Monday, August 26, 2013
ਜਾਤ ਪ੍ਰਥਾ ਦੇ ਸਿਧਾਂਤ, ਇਤਿਹਾਸ
ਸ਼ੁਰੂਆਤੀ ਭਾਰਤ ’ਚ ਸਮਾਜਿਕ ਦਰਜੇਬੰਦੀ ਦੀ ਪ੍ਰਕਿਰਿਆ ਨੂੰ ਸਮਝਣ ਲਈ ਵਰਣ ਅਤੇ ਜਾਤ ਦੇ ਸਰੂਪ ਨੂੰ ਸਮਝਣਾ ਜਰੂਰੀ ਹੈ। ਵਰਣ ਅਤੇ ਜਾਤ ਬੁਨਿਆਦੀ ਤੌਰ ’ਤੇ ਇੱਕ ਤਰ੍ਹਾਂ ਦੇ ਹੁੰਦੇ ਹਨ। ਚਾਰ ਵਰਣਾਂ ਦੀ ਵਿਵਸਥਾ ਰਾਹੀਂ ਸਮਾਜ ਨੂੰ ਚਾਰ ਪ੍ਰਵਰਗਾਂ ’ਚ ਵੰਡ ਦਿੱਤਾ ਗਿਆ ਹੈ। ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰਾਂ ਦੇ ਵੱਖ ਵੱਖ ਕਰਤੱਵ ਤੈਅ ਕੀਤੇ ਗਏ ਹਨ। ਪਰ ਸਮਾਜਿਕ ਹਾਲਤ ਅਤੇ ਸ਼ੁੱਧਤਾ ਦੀ ਨਜ਼ਰ ਤੋਂ ਬ੍ਰਹਾਮਣ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ, ਖੱਤਰੀ ਨੂੰ ਦੂਜਾ, ਵੈਸ਼ ਨੂੰ ਤੀਜਾ ਅਤੇ ਸ਼ੂਦਰ ਨੂੰ ਚੌਥਾ। ਅਛੂਤਾਂ ਨੂੰ ਕਦੇ ਚੌਥੇ ਵਰਣ ’ਚ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਅਸਤ ਸ਼ੂਦਰ ਸਮਝਿਆ ਜਾਂਦਾ ਹੈ ਅਤੇ ਕਦੇ ਕਦੇ ਉਹਨਾਂ ਨੂੰ ਪੰਜਵਾਂ ਵਰਣ ਮੰਨਿਆਂ ਜਾਂਦਾ ਹੈ। ਵਰਣ ਦਾ ਅਰਥ ਰੰਗ ਹੁੰਦਾ ਹੈ। ਫਿਰ ਵੀ ਸਮਾਜਿਕ ਵੰਡ ਰੰਗ ਦੇ ਵਖਰੇਵੇਂ ਦੇ ਨਾਂ ’ਤੇ ਨਹੀਂ ਕੀਤੀ ਗਈ ਹੈ। ਇੱਕ ਅੱਧੀ ਥਾਂ ’ਤੇ ਚਾਰਾਂ ਵਰਣਾਂ ਦੇ ਵੱਖ-ਵੱਖ ਰੰਗ ਦੱਸੇ ਗਏ ਹਨ। ਪਰ ਧਰਮਸਾਸ਼ਤਰਾਂ ਅਤੇ ਹੋਰ ਗ੍ਰੰਥਾਂ ’ਚ ਇਹ ਗੱਲ ਆਮ ਸੰਕਲਪ ਦੇ ਰੂਪ ’ਚ ਨਹੀਂ ਮਿਲਦੀ। ਵਰਣ ਚਾਰ ਹੀ ਹੁੰਦੇ ਹਨ ਪਰ ਜਾਤਾਂ ਦੀ ਗਿਣਤੀ ਹਜ਼ਾਰਾਂ ’ਚ ਹੈ। 1901 ਦੀ ਜਨਗਣਨਾ ਅਨੁਸਾਰ ਭਾਰਤ ’ਚ 2000 ਤਰ੍ਹਾਂ ਦੇ ਤਾਂ ਬ੍ਰਹਾਮਣ ਹੀ ਸਨ। ਇਹਨਾਂ ਹਜ੍ਯਜ਼ਾਰਾਂ ਜਾਤਾਂ ਨੂੰ ਕਿਸੇ ਨਾ ਕਿਸੇ ਵਰਣ ’ਚ ਸ਼ਾਮਿਲ ਕੀਤਾ ਜਾਂਦਾ ਹੈ ਅਤੇ ਰਸਮ ਦੀ ਨਜ਼ਰ ਤੋਂ ਸਫ਼ਾਈ ਸ਼ੁੱਧਤਾ ਦੀਆਂ ਆਦਤਾਂ ’ਤੇ ਵੀ ਧਿਆਨ ਦਿੱਤਾ ਜਾਂਦਾ ਹੈ। ਵਰਣ ਅਤੇ ਜਾਤ ਦੋਨੋਂ ਅਨੁਵੰਸ਼ਿਕ ਹੁੰਦੇ ਹਨ ਅਤੇ ਦੋਨਾਂ ’ਤੇ ਵਿਆਹ ਅਤੇ ਭੋਜਨ ਸਬੰਧੀ ਪਬੰਦੀਆਂ ਲਾਗੂ ਹੁੰਦੀਆਂ ਹਨ। ਬੇਟੀ ਅਤੇ ਰੋਟੀ ਨੂੰ ਵਰਣ ਅਤੇ ਜਾਤ ਦੋਨਾਂ ਦਾ ਅਧਾਰ ਮੰਨਿਆ ਜਾਂਦਾ ਹੈ। ਜਾਤ ਦਾ ਅਰਥ ਜਨਮ ਹੁੰਦਾ ਹੈ। ਇਸ ਲਈ ਜਾਤ ਦਾ ਨਿਰਧਾਰਣ ਜਨਮ ਤੋਂ ਹੁੰਦਾ ਹੈ ਕਰਮ ਤੋਂ ਨਹੀਂ। ਇਹੀ ਗੱਲ ਵਰਣ ਦੇ ਨਿਰਧਾਰਣ ’ਚ ਲਾਗੂ ਹੁੰਦੀ ਹੈ।
ਸ਼ੁਰੂ ’ਚ ਵਰਣ ਨੂੰ ਵੱਡੀ ਇਕਾਈ ਮੰਨਿਆ ਜਾਂਦਾ ਸੀ। ਇੱਕ ਵਰਣ ’ਚ ਅਨੇਕ ਜਾਤਾਂ ਹੋ ਸਕਦੀਆਂ ਸਨ। ਵਰਣਾਂ ’ਚ ਵੰਡੇ ਸਮਾਜ ’ਚ ਵਿਦੇਸ਼ੀਆਂ ਅਤੇ ਕਬੀਲਿਆਂ ਦੇ ਰਲਣ ਕਰਕੇ ਜਾਤਾਂ ਦੀ ਗਿਣਤੀ ਵੱਧਦੀ ਗਈ। ਇਸ ਨਾਲ਼ ਹੀ ਉਹਨਾਂ ਦੀ ਹੋਂਦ ਦੀ ਵਾਜ਼ਬੀਅਤ ਨੂੰ ਸਿੱਧ ਕਰਨ ਲਈ ਧਰਮਸ਼ਾਸਤਰਾਂ ’ਚ ਵਰਣਸੰਕਰ ਜਾਂ ਵਰਣਸੰਕੀਰਣ ਦੇ ਸਿਧਾਂਤ ਦਾ ਪ੍ਰਗਟਾਵਾ ਹੁੰਦਾ ਰਿਹਾ। ਵਧੇਰੇ ਜਾਤਾਂ ਨੂੰ ਵਰਣਸੰਕਰ ਜਾਂ ਵਰਣਸੰਕੀਰਣ ਦੱਸਿਆ ਗਿਆ। ਕਿਹਾ ਗਿਆ ਕਿ ਇਹ ਜਾਤਾਂ ਜ਼ਿਆਦਾਤਰ ਪ੍ਰਤੀਲੋਮ (ਉਲ਼ਟਾ) ਸਬੰਧ ਕਰਕੇ ਪੈਦਾ ਹੋਈ ਹੈ। ਜਦੋਂ ਉੱਚੇ ਵਰਣ ਦੀ ਔਰਤ ਦਾ ਸਬੰਧ ਨੀਵੇਂ ਵਰਣ ਦੇ ਮਰਦ ਨਾਲ਼ ਹੁੰਦਾ ਹੈ ਤਾਂ ਅਜਿਹੇ ਸਬੰਧ ਨੂੰ ਪ੍ਰਤੀਲੋਮਜ ਕਹਿੰਦੇ ਹਨ। ਮਿਸਾਲ ਦੇ ਤੌਰ ’ਤੇ ਬ੍ਰਹਾਮਣੀ ਨਾਲ਼ ਸ਼ੂਦਰ ਪ੍ਰਤੀਲੋਮਜ ਮਰਦ ਦੇ ਸੰਯੋਗ ਨਾਲ਼ ਪ੍ਰਤੀਲੋਮਜ ਸੰਤਾਨ ਚੰਡਾਲ ਦਾ ਜਨਮ ਹੁੰਦਾ ਹੈ। ਅਨੁਲੋਮ ਸਬੰਧ ਇਸਦਾ ਉਲ਼ਟਾ ਹੁੰਦਾ ਹੈ। ਇਸ ਅਨੁਸਾਰ ਉੱਚੇ ਵਰਣ ਦਾ ਮਰਦ ਨੀਵੇਂ ਵਰਣ ਦੀ ਔਰਤ ਨਾਲ਼ ਵਿਆਹ ਕਰਦਾ ਹੈ। ਇਸ ਤਰ੍ਹਾਂ ਬ੍ਰਹਾਮਣ ਮਰਦ ਤੋਂ ਸ਼ੂਦਰ ਔਰਤ ਨੂੰ ਸੰਤਾਨ ਪੈਦਾ ਹੋਵੇ ਤਾਂ ਉਹ ਅਨੁਲੋਮਜ ਹੋਵੇਗੀ ਅਤੇ ਨਿਸ਼ਾਦ ਕਹਾਏਗੀ। ਅੱਗੇ ਇਹ ਦੱਸਿਆ ਜਾਵੇਗਾ ਕਿ ਵਰਣਸੰਕਰ ਦੇ ਸਿਧਾਂਤ ਨੂੰ ਘੜਿਆ ਗਿਆ ਹੈ। ਇਸ ਸਿਧਾਂਤ ’ਚ ਅਸਲੀਅਤ ਨਹੀਂ ਬਰਾਬਰ ਹੈ। ਵਰਣਾਂ ਦੀ ਗਿਣਤੀ ਹੁਣ ਵੀ ਬੁਨਿਆਦੀ ਤੌਰ ’ਤੇ ਚਾਰ ਹੀ ਮੰਨੀ ਜਾਂਦੀ ਹੈ। ਪਰ ਮੱਧਕਾਲ ਆਉਦੇ ਆਉਦੇ ਵਰਣ ਅਤੇ ਜਾਤ ਦਾ ਭੇਦ ਮਿਟਦਾ ਗਿਆ। ਕਈ ਅਜਿਹੇ ਪਿੰਡਾਂ ਦਾ ਵਰਣਨ ਮਿਲਦਾ ਹੈ ਜਿਹਨਾਂ ਨੂੰ 36 ਵਰਣਾਂ ਦਾ ਪਿੰਡ ਦੱਸਿਆ ਗਿਆ ਹੈ। ਇਸਦਾ ਅਰਥ ਇਹ ਹੈ ਕਿ ਇਹਨਾਂ ’ਚ 36 ਤਰ੍ਹਾਂ ਦੀਆਂ ਜਾਤਾਂ ਰਹਿੰਦੀਆਂ ਸਨ। ਇਸ ਤਰ੍ਹਾਂ ਵਰਣ ਅਤੇ ਜਾਤ ਦਰਮਿਆਨ ਦਰਅਸਲ ਬਹੁਤ ਭਿੰਨਤਾ ਨਹੀਂ ਹੈ। ਭਾਰਤੀ ਸਮਾਜ ਦੀ ਦਰਜਾਬੰਦੀ ਵਰਣ ਵਖਰੇਵੇਂ ਕਰਕੇ ਹੋਈ। ਅਸੀਂ ਪਤਾ ਕਰਨਾ ਹੈ ਕਿ ਵਰਣ ਅਤੇ ਜਾਤ ਦਾ ਵਖਰੇਵਾਂ ਕਿਵੇਂ ਪੈਦਾ ਹੋਇਆ ਅਤੇ ਸਮਾਜ ’ਚ ਬਦਲਾਅ ਨਾਲ਼ ਕਿਵੇਂ ਬਦਲਦਾ ਗਿਆ।
ਕੁਝ ਲੋਕਾਂ ਦਾ ਮਤ ਹੈ ਕਿ ਭਾਰਤੀ ਸਮਾਜ ਪ੍ਰਾਚੀਨ ਕਾਲ ਤੋਂ ਜਾਤ ਪ੍ਰਥਾ ’ਤੇ ਅਧਾਰਿਤ ਰਿਹਾ ਹੈ। ਹੁਣੇ ਹੀ ਸਨਅਤੀਕਰਨ ਦੇਂ ਦਬਾਅ ਦੀ ਵਜ੍ਹਾ ਕਰਕੇ ਇਸ ’ਚ ਤਬਦੀਲੀ ਸ਼ੁਰੂ ਹੋਈ ਹੈ। ਪੱਛਮੀ ਦੇਸ਼ਾਂ ਦੇ ਭਾਰਤ ਬਾਰੇ ਜਾਣਕਾਰੀ ਰੱਖਣ ਵਾਲ਼ੇ ਵਿਦਵਾਨਾਂ ਨੇ ਇਸਨੂੰ ਸਖ਼ਤ, ਸੁਸਤ ਅਤੇ ਅਬਦਲ ਸਮਾਜ ਦੇ ਰੂਪ ’ਚ ਚਿਤਰਿਤ ਕੀਤਾ ਹੈ। ਭਾਰਤੀ ਸਮਾਜ ਨੂੰ ਸਾਰੀਆਂ ਤਰ੍ਹਾਂ ਦੀਆਂ ਸਦੀਵੀਂ ਕਦਰਾਂ ਅਤੇ ਪੁਰਾਤਨ ਪੈਮਾਨੇ ਦਾ ਸਿਹਰਾ ਦੇਣ ਵਾਲ਼ੇ ਕੁਝ ਸਮਾਜਸ਼ਾਸ਼ਤਰੀ, ਸਨਾਤਨਧਰਮੀ ਅਤੇ ਮੁੜ-ਸੁਰਜੀਤੀਵਾਦੀ ਇਸ ਸੰਕਲਪ ਨੂੰ ਮਜ਼ਬੂਤ ਕਰਦੇ ਹਨ। ਪਰ ਇਸ ਨਜ਼ਰੀਏ ਤੋਂ ਭਾਰਤੀ ਸਮਾਜ ਦੇ ਇਤਿਹਾਸ ਦਾ ਸਹੀ ਅਧਿਐਨ ਨਹੀਂ ਹੋ ਸਕਦਾ। ਸਮਾਜਿਕ ਸੰਰਚਨਾ ’ਚ ਹੋਣ ਵਾਲ਼ੇ ਬਦਲਾਆਂ ਦੀ ਰਫ਼ਤਾਰ ਹੋਲ਼ੀ ਰਹੀ ਹੈ। ਉਹ ਇੱਕਦਮ ਉੱਭਰ ਕੇ ਨਹੀਂ ਆਉਦੇ ਹਨ। ਪਰ ਇਹਨਾਂ ਦਾ ਪਤਾ ਲਗਾਉਣ ’ਚ ਵਿਦਵਾਨਾਂ ਦੀ ਅਸਫ਼ਲਤਾ ਅਤੇ ਅਰੁਚੀ ਦਾ ਇਹ ਅਰਥ ਨਹੀਂ ਹੈ ਕਿ ਬਦਲਾਅ ਨਹੀਂ ਹੋਏ ਹਨ। ਤੁਲਨਾਤਮਕ ਦਿ੍ਰਸ਼ਟੀ ਨਾਲ਼ ਭਾਰਤੀ ਸਮਾਜ ’ਚ ਦਰਜੇਬੰਦੀ ਦੀ ਜਾਂਚ ਕੇਵਲ ਸ਼ੁੱਧਤਾ, ਦਿ੍ਰੜਤਾ ਅਤੇ ਅਨੁਵੰਸ਼ਿਕਤਾ ਦੇ ਅਧਾਰ ’ਤੇ ਨਹੀਂ ਹੋਣੀ ਚਾਹੀਦੀ। ਵਿਕਾਸ ਦੇ ਸਿਧਾਂਤ ਨੂੰ ਨਕਾਰਿਆ ਨਹੀਂ ਜਾ ਸਕਦਾ। ਸਮਾਜਿਕ ਵਿਕਾਸ ਦੀਆਂ ਪਰਤਾਂ ਦੀ ਖੋਜ ਉਸੇ ਤਰ੍ਹਾਂ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਖੁਦਾਈ ’ਚ ਜਮੀਆਂ ਪਰਤਾਂ ਦੀ ਖੋਜ ਕੀਤੀ ਜਾਂਦੀ ਹੈ ਅਤੇ ਪ੍ਰਾਚੀਨ ਪੋਥੀਆਂ ’ਚ ਕ੍ਰਮਵਾਰ ਪੱਧਰਾਂ ਨੂੰ ਲੱਭਿਆ ਜਾਂਦਾ ਹੈ।
