਸੀ। ਉਸਤਾਦ ਨੇ ਇਕ ਪੈੱਗ ਹੋਰ ਉਹਦੇ ਵੱਲ ਵਧਾਇਆ, ''ਨਹੀਂ.... ਉਸਤਾਦ ਜੀ, ਬੱਸ...।'' ਗੱਛਾ ਘਿਸਿਆਈ ਆਵਾਜ਼ ਵਿਚ ਬੋਲਿਆ।
'ਓ ਮੁੰਡਿਆ! ਸਿੱਟ ਅੰਦਰ...ਥਕੇਵਾਂ ਲੱਥ ਜੂ।' ਤੇ ਹਸਨੇ ਨੇ ਠੋਡੀ ਫੜ ਕੇ ਗਲਾਸ ਉਹਦੇ ਮੂੰਹ ਨੂੰ ਲਾ ਦਿੱਤਾ। ਉਸ ਆਪ ਵੀ ਇਕ ਹਾੜਾ ਹੋਰ ਲਾ ਲਿਆ। ਦੂਜੇ ਸਾਥੀ ਵੀ ਹੁਣ ਤੱਕ ਅਵਾ-ਤਵੀ ਬੋਲਣ ਲੱਗ ਪਏ ਸਨ। ਜਿਥੇ ਜਿਥੇ ਤਾਂ ਮਿਲਿਆ, ਛੇਤੀ ਹੀ, ਸਭ ਟੇਢੇ ਹੋ ਗਏ। ਰੋਟੀ ਵੀ ਅੱਧ-ਪਚੱਧ ਹੀ ਖਾਧੀ। ਪਲਾਂ ਵਿਚ ਹੀ ਚੁਪਾਸਿਉਂ ਘੁਰਾੜੇ ਵੱਜਣੇ ਸ਼ੁਰੂ ਹੋ ਗਏ।
ਹਸਨਾ ਤੇ ਗੱਛਾ ਇਕੋ ਮੰਜੇ 'ਤੇ ਹੀ ਪਏ ਸਨ। ਕੋਈ ਅੱਧੇ ਘੰਟੇ ਪਿਛੋਂ ਗੱਛੇ ਨੂੰ ਜਾਪਿਆ ਕੋਈ ਉਹਦੇ ਢਿੱਡ 'ਤੇ ਹੱਥ ਫੇਰ ਰਿਹਾ ਹੈ। ਉਹ ਥਥਲਾਈ ਆਵਾਜ਼ ਵਿਚ ਬੋਲਿਆ, ''ਕੌ....ਣ...?''
ਉਸਤਾਦ ਹਸਨ ਨੇ ਇਕਦਮ ਹੱਥ ਪਿਛਾਂਹ ਖਿੱਚ ਲਿਆ। ''ਸੌਂ ਜਾ...ਸੌਂ ਜਾ....। ਮੈਂ ਨਾਲ ਈ ਪਿਆਂ ਤੇਰੇ।''
ਕੁਝ ਹੀ ਪਲਾਂ ਪਿਛੋਂ ਗੋਛੇ ਨੇ ਮਹਿਸੂਸਿਆ ਜੀਕਣ ਕੋਈ ਪੋਲਾ ਜਿਹਾ ਹੱਥ ਫੇਰ ਉਹਦੇ ਢਿੱਡ ਉੱਤੇ ਫਿਰ ਰਿਹਾ ਹੈ¸ਫਿਰ ਪੱਟਾਂ ਉੱਪਰ....ਫਿਰ ਮੂੰਹ ਉੱਪਰ।
ਨਸ਼ੇ ਦੀ ਭੰਨ ਵਿਚ ਤੇ ਥਕੇਵੇਂ ਦੀ ਬਹੁਤਾਤ ਕਾਰਨ ਗੱਛੇ ਕੋਲੋਂ ਹੱਥ ਵੀ ਝਟਕ ਨਾ ਹੋਇਆ ਤੇ ਫਿਰ ਪਤਾ ਨਹੀਂ ਕਦੋਂ ਉਹਨੂੰ ਨੀਂਦ ਆ ਗਈ। ਸੁਬ੍ਹਾ ਮੂੰਹ-ਨ੍ਹੇਰੇ ਹੀ ਉਹਦੀ ਅੱਖ ਖੁੱਲ੍ਹ ਗਈ। ਉਹਨੇ ਪਾਸਾ ਪਰਤਿਆ। ਗੱਛੇ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਜਦ ਉਹਨੇ ਆਪਣੀ ਲੱਕ ਦੀ ਨੂੰ ਗੋਡਿਆਂ ਤੱਕ ਢਿਲਕੀ ਹੋਈ ਦੇਖਿਆ। ਮੰਜੇ ਤੋਂ ਉਹ ਇਕਦਮ ਛਾਲ ਮਾਰ ਕੇ ਉੱਠ ਖੜੋਤਾ। ਉਹਨੇ ਇਕ ਨਜ਼ਰ ਉਸਤਾਦ ਵੱਲ ਮਾਰੀ। ਹਸਨੇ ਉਸਤਾਦ ਦੇ ਅੱਧ ਖੁੱਲ੍ਹੇ ਮੂੰਹ ਵਿਚੋਂ ਨਿਕਲਦੀ ਸ਼ਰਾਬੀ ਹਵਾੜ ਉਹਦੇ ਨੱਕ ਨੂੰ ਚੜ੍ਹੀ। ਗੱਛੇ ਦੇ ਮੂੰਹ ਦਾ ਪਾਊਡਰ ਅਜੇ ਵੀ ਹਸਨੇ ਦੇ ਬੁੱਲ੍ਹਾਂ ਉੱਤੇ ਚਿਪਕਿਆ ਹੋਇਆ ਸੀ। ਗੱਛੇ ਦਾ ਸਿਰ ਚਕਰਾ ਗਿਆ। ਉਹਦੇ ਮਨ ਨੇ ਕਿਹਾ, ਕਾਰਾ ਹੋ ਗਿਆ।
ਗੱਛੇ ਦੇ ਮਨ ਵਿਚ ਕੀ ਆਈ, ਉਹਨੇ ਨੱਚਣ ਵਾਲੇ ਕੱਪੜੇ ਉਤਾਰੇ ਅਤੇ ਦੂਜੇ ਕੱਪੜੇ ਪਾਏ। ਸਭ ਨੂੰ ਸੁੱਤਿਆਂ ਛੱਡ ਕੇ ਉਹ ਪਿੰਡ ਆ ਵੜਿਆ। ਚਮਾਰਾਂ ਦੇ ਵਿਹੜੇ ਵਿਚ ਤੇ ਸਾਰੇ ਪਿੰਡ ਵਿਚ ਗੱਲਾਂ ਹੋ ਰਹੀਆਂ ਸਨ, ''ਗੱਛਾ ਵਾਪਸ ਆ ਗਿਆ....।'' ''ਗੱਛਾ ਰਾਤ ਦਾ ਪਿੰਡ ਆਇਆ ਹੋਇਆ...।''
ਮਾਂ ਨੇ ਪੁੱਤ ਨੂੰ ਦੇਖਣ ਸਾਰ, ਚਾਹ ਵਿਚੇ ਹੀ ਛੱਡ ਦਿੱਤੀ, ''ਪੁੱਤ ਗੱਛਿਆ.... ਤੂੰ?'' ਤੇ ਮਾਂ ਅੱਖਾਂ ਭਰ ਆਈ। ਉਹਨੇ ਬੁੱਕਲ ਵਿਚ ਲੈ ਕੇ ਉਹਨੂੰ ਛਾਤੀ ਨਾਲ ਲਾਇਆ ਪਰ ਗੱਛੇ ਦਾ ਮੂੰਹ ਉਤਰਿਆ ਹੋਇਆ ਸੀ। 'ਪੁੱਤ-ਤੂੰ....ਬੋਲਦਾ ਕਿਉਂ ਨਹੀਂ?' ਤੇ ਮਾਂ ਨੇ ਪੁੱਤ ਦੇ ਪਿੰਡੇ ਉਤੇ ਲਾਡ ਨਾਲ ਹੱਥ ਫੇਰਿਆ।
ਗੱਛੇ ਨੇ ਆਪਣੇ ਪਿੰਡੇ ਉਤੋਂ ਮਾਂ ਦੇ ਹੱਥ ਨੂੰ ਇਕਦਮ ਝਟਕ ਦਿੱਤਾ....ਤੇ ਫੇਰ ਭੁੱਬ ਮਾਰ ਕੇ ਰੋ ਪਿਆ।
-ਸ਼ਮਸ਼ੇਰ ਸਿੰਘ ਸੰਧੂ
Subscribe to:
Posts (Atom)