ਵਿਆਹ ਅਤੇ ਸਮਾਜਿਕ ਸੰਪਰਕ ਦੀਆਂ ਪਬੰਦੀਆਂ, ਅਨੁਵੰਸ਼ਿਕਤਾ ਅਤੇ ਸ਼੍ਰੇਣੀਬੱਧ ਹੀ ਅਬਦਲ ਮੰਨੀ ਜਾਣ ਵਾਲ਼ੀ ਜਾਤ ਪ੍ਰਥਾ ਦੀਆਂ ਪ੍ਰਮੁੱਖ ਖਾਸੀਅਤਾਂ ਹਨ। ਕਿਸੇ ਜਾਤ ਦੇ ਮੈਂਬਰ ਆਪਣੀ ਜਾਤ ਦੇ ਬਾਹਰ ਨਾ ਵਿਆਹ ਕਰ ਸਕਦੇ ਹਨ ਅਤੇ ਨਾ ਆਪਣੇ ਤੋਂ ਨੀਵੀਂ ਜਾਤ ਨਾਲ਼ ਭੋਜਨ ਗ੍ਰਹਿਣ ਕਰ ਸਕਦੇ ਹਨ। ੳੂਚ-ਨੀਚ ਦਾ ਭਾਵ ਜਨਮ ਅਤੇ ਅਨੁਵੰਸ਼ਿਕਤਾ ਨਾਲ਼ ਜੁੜਿਆ ਹੋਇਆ ਹੈ। ਬ੍ਰਹਾਮਣ ਦੇ ਰੂਪ ’ਚ ਕਿਸੇ ਦੇ ਜਨਮ ਲੈਣ ਨਾਲ਼ ਹੀ ਉਹ ਅਤੇ ਉਸਦੇ ਵੰਸ਼ਜ ਬ੍ਰਹਾਮਣ ਮੰਨੇ ਜਾਂਦੇ ਹਨ। ਸਿਧਾਂਤਕ ਤੌਰ ’ਤੇ ਆਪਣੇ ਜੀਵਨ ਦੌਰਾਨ ਕੋਈ ਆਪਣਾ ਵਰਣ ਨਹੀਂ ਬਦਲ ਸਕਦਾ। ਚਾਰਾਂ ਪ੍ਰਮੁੱਖ ਵਰਣਾਂ ਅਤੇ ਬਹੁਗਿਣਤੀ ਜਾਤਾਂ ਕਿਸੇ ਨਾ ਕਿਸੇ ਵਰਣ ਦੇ ਅਧੀਨ ਆਉਦੀਆਂ ਹਨ ਇਹ ਵਿਧੀ ਰਸਮ ਦੀ ਦਿ੍ਰਸ਼ਟੀ ਤੋਂ ੳੂਚ-ਨੀਚ ਦੀ ਲੜੀ ’ਚ ਕ੍ਰਮਬੱਧ ਹੈ। ਬ੍ਰਹਾਮਣ ਨੂੰ ਸੱਭ ਤੋਂ ਉੱਚੀ ਹੈਸੀਅਤ ਹਾਸਲ ਹੈ ਅਤੇ ਸ਼ੂਦਰ ਨੂੰ ਸਭ ਤੋਂ ਹੇਠਲੀ। ਖੱਤਰੀ ਦੂਜੀ ਕੋਟੀ ’ਚ ਆਉਦੇ ਹਨ ਅਤੇ ਵੈਸ਼ ਤੀਜੀ ’ਚ। ਬੌਧ ਗਰੰਥਾਂ ’ਚ ਖੱਤਰੀ ਨੂੰ ਪਹਿਲਾ ਸਥਾਨ ਹਾਸਲ ਹੈ ਅਤੇ ਬ੍ਰਾਹਮਣ ਨੂੰ ਦੂਜਾ। ਵਰਣ ਦਾ ਅਧਾਰ ਜਨਮ ਦੀ ਬਜਾਏ ਕਰਮ ਮੰਨਿਆ ਗਿਆ ਹੈ। ਪਰ ਵਰਣਵਿਵਸਥਾ ਦਾ ਮੁੰਕਮਲ ਤਿਆਗ ਨਹੀਂ ਹੈ। ਧਰਮਸ਼ਾਸਤਰਾਂ ’ਚ ਅਛੂਤ ਜ਼ਿਆਦਾਤਰ ਸ਼ੂਦਰ ਵਰਣ ਦੇ ਅੰਸ਼ ਮੰਨੇ ਜਾਂਦੇ ਹਨ। ਪਰ ਕਦੇ-ਕਦੇ ਇਹਨਾਂ ਨੂੰ ਪੰਜਵੇ ਵਰਣ ਦੀ ਸੰਗਿਆ ਦਿੱਤੀ ਜਾਂਦੀ ਹੈ। ਹੁਣ ਤੱਕ ਮਿਲਾ-ਜੁਲਾ ਕੇ ਇਹ ਵੇਖਿਆ ਗਿਆ ਹੈ ਕਿ ਉੱਪਰ ਦੇ ਦੋਨਾਂ ਵਰਣਾਂ ਦੇ ਮੈਂਬਰਾਂ ਕੋਲ਼ ਜਮੀਨ ਹੁੰਦੀ ਸੀ। ਵੈਸ਼ ਵਪਾਰ ਕਰਦੇ ਸਨ। ਸ਼ੂਦਰ ਕਿਸਾਨ, ਦਸਤਕਾਰ, ਖੇਤ-ਮਜ਼ਦੂਰ ਅਤੇ ਘਰੇਲੂ ਗੁਲਾਮ ਹੁੰਦੇ ਸਨ। ਜ਼ਿਆਦਾਤਰ ਅਛੂਤ ਹੇਠਲੇ ਦਰਜੇ ਦੇ ਦਸਤਕਾਰ ਅਤੇ ਖੇਤ-ਮਜ਼ਦੂਰ ਦੇ ਰੂਪ ’ਚ ਗੁਜ਼ਾਰਾ ਕਰਦੇ ਸਨ।
ਜਾਤ ਪ੍ਰਥਾ ਦੀ ਸ਼ੁਰੂਆਤ ਲਈ ਬਹੁਤ ਸਾਰੀਆਂ ਸਫ਼ਾਈਆਂ ਦਿੱਤੀਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਆਪਣੀ ਕੁਦਰਤੀ ਪ੍ਰਵਿਰਤੀ ਅਤੇ ਪ੍ਰਤਿਭਾ ਦੇ ਅਨੁਰੂਪ ਸੰਪੂਰਨ ਮਨੁੱਖੀ ਸਮਾਜ ਚਾਰ ਜਮਾਤਾਂ ’ਚ ਵੰਡਿਆ ਹੈ। ਕੁਝ ਲੋਕਾਂ ’ਚ ਉੱਤਮ ਅਧਿਆਤਮਿਕ ਅਤੇ ਬੌਧਿਕ ਪ੍ਰਤਿਭਾਵਾਂ ਹਨ। ਕੁਝ ਲੋਕ ਜੰਗ ਲੜਨ ਦੀ ਸਮਰੱਥਾ ਰੱਖਦੇ ਹਨ। ਕੁਝ ਹੋਰ ਪੈਦਾਵਾਰੀ ਕਾਰਜ ਦੇ ਲਾਇਕ ਹਨ। ਇਸ ਮੁਤਾਬਿਕ ਉਹ ਵੱਖ-ਵੱਖ ਪ੍ਰਵਰਗਾਂ ’ਚ ਰੱਖੇ ਗਏ ਹਨ। ਇਸ ਲਈ ਵਰਣਵਿਵਸਥਾ ਮਨੁੱਖੀ ਸਮਾਜ ’ਚ ਮੌਜੂਦ ਸੁਭਾਵਿਕ ਅਤੇ ਸਹਿਜ ਗੁਣਾਂ ’ਤੇ ਅਧਾਰਿਤ ਹੈ। ਇਸ ਲਈ ਇਸ ਨੂੰ ਹਿੰਦੂ ਪ੍ਰਤਿਭਾ ਦੀ ਦੇਣ ਕਿਹਾ ਜਾਂਦਾ ਹੈ ਅਤੇ ਵਿਦੇਸ਼ੀ ਹਮਲਿਆਂ ਦੇ ਬਾਵਜੂਦ ਹਿੰਦੂ ਸਮਾਜ ਦੀ ਅਖੰਡਤਾ ਅਤੇ ਟਿਕਾੳੂਪਣ ਦਾ ਕਾਰਨ ਦੱਸਿਆ ਜਾਂਦਾ ਹੈ। ਪਰ ਮਨੁੱਖ ਦੇ ਕੁਦਰਤੀ ਗੁਣ ਉਸ ਪਦਾਰਥਕ ਅਤੇ ਸਮਾਜਿਕ ਮਾਹੌਲ ਤੋ ਤੈਅ ਹੁੰਦੇ ਹਨ ਜਿਸ ’ਚ ਉਹ ਪੈਦਾ ਹੁੰਦਾ ਹੈ ਅਤੇ ਪਲ਼ਦਾ ਹੈ। ਉਸ ਮਾਹੌਲ ਨੂੰ ਧਿਆਨ ’ਚ ਰੱਖੇ ਬਿਨਾਂ ਉਸਦੇ ‘ਕੁਦਰਤੀ’ ਗੁਣਾਂ ਦਾ ਪਤਾ ਕਰਨਾ ਮੁਸ਼ਕਲ ਹੈ। ਵਰਣਵਿਵਸਥਾ ਦੇ ਕੁਦਰਤੀ ਹੋਣ ਦਾ ਸਿਧਾਂਤ ਸੱਪਸ਼ਟ ਤੌਰ ’ਤੇ ਉਹਨਾਂ ਲੋਕਾਂ ਦੇ ਸਵਾਰਥ ਨੂੰ ਸਿੱਧ ਕਰਦਾ ਹੈ ਜਿਹੜੇ ਇਸਨੂੰ ਕਾਇਮ ਰੱਖਣਾ ਚਾਹੁੰਦੇ ਹਨ। ਇਹ ਅਰਸਤੂ ਦੇ ਕਥਨ ਵਰਗੀ ਲੱਗਦੀ ਹੈ ਕਿ ਕੁਝ ਲੋਕ ਹੁਕਮ ਚਲਾਉਣ ਲਈ ਜਨਮ ਲੈਂਦੇ ਹਨ ਅਤੇ ਕੁਝ ਹੁਕਮ ਦੀ ਪਾਲਣਾ ਕਰਨ ਲਈ ਪਹਿਲੀ ਕਿਸਮ ਦੇ ਲੋਕ ਮਾਲਕ ਬਣ ਜਾਂਦੇ ਹਨ ਅਤੇ ਦੁਜੀ ਕਿਸਮ ਦੇ ਲੋਕ ਗੁਲਾਮ ਬਣਦੇ ਹਨ।
ਦੂਜੇ ਸਿਧਾਂਤ ਅਨੁਸਾਰ ਜਾਤ ਪ੍ਰਥਾ ਪਵਿੱਤਰਤਾ ਅਤੇ ਅਪਵਿੱਤਰਤਾ ਦੇ ਜ਼ਜ਼ਬਿਆਂ ’ਤੇ ਅਧਾਰਿਤ ਹੈ। ਬ੍ਰਾਹਮਣਾਂ ’ਚ ਪਹਿਲੀ ਕੋਟੀ ਦੀ ਪਵਿੱਤਰਤਾ ਪਾਈ ਜਾਂਦੀ ਹੈ। ਖੱਤਰੀਆਂ ’ਚ ਦੂਜੀ ਕੋਟੀ ਦੀ, ਵਰਣਾਂ ਅਤੇ ਜਾਤਾਂ ਦੀ ਸਾਪੇਖਿਕ ਪਵਿੱਤਰਤਾ ਦੀ ਕਲਪਨਾ ਦੇ ਅਧਾਰ ’ਤੇ ਉਹਨਾਂ ਨੂੰ ਵਿਧੀ ਰਸਮ ਦੇ ਲਿਹਾਜ ਨਾਲ਼ ਕੋਟੀਕ੍ਰਮ ’ਚ ਰੱਖਿਆ ਗਿਆ ਹੈ। ਪਰ ਇਸ ਸਿਧਾਂਤ ਦੇ ਘਾੜੇ ਭੁੱਲ ਜਾਂਦੇ ਹਨ ਕਿ ਭਾਰਤ ਤੋਂ ਬਾਹਰ ਮੁੱਢ-ਕਦੀਮੀ ਅਤੇ ਪ੍ਰਾਚੀਨ ਸਮਾਜਾਂ ’ਚ ਪਾਏ ਗਏ ਪਵਿੱਤਰਤਾ ਅਤੇ ਅਪਵਿੱਤਰਤਾ ਦੇ ਭਾਵਾਂ ਤੋਂ ਵਰਣਵਿਵਸਥਾ ਦਾ ਉਦੈ ਜਾਂ ਵਿਕਾਸ ਨਹੀਂ ਹੋਇਆ। ਭਾਰਤ ’ਚ ਵੀ ਵੈਦਿਕ ਕਾਲ ’ਚ ਚਮੜੇ ਦਾ ਕੰਮ ਅਪਵਿੱਤਰ ਨਹੀਂ ਮੰਨਿਆ ਜਾਂਦਾ ਸੀ। ਵੈਦਿਕ ਯੁੱਗ ’ਚ ਕਾਰੀਗਰਾਂ ’ਚ ਚਰਮਕਾਰ ਸ਼ਾਮਿਲ ਸਨ ਅਤੇ ਕਾਰੀਗਰ ਕਬਾਇਲੀ ਭਾਈਚਾਰੇ ਦੇ ਅੰਗ ਹੁੰਦੇ ਸਨ। ਪਰ ਵੈਦਿਕ ਕਾਲ ਮਗਰੋਂ ਪੁਰੋਹਿਤਾਂ ਅਤੇ ਯੋਧਿਆਂ ਦੀ ਜਮਾਤ ਉੱਭਰਣ ਲੱਗੀ। ਇਸ ਦੇ ਨਾਲ਼ ਹੀ ਉਹ ਹੱਥ ਦੇ ਕੰਮ ਅਤੇ ਕਾਰੀਗੀਰੀ ਤੋਂ ਵੱਖ ਹੁੰਦੇ ਗਏ। ਵੈਦਿਕ ਕਾਲ ਮਗਰੋਂ ਇਹਨਾਂ ’ਚ ਲੱਗੇ ਲੋਕਾਂ ਨੂੰ ਨਫ਼ਰਤ ਕਰਨ ਲੱਗੇ। ਦਰਅਸਲ ਜਿੰਨਾ ਹੀ ਉਹ ਸ਼ਰੀਰਕ ਕਿਰਤ, ਅਨਾਜ ਪੈਦਾ ਕਰਨ ਅਤੇ ਦਸਤਕਾਰੀ ਦੇ ਕੰਮ ਤੋਂ ਵੱਖ ਹੋਏ ਓਨਾ ਹੀ ਆਪਣੇ ਨੂੰ ਪਵਿੱਤਰ ਅਤੇ ਭੱਦਰ ਮੰਨਣ ਲੱਗੇ।
ਤੀਜੇ ਸਿਧਾਂਤ ਰਾਹੀਂ ਭਾਰਤ ਦੇ ਮੁੱਢਕਦੀਮੀ ਕਬਾਇਲੀ ਭਾਈਚਾਰੇ ਤੋਂ ਹਾਸਲ ਪਰੰਪਰਾ ਦੇ ਰੂਪ ’ਚ ਜਾਤ ਦੇ ਉਦੈ ਦੀ ਵਿਆਖਿਆ ਕੀਤੀ ਜਾਂਦੀ ਹੈ। ਇਸ ਅਨੁਸਾਰ ਹਰ ਕਬੀਲਾ ਬੁਹਗਿਣਤੀ ਕੁਲਾਂ ’ਚ ਵੰਡਿਆ ਹੋਇਆ ਹੈ। ਕਿਸੇ ਕੁਲ ਦੇ ਮੈਂਬਰ ਆਪਣੇ ਕਬੀਲੇ ਅੰਦਰ, ਪਰ ਕੁਲ ਤੋਂ ਬਾਹਰ, ਵਿਆਹ ਸਬੰਧ ਬਣਾ ਸਕਦੇ ਸਨ। ਜਦੋਂ ਅਜਿਹਾ ਕਬੀਲਾ ਬ੍ਰਾਹਮਣ ਦੀ ਸਮਾਜਿਕ ਵਿਵਸਥਾ ’ਚ ਜਾਤ ਦੇ ਰੂਪ ’ਚ ਮਿਲਾ ਲਿਆ ਜਾਂਦਾ ਹੈ ਤਦ ਵੀ ਇਹ ਆਪਣੀ ਜਾਤ ਅੰਦਰ ਹੀ ਵਿਆਹ ਸਬੰਧ ਜ਼ਾਰੀ ਰੱਖਦਾ ਹੈ ਅਤੇ ਹੋਰ ਜਾਤਾਂ ਨਾਲ਼ ਸਮਾਜਿਕ ਸੰਪਰਕ ਨਹੀਂ ਰੱਖਦਾ ਹੈ। ਇਸ ’ਚ ਸੰਦੇਹ ਨਹੀਂ ਕਿ ਬ੍ਰਾਹਮਣਵਾਦੀ ਸਮਾਜ ਕਾਇਮ ਹੋ ਜਾਣ ’ਤੇ ਬਹੁਤ ਸਾਰੇ ਕਬੀਲੇ ਵਰਣਾਂ ’ਚ ਮਿਲ਼ਾ ਲਏ ਗਏ। ਪਰ ਕਬੀਲਿਆਂ ਦੇ ਮਿਸ਼ਰਣ ਦੇ ਸ਼ੁਰੂਆਤੀ ਇਤਿਹਾਸ ਤੋਂ ਪਤਾ ਲੱਗੇਗਾ ਕਿ ਜੰਗ ਅਤੇ ਦੇਣ-ਲੈਣ ਕਾਰਨ ਕਬੀਲਿਆਂ ਦਰਮਿਆਨ ਰਿਵਾਇਤੀ ਵਿਆਹ ਸਬੰਧ ਸ਼ੁਰੂ ਹੋੲ। ਵਿਆਹ ਦੀ ਸ਼ੁਰੂਆਤ ਭਾਈਚਾਰਿਆਂ ਦਰਮਿਆਨ ਔਰਤ ਦੀ ਅਦਲਾ ਬਦਲੀ ਦੇ ਰੂਪ ’ਚ ਹੋਈ। ਮਨੁੱਖੀ ਸਮਾਜ ਨੂੰ ਕਾਇਮ ਰੱਖਣ ਲਈ ਅਦਲਾ ਬਦਲੀ ਜ਼ਰੂਰੀ ਸਮਝੀ ਜਾਂਦੀ ਸੀ। ਉੱਚੇ ਵਰਣਾਂ ਦੇ ਵਿਸ਼ੇਸ਼ ਹੱਕਾਂ ਨੂੰ ਕਾਇਮ ਰੱਖਣ ਦੀ ਲੋੜ ਕਾਰਨ ਸਵਰਨ ਵਿਆਹ ’ਤੇ ਜ਼ੋਰ ਦਿੱਤਾ ਜਾਣ ਲੱਗਾ। ਸੁਵਿਧਾਭੋਗੀਆਂ ਦੀ ਗਿਣਤੀ ਸਮਾਜ ’ਚ ਸੀਮਤ ਹੁੰਦੀ ਹੈ। ਜੇਕਰ ਉਹ ਸਾਰਿਆਂ ਨਾਲ਼ ਆਪਣਾ ਵਿਆਹ ਸਬੰਧ ਸਥਾਪਿਤ ਕਰਦੇ ਹਨ ਤਾਂ ਉਹਨਾਂ ਦਾ ਘੇਰਾ ਬਹੁਤ ਵੱਧ ਜਾਂਦਾ ਹੈ। ਇਸ ਲਈ ਹੇਠਲੇ ਵਰਣ ਦਾ ਉੱਚ ਵਰਣਾਂ ਨਾਲ਼ ਸਮਾਜਿਕ ਸੰਪਰਕ ਆਪਣੇ ਆਪ ਰੁਕ ਜਾਂਦਾ ਹੈ ਅਤੇ ਹੇਠਲੇ ਵਰਣ ਦੇ ਲੋਕਾਂ ’ਤੇ ਆਪਣੇ ਹੀ ਵਰਣ ’ਚ ਵਿਆਹ ਕਰਨ ਦੀ ਪਾਬੰਦੀ ਲੱਗ ਜਾਂਦੀ ਹੈ।
ਚੌਥੇ ਸਿਧਾਂਤ ਅਨੁਸਾਰ ਜਾਤ ਪ੍ਰਥਾ ਦੀ ਸ਼ੁਰੂਆਤ ਕਿਰਤ-ਵੰਡ ਦੇ ਅਧਾਰ ’ਤੇ ਹੋਈ। ਕਿਹਾ ਜਾਂਦਾ ਹੈ ਕਿ ਪੈਦਾਵਾਰ ਵਧਾਉਣ ਅਤੇ ਆਰਥਿਕ ਤਰੱਕੀ ਲਈ ਪੇਸ਼ੇ ਅਨੁਸਾਰ ਕਿਰਤ-ਵੰਡ ਦੀ ਲੋੜ ਪੈਦਾ ਹੋਈ ਜਿਸ ਨਾਲ਼ ਜਾਤਾਂ ਦਾ ਜਨਮ ਹੋਇਆ। ਇਹ ਸਿਧਾਂਤ ਕੁਝ ਤਰਕਸੰਗਤ ਲੱਗਦਾ ਹੈ, ਪਰ ਇਸ ਸਿਧਾਂਤ ’ਚ ਜਾਤ ਪ੍ਰਥਾ ਦੇ ਅਨੁਵੰਸ਼ਿਕ ਪੱਖ ਨੂੰ ਅਣਗੌਲ਼ਿਆ ਗਿਆ ਹੈ। ਵੈਦਿਕ ਯੁੱਗ ’ਚ ਜਾਤਾਂ ਸੁਭਾਵਿਕ ਰੂਪ ’ਚ ਪੇਸ਼ਿਆਂ ’ਤੇ ਅਧਾਰਿਤ ਸਨ ਅਤੇ ਕਾਰੋਬਾਰ ਤਬਦੀਲੀ ਸੰਭਵ ਸੀ, ਪਰ ਸਦੀਆਂ ਮਗਰੋਂ ਇਹ ਅਸੰਭਵ ਹੋ ਗਿਆ। ਇਸ ਤੋਂ ਇਲਾਵਾ ਮਹੱਤਵਪੂਰਨ ਤੱਥ ਇਹ ਹੈ ਕਿ ਕਿਰਤ-ਵੰਡ ਇਸ ਤਰ੍ਹਾਂ ਲਾਗੂ ਕੀਤੀ ਗਈ ਕਿ ਬ੍ਰਾਹਮਣਾਂ ਅਤੇ ਪੁਰੋਹਿਤਾਂ ਅਤੇ ਖੱਤਰੀਆਂ ਜਾਂ ਸੂਰਮਿਆਂ ਨੂੰ ਪੈਦਾਵਾਰ ਦੇ ਕੰਮ ਤੋਂ ਹਟਾ ਲਿਆ ਗਿਆ ਅਤੇ ਇਹ ਕੇਵਲ ਵੈਸ਼ਾਂ ਅਤੇ ਸ਼ੂਦਰਾਂ ਦੇ ਮੱਥੇ ਮੜ੍ਹ ਦਿੱਤਾ ਗਿਆ।
ਸਮਾਜਿਕ ਵਿਭੇਦੀਕਰਨ ਦਾ ਰੂਪ
ਵਰਣ ਜਾਂ ਜਾਤ ਨੂੰ ਅਸੀਂ ਸਮਾਜਿਕ ਵਿਭੇਦੀਕਰਨ ਦਾ ਰੂਪ ਮੰਨ ਕੇ ਚੱਲੀਏ ਤਾਂ ਜਾਤ ਪ੍ਰਥਾ ਦੇ ਜਨਮ ਅਤੇ ਵਿਕਾਸ ਨੂੰ ਮੁਕਾਬਲਤਨ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਹ ਧਿਆਨ ’ਚ ਰੱਖਣਾ ਜ਼ਰੂਰੀ ਹੈ ਕਿ ਸਮਾਜਿਕ ਸੰਘਰਸ਼ਾਂ ਕਰਕੇ ਅਤੇ ਸਾਧਨਾਂ ਅਤੇ ਪੈਦਾਵਾਰ ਦੀ ਅਸਾਵੀਂ ਵੰਡ ਨਾਲ਼ ਸਮਾਜ ’ਚ ਜਮਾਤੀ ਵਖਰੇਵਾਂ ਪੈਦਾ ਹੁੰਦਾ ਹੈ। ਇਸ ਲਈ ਜਦੋਂ ਤੱਕ ਭੌਤਿਕ ਜੀਵਨ ’ਚ ਹੋਈਆਂ ਤਬਦੀਲੀਆਂ ਨਾਲ਼ ਸਮਾਜਿਕ ਪ੍ਰਕਿਰਿਆ ਦੇ ਘਣੇ ਸਬੰਧ ਦਾ ਅਧਿਐਨ ਨਾ ਕੀਤਾ ਜਾਵੇ ਤਦ ਤੱਕ ਜਾਤ ਦੇ ਪੈਦਾ ਹੋਣ ਅਤੇ ਵਿਕਾਸ ਨੂੰ ਨਹੀਂ ਸਮਝਿਆ ਜਾ ਸਕਦਾ ਹੈ।
ਸ਼ੁਰੂਆਤੀ ਭਾਰਤੀ ਸਮਾਜ ਨੂੰ ਇਸ ਕਾਰਨ ਏਸ਼ਿਆਈ ਅਤੇ ਗੈਰ-ਤਬਦੀਲੀਯੋਗ ਕਿਹਾ ਜਾਂਦਾ ਹੈ ਕਿ ਇਸ ’ਚ ਕੋਈ ਸਮਾਜਿਕ ਜਮਾਤ ਨਹੀਂ ਸੀ ਜਿਹੜੀ ਤਬਦੀਲੀ ਲਿਆਉਣ ’ਚ ਆਗੂ ਬਣ ਸਕੇ। ਇਹ ਦਲੀਲ ਦਿੱਤੀ ਜਾਂਦੀ ਹੈ ਕਿ ਰਾਜਾ ਨਿਰੰਕੁਸ਼ ਹੁੰਦਾ ਸੀ ਕਿਉਕਿ ਲੋਕ ਉਸ ਰਾਹੀਂ ਦਿੱਤੀਆਂ ਗਈਆਂ ਸਿੰਜਾਈ ਸਬੰਧੀ ਸਹੂਲਤਾਂ ’ਤੇ ਨਿਰਭਰ ਰਹਿੰਦੇ ਸਨ। ਉਸਦੇ ਰਾਜ ’ਚ ਪਿੰਡ ਹੁੰਦੇ ਸਨ ਜਿਹੜੇ ਆਪਣੇ ਆਪ ’ਚ ਛੋਟੇ ਸੰਸਾਰ ਸਨ। ਹਰ ਪਿੰਡ ਖੇਤੀ ਅਤੇ ਦਸਤਕਾਰੀ ਦੇ ਮੇਲ਼ ’ਤੇ ਕਾਇਮ ਸੀ। ਪਰ ਭਾਰਤ ਦੇ ਜਿਆਦਾਤਰ ਹਿੱਸਿਆਂ ’ਚ ਕਾਫ਼ੀ ਵਰਖਾ ਕਾਰਨ ਨਾ ਸਿੰਜਾਈ ਦੀ ਵੱਧ ਲੋੜ ਸੀ ਨਾ ਕੇਂਦਰ ਇਸਦਾ ਪੂਰੀ ਤਰ੍ਹਾਂ ਸੰਚਾਲਨ ਕਰਦਾ ਸੀ। ਪ੍ਰਾਚੀਨ ਕਾਲ ’ਚ ਕਰਾਂ, ਨਜਰਾਨਿਆਂ ਅਤੇ ਵਪਾਰ ਰਾਹੀਂ ਪਿੰਡ ਸ਼ਹਿਰਾਂ ਨਾਲ਼ ਬੰਨੇ ਹੋਏ ਸਨ। ਬ੍ਰਹਾਮਣਾਂ ਅਤੇ ਖੱਤਰੀਆਂ ਦਾ ਸਰਗਰਮ ਸਮੂਹ ਸੀ। ਰਾਜਾ ਅਤੇ ਪ੍ਰਜਾ ਦਰਮਿਆਨ ਮੱਧਵਰਤੀ ਜਮਾਤ ਦੇ ਰੂਪ ’ਚ ਕੰਮ ਕਰਦਾ ਸੀ। ਮਗਰੋਂ ਇਸ ਜਮਾਤ ਦੇ ਹੱਥ ’ਚ ਵੱਧ ਜਮੀਨ ਆ ਗਈ। ਤਦ ਇਹ ਜਗੀਰੂ ਜਮਾਤ ਬਣ ਗਈ। ਆਤਮਨਿਰਭਰ ਪਿੰਡਾਂ ’ਤੇ ਅਧਾਰਿਤ ਅਤੇ ਨਿਰੰਕੁਸ਼ ਹਾਕਮ ਰਾਹੀਂ ਸੰਚਾਲਿਤ ਗ਼ੈਰ-ਤਬਦੀਲੀ ਯੋਗ ਸਮਾਜ ਦਾ ਚਿੱਤਰ ਸ਼ੁਰੂਆਤੀ ਭਾਰਤੀ ਸਮਾਜ ’ਤੇ ਨਹੀਂ ਲਾਗੂ ਹੁੰਦਾ ਹੈ।
ਪ੍ਰਾਚੀਨ ਭਾਰਤੀ ਸਮਾਜ ਨੂੰ ਗੁਲਾਮਦਾਰੀ ’ਤੇ ਅਧਾਰਿਤ ਸਮਾਜ ਵੀ ਨਹੀਂ ਕਿਹਾ ਜਾ ਸਕਦਾ ਹੈ। ਬੁੱਧ ਦੇ ਦੌਰ ’ਚ ਮੱਧ ਗੰਗਾ ਇਲਾਕੇ ’ਚ ਬਹੁਗਿਣਤੀ ਗੁਲਾਮਾਂ ਦੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕਦਾ ਹੈ। ਅਜਿਹਾ ਲੱਗਦਾ ਹੈ ਕਿ ਮੌਰਿਆ ਕਾਲ਼ ’ਚ ਵੱਡੇ ਵੱਡੇ ਰਾਜਕੀ ਫਾਰਮਾਂ ’ਚ ਗੁਲਾਮਾਂ ਅਤੇ ਭਾੜੇ ਦੇ ਮਜ਼ਦੂਰਾਂ ਦੀ ਮਦਦ ਨਾਲ਼ ਕੰਮ ਹੁੰਦਾ ਸੀ। ਸੰਭਵ ਹੈ ਕਿ ਅਸ਼ੋਕ ਨੇ ਕਲਿੰਗਾ ਦੀ ਜੰਗ ’ਚ ਬੰਦੀ ਬਣਾਏ ਗਏ ਡੇਢ ਲੱਖ ਲੋਕਾਂ ਨੂੰ ਖੇਤਾਂ ਅਤੇ ਖਾਣਾਂ ’ਚ ਕੰਮ ’ਤੇ ਲਗਾਇਆ ਹੋਵੇ। ਪਰ ਕੁਲ ਮਿਲਾ ਕੇ ਦੇਖਣ ਤੋਂ ਇਹ ਲੱਗਦਾ ਹੈ ਕਿ ਪ੍ਰਾਚੀਨ ਭਾਰਤ ’ਚ ਗੁਲਾਮਾਂ ਨੂੰ ਘਰੇਲੂ ਕੰਮਾਂ ’ਚ ਹੀ ਲਗਾਇਆ ਜਾਂਦਾ ਸੀ। ਕੁਝ ਖੁਸ਼ਹਾਲ ਭੋਂ-ਮਾਲਕਾਂ ਦੇ ਬਾਵਜੂਦ ਗੁਪਤ ਕਾਲ ਤੱਕ ਮੁੱਖ ਤੌਰ ’ਤੇ ਕਿਸਾਨ ਆਪਣੇ ਪਰਿਵਾਰ ਰਾਹੀਂ ਆਪਣਾ ਖੇਤ ਸੰਭਾਲ਼ਦਾ ਸੀ। ਖੁਸ਼ਹਾਲ ਕਿਸਾਨ ਖੇਤ ਗੁਲਾਮਾਂ ਅਤੇ ਖੇਤ-ਮਜ਼ਦੂਰਾਂ ਦੀ ਮਦਦ ਨਾਲ਼ ਕੰਮ ਚਲਾਉਦੇ ਸਨ। ਇਸਦੇ ਉਲ਼ਟ ਯੂਨਾਨ ਅਤੇ ਰੋਮ ਦੇ ਖੇਤਾਂ ਅਤੇ ਖਾਣਾਂ ’ਚ ਬਹੁਗਿਣਤੀ ਗੁਲਾਮ ਕੰਮ ਕਰਦੇ ਰਹੇ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਪੇਰਿਕਲੀਜ ਦੇ ਯੁੱਗ ’ਚ ਏਥੇਂਸ ਆਪਣੇ ਗੌਰਵ ਦੀ ਸਿਖਰ ਤੱਕ ਪਹੁੰਚਿਆ ਹੋਇਆ ਸੀ। ਉਸ ਜਮਾਨੇ ’ਚ ਉੱਥੇ ਗੁਲਾਮਾਂ ਦੀ ਗਿਣਤੀ ਨਾਗਰਿਕਾਂ ਦੀ ਗਿਣਤੀ ਤੋਂ ਵੱਧ ਸੀ। ਇਹ ਗੱਲ ਵਧਾ-ਚੜ੍ਹਾ ਕੇ ਕਹੀ ਲੱਗ ਸਕਦੀ ਹੈ ਪਰ ਯੂਨਾਨੀ ਅਤੇ ਰੋਮਨ ਸਮਾਜ ’ਚ ਪੈਦਾਵਾਰ ਲਈ ਗੁਲਾਮਾਂ ਦੀ ਗਿਣਤੀ ਕਾਫ਼ੀ ਸੀ। ਇਸਦੇ ਉਲ਼ਟ, ਭਾਰਤ ’ਚ ਲੱਗਭਗ ਹਜ਼ਾਰ ਸਾਲਾਂ ਤੱਕ ਬੁੱਧ ਯੁੱਗ ਤੋਂ ਲੈ ਕੇ ਗੁਪਤਾਂ ਦੇ ਸਮੇਂ ਤੱਕ ਪੈਦਾਵਾਰ ਦਾ ਅਸਲੀ ਪ੍ਰਬੰਧ ਅਜਾਦ ਕਿਸਾਨਾਂ ਦੇ ਹੱਥ ’ਚ ਸੀ। ਇਹ ਵੈਸ਼ ਕਹਾਉਦੇ ਸਨ ਅਤੇ ਇਸ ’ਚ ਸ਼ੂਦਰ ਗੁਲਾਮਾਂ, ਦਸਤਕਾਰਾਂ ਅਤੇ ਖੇਤ ਮਜ਼ਦੂਰਾਂ ਦੀ ਮਦਦ ਲੈਂਦੇ ਸਨ।
ਪਰ ਇਹ ਵੈਸ਼ ਸ਼ੂਦਰ ਅਧਾਰਿਤ ਸਮਾਜਿਕ ਸਰੰਚਨਾ ਵੈਦਿਕ ਰਿਗਵੈਦਿਕ ਯੁੱਗ ’ਚ ਨਹੀਂ ਸੀ। ਸ਼ੁਰੂਆਤੀ ਵੈਦਿਕ ਸਮਾਜ ਮੁੱਖ ਤੌਰ ’ਤੇ ਪਸ਼ੂਚਾਰੀ ਸੀ। ਇਸ ’ਚ ਕਬੀਲਾਈ ਤੱਤ ਪ੍ਰਧਾਨ ਸਨ। ਰਿਗਵੇਦ ਦੇ ਸਭ ਤੋਂ ਪ੍ਰਾਚੀਨ ਸੂਕਤਾਂ ’ਚ ਗਾਂ ਲਈ ਗੋ ਸ਼ਬਦ ਦਾ ਵਰਨਣ ਵੱਖ-ਵੱਖ ਰੂਪਾਂ ’ਚ 176 ਵਾਰੀ ਹੋਇਆ ਹੈ। ਗਾਵਾਂ (ਗੋ) ਸੰਪਤੀ (ਰਈ) ਦੀਆਂ ਸਮਾਨਅਰਥੀ ਮੰਨੀਆਂ ਜਾਂਦੀਆਂ ਸਨ। ਅਮੀਰ ਵਿਅਕਤੀ ਗੋਮਤ ਕਹਾਉਦਾ ਸੀ। ਜੰਗ ਲਈ ਗਵਿਸ਼ਟ, ਗੋਸ਼ੁ, ਗਵਿਅਤ, ਗਵਿ ਅਤੇ ਗਵੇਸ਼ਣ ਵਰਗੇ ਸ਼ਬਦਾਂ ਦੀ ਉੱਤਪਤੀ ਗੋ ਤੋਂ ਹੋਈ। ਗੋ ਤੋਂ ਗਵਯੂਤੀ ਸ਼ਬਦ ਨਿਕਲ਼ਿਆ ਹੈ ਜਿਸ ਨਾਲ਼ ਦੂਰੀ ਦਾ ਬੋਧ ਹੁੰਦਾ ਹੈ। ਗੋਪ ਜਾਂ ਗੋਪਤੀ ਰਾਜਾ ਨੂੰ ਦਿੱਤਾ ਗਿਆ ਉਪਨਾਮ (ਉਪਾਧੀ) ਸੀ। ਪਰਿਵਾਰਿਕ ਜੀਵਨ ’ਚ ਪੱੁਤਰੀ ਲਈ ਦੁਹਿਤਰੂ (ਜਿਹੜੀ ਦੁੱਧ ਚੋਂਦੀ ਹੋਵੇ) ਸ਼ਬਦ ਦੇ ਪ੍ਰਯੋਗ ਨਾਲ਼ ਗਾਂ ਦੇ ਗੁਰੂਤਵ ਦਾ ਸੰਕੇਤ ਮਿਲਦਾ ਹੈ। ਦੇਵਤਾਗਣ ਚਾਰ ਵਰਣਾਂ ’ਚ ਵੰਡੇ ਸਨ। ਸਵਰਗੀ (ਦਿਵਯ), ਦੁਨਿਆਵੀ (ਪਾਰਥਿਵ), ਗਾਯੋਤਪਨ (ਗੋਜਾਤ) ਅਤੇ ਜਲੀ (ਆਪਯ)। ਇਹਨਾਂ ਵਰਣਾਂ ਨਾਲ਼ ਗਾਵਾਂ ਦੇ ਮਹੱਤਵ ਦਾ ਮੁੜ ਸੰਕੇਤ ਮਿਲ਼ਦਾ ਹੈ। ਵੈਦਿਕ ਕਾਲੀਨ ਲੋਕਾਂ ਦਾ ਗਾਵਾਂ ਨਾਲ਼ ਇੰਨਾਂ ਨਜ਼ਦੀਕੀ ਰਿਸ਼ਤਾ ਸੀ ਕਿ ਜਦੋਂ ਲੋਕਾਂ ਨੇ ਭਾਰਤ ’ਚ ਮੱਝ ਨੂੰ ਦੇਖਿਆ ਤਦ ਉਹਨਾਂ ਨੇ ਉਸਨੂੰ ਗੋਵਾਲ ਦੀ ਸੰਗਿਆ ਉਸੇ ਤਰ੍ਹਾਂ ਦਿੱਤੀ ਜਿਸ ਤਰ੍ਹਾਂ ਬੇਬੀਲੋਨ ਨਿਵਾਸੀਆਂ ਨੇ ਘੋੜੇ ਨੂੰ ਪਹਿਲੀ ਵਾਰ ਵੇਖ ਕੇ ਪਹਾੜੀ ਗਧਾ ਕਿਹਾ ਸੀ। ਮੱਝ ਨੂੰ ਗੌਰੀ ਦੀ ਸੰਗਿਆ ਵੀ ਦਿੱਤੀ ਗਈ। ਇਸ ਸ਼ਬਦ ਦਾ ਵੀ ਸਬੰਧ ਗਾਂ ਨਾਲ਼ ਹੈ।
ਰਿਗਵੇਦ ਦੇ ਸ਼ੁਰੂਆਤੀ ਅੰਸ਼ਾਂ ’ਚ ਵੀ ਕਾਰੀਗਰਾਂ, ਕਿਸਾਨਾਂ, ਪੁਰੋਹਿਤਾਂ ਅਤੇ ਯੋਧਿਆਂ ਦਾ ਜ਼ਿਕਰ ਮਿਲ਼ਦਾ ਹੈ। ਫਿਰ ਵੀ ਇਸ ਯੁੱਗ ’ਚ ਆਰੀਆਂ ਦਾ ਸਮਾਜ ਬੁਨਿਆਦੀ ਤੌਰ ’ਤੇ ਕਬੀਲਾਈ, ਪਸ਼ੂਚਾਰੀ ਅਤੇ ਕਰੀਬ ਕਰੀਬ ਸਮਾਨਤਾਵਾਦੀ ਸੀ। ਜੰਗ ’ਚ ਲੁੱਟੀਆਂ ਹੋਈਆਂ ਵਸਤੂਆਂ ਅਤੇ ਗਾਵਾਂ ਤੋਂ ਸੰਪੱਤੀ ਦੇ ਮੁੱਖ ਢਾਂਚੇ ਬਣਦੇ ਸਨ। ਅਨਾਜ ਪੈਦਾ ਕਰਨ ਵਾਲ਼ੇ ਅਰਥਚਾਰੇ ਹੁਣ ਵੀ ਚੰਗੀ ਤਰ੍ਹਾਂ ਕਾਇਮ ਨਹੀਂ ਹੋਏ ਸਨ। ਇਸ ਹਾਲਤ ’ਚ ਦਾਨ ਦੇ ਨਾਂ ’ਤੇ ਕਿਸਾਨਾਂ ਤੋਂ ਅਨਾਜ ਹਾਸਲ ਕਰਨ ਦੀ ਗੁੰਜਾਇਸ਼ ਨਹੀਂ ਸੀ। ਵਾਫ਼ਰ ਪੈਦਾਵਾਰ ਦੀ ਕਮੀ ’ਚ ਜੀਵਨ ਜੀਣ ਵਾਲ਼ੇ ਪੁਰੋਹਿਤਾਂ ਅਤੇ ਯੋਧਿਆਂ ਦੀ ਜਮਾਤ ਕਾਇਮ ਨਹੀਂ ਹੋ ਸਕਦੀ ਸੀ। ਉਸ ਸਮੇਂ ਉੱਚ ਅਹੁਦੇ ਦਾ ਹੋਣਾ ਸੰਭਵ ਸੀ। ਪਰ ਉੱਚ ਸਮਾਜਿਕ ਜਮਾਤ ਦਾ ਹੋਣਾ ਸੰਭਵ ਨਹੀਂ ਸੀ। ਉਮਰ ਦਾ ਫਰਕ, ਲਿੰਗ ਭੇਦ ਅਤੇ ਗਾਵਾਂ ਅਤੇ ਰੱਥਾਂ ’ਤੇ ਅਧਿਕਾਰ ਦੇ ਕਾਰਣ ਨਾਬਰਾਬਰੀਆਂ ਦਾ ਜਨਮ ਹੋਇਆ। ਪਰ ਹੁਣ ਵੀ ਸਮਾਜ ’ਚ ਵਾਫਰ ਪੈਦਾਵਾਰ ਦੀ ਕਮੀ ਸੀ। ਆਰਥਿਕ ਸਾਧਨਾਂ ਅਤੇ ਪੈਦਾਵਾਰ ਦੇ ਸਬੰਧਤ ਹਿੱਸਿਆਂ ਦੀ ਸੰਸਥਾਬੱਧ ਅਸਾਵੀਂ ਵੰਡ ਨਹੀਂ ਹੋ ਸਕੀ ਸੀ। ਇਸ ਲਈ ਸਮਾਜ ’ਚ ਜਮਾਤਾਂ ਦੇ ਗਠਨ ਦੀ ਠੋਸ ਨੀਂਹ ਨਹੀਂ ਪੈ ਸਕੀ ਸੀ। ਖੇਤੀ ਦੇ ਗੌਣ ਹੋਣ ਕਰਕੇ ਠੀਕ ਤਰ੍ਹਾਂ ਕਿਸਾਨ ਭਾਈਚਾਰਾ ਕਾਇਮ ਨਹੀਂ ਹੋ ਸਕਿਆ ਸੀ। ਲਿਹਾਜਾ ਇਸ ਤਰ੍ਹਾਂ ਅਨਾਜ ਦੀ ਪੈਦਾਵਾਰ ਸੰਭਵ ਨਹੀਂ ਸੀ ਜਿਸ ਨਾਲ਼ ਉੱਚ ਜਮਾਤਾਂ ਦੇ ਜਨਮ ਦਾ ਮਾਰਗ ਖੁੱਲ੍ਹ ਸਕਦਾ ਸੀ। ਰਿਗਵੇਦ ’ਚ ਵਰਣ ਜਾਂ ਜਮਾਤ ਦੇ ਨਾਂ ’ਤੇ ਨਹੀਂ, ਸਗੋਂ ਕਬੀਲਾਈ ਜਾਤ ਦੇ ਨਾਂ ਤੇ ਲੋਕ ਇੱਕਠੇ ਹੁੰਦੇ ਸਨ। ਕਬੀਲਾਈ ਜਾਤ ਲਈ ਜਨ ਵਿਸ਼ ਸ਼ਬਦ ਦਾ ਵਾਰ-ਵਾਰ ਵਰਣਨ ਹੈ ਅਤੇ ਪੰਚਜਨਾ ਸ਼ਬਦ ਜਾਂ ਪਾਂਚ (ਅਨੇਕ ਆਰੀਆ ਜਾਂ ਕਬੀਲਾਈ) ਜਾਤਾਂ ਤੋਂ ਛੁੱਟ ਰਿਗਵੇਦ ’ਚ ਗੈਰ-ਆਰੀਆ ਕਬੀਲਿਆਂ ਦੀ ਹੋਂਦ ਦਾ ਸਬੂਤ ਮਿਲ਼ਦਾ ਹੈ। ਇਸ ਪੜਾਅ ’ਚ ਗੁਲਾਮਾਂ ਅਤੇ ਦਸਯੂ ਲੋਕਾਂ ਦੀ ਚਰਚਾ ਮਿਲਦੀ ਹੈ। ਪਰ ਸ਼ੂਦਰਾਂ ਦੇ ਰੂਪ ’ਚ ਸੇਵਾ ਕਰਨ ਵਾਲ਼ੀ ਜਮਾਤ ਦੇ ਗਠਨ ਦਾ ਸੰਕੇਤ ਨਹੀਂ ਮਿਲ਼ਦਾ। ਸਰਦਾਰਾਂ ਅਤੇ ਪੁਰੋਹਿਤਾਂ ਦੇ ਘਰੇਲੂ ਕੰਮ ਲਈ ਦਾਸੀਆਂ ਹੁੰਦੀਆਂ ਸਨ। ਉਝ ਉਹਨਾਂ ਦੀ ਗਿਣਤੀ ਵੱਧ ਨਹੀਂ ਰਹੀ ਹੋਵੇਗੀ। ਯੋਧਿਆਂ ਅਤੇ ਪਸ਼ੂਪਾਲਕਾਂ ਨੂੰ ਪੈਦਾ ਕਰਨ ਲਈ ਔਰਤਾਂ ਦੀ ਵੱਡੀ ਮੰਗ ਸੀ ਕਿਉਕਿ ਮਰਦ ਕਬੀਲਾਈ ਜੰਗਾਂ ’ਚ ਮਰਦੇ ਰਹਿੰਦੇ ਸਨ।
ਮਗਰਲਾ ਵੈਦਿਕ ਕਾਲ
ਮਗਰਲੇ ਵੈਦਿਕ ਕਾਲ ’ਚ ਵੀ ਖੇਤੀ ਦਾ ਵਿਕਾਸ ਓਨਾ ਨਹੀਂ ਹੋਇਆ ਸੀ ਜਿਸ ਨਾਲ਼ ਕਿਸਾਨ ਆਪਣੇ ਰੋਜ਼ਮਰ੍ਹਾ ਗੁਜ਼ਾਰੇ ਤੋਂ ਵੱਧ ਅਨਾਜ ਉਪਜਾ ਸਕਦੇ। ਇਸ ਕਰਕੇ ਕਰਾਂ ਦੀ ਵਸੂਲੀ ਨਿਯਮਿਤ ਰੂਪ ਨਾਲ਼ ਨਹੀਂ ਹੋ ਸਕਦੀ ਸੀ ਅਤੇ ਪੈਦਾਕਾਰਾਂ ਅਤੇ ਪੈਦਾਵਾਰ ਦੇ ਪ੍ਰਬੰਧਕਾਂ ਦਰਮਿਆਨ ਵਿਭੇਦੀਕਰਨ ਸਪੱਸ਼ਟ ਤੌਰ ’ਤੇ ਨਹੀਂ ਉੱਭਰ ਸਕਿਆ ਸੀ। ਵੰਡ ਲਈ ਮੁਹੱਈਆ ਮੁੱਖ ਵਾਫ਼ਰ ਅਧੀਨ ਕਬੀਲਾਈ ਜੰਗਾਂ ’ਚ ਜ਼ਬਤ ਲੁੱਟ ਦਾ ਮਾਲ ਅਤੇ ਕਬੀਲੇ ਦੇ ਸਰਦਾਰ ਕੋਲ਼ ਕਦੇ-ਕਦੇ ਦਿੱਤੇ ਗਏ ਤੋਹਫ਼ੇ ਆਉਦੇ ਸਨ। ਕਬੀਲੇ ਦਾ ਸਰਦਾਰ ਰਾਜਾ ਕਹਾਉਦਾ ਸੀ। ਇਹਨਾਂ ਦੀ ਵੰਡ ਉਹ ਯੱਗਾਂ ਦੇ ਮੌਕੇ ’ਤੇ ਵੈਦਿਕ-ਕਾਲੀਨ ਸੰਮੇਲਨਾਂ ’ਚ ਕਰਦਾ ਸੀ। ਪਰ ਗਾਵਾਂ ਅਤੇ ਦਾਸੀਆਂ ਦਾ ਜ਼ਿਆਦਾਤਰ ਕਬੀਲੇ ਦੇ ਸਰਦਾਰ ਤੋਂ ਛੁੱਟ ਪੁਰੋਹਿਤਾਂ ਕੋਲ਼ ਵੀ ਚਲਾ ਜਾਂਦਾ ਸੀ। ਪੁਰੋਹਿਤ ਆਪਣੀਆਂ ਪ੍ਰਾਰਥਨਾਵਾਂ ਅਤੇ ਧਾਰਮਿਕ ਕਰਮਕਾਂਡਾਂ ਦੇ ਜ਼ੋਰ ’ਤੇ ਦੇਵਤਿਆਂ ਨੂੰ ਪ੍ਰਸੰਨ ਕਰਕੇ ਜਿੱਤ ਹਾਸਿਲ ਕਰਨ ਵਾਲ਼ੇ ਮੰਨੇ ਜਾਂਦੇ ਸਨ। ਵੈਦਿਕ ਯੁੱਗ ਦੇ ਅੰਤ ’ਚ ਖੇਤੀ ’ਚ ਵਾਧੇ ਅਤੇ ਆਰੀਆ ਅਤੇ ਗੈਰ-ਆਰੀਆ ਲੋਕਾਂ ਦੇ ਮਿਸ਼ਰਣ ਕਰਕੇ ਸਰਵਜਨਕ ਯੱਗਾਂ ’ਚ ਵੱਖ-ਵੱਖ ਰਸਮਾਂ ਦੀ ਦੇਖ-ਰੇਖ ਲਈ ਸੱਤਰ ਤਰ੍ਹਾਂ ਦੇ ਪੁਰੋਹਿਤ ਹੁੰਦੇ ਸਨ। ਇਹਨਾਂ ’ਚ ਬ੍ਰਹਾਮਣ ਵੀ ਇੱਕ ਹੁੰਦਾ ਸੀ। ਹੋਲ਼ੀ-ਹੋਲ਼ੀ ਬ੍ਰਾਹਮਣ ਹੋਰ ਸਭ ਤਰ੍ਹਾਂ ਦੇ ਪੁਰੋਹਿਤਾਂ ਨੂੰ ਹਟਾ ਕੇ ਪੁਰੋਹਿਤ ਜਮਾਤ ਦਾ ਇੱਕੋ-ਇੱਕ ਨੁਮਾਇੰਦਾ ਬਣ ਗਿਆ ਅਤੇ ਸਾਰੀ ਦਕਸ਼ਣਾ ਦੇ ਅੱਧੇ ਦਾ ਹੱਕਦਾਰ ਬਣ ਗਿਆ। ਮਗਰਲੇ ਵੈਦਿਕ ਕਾਲ ’ਚ ਖਾਸ ਕਰਕੇ ਵੈਦਿਕ ਯੁੱਗ ਦੇ ਆਮ ਤੌਰ ’ਤੇ ਅੰਤ ’ਚ ਧਾਰਮਿਕ ਰਸਮਾਂ ਦੀਆਂ ਵਿਆਖਿਆਵਾਂ ’ਚ ਕਿਹਾ ਗਿਆ ਹੈ ਕਿ ਵੈਸ਼ਾਂ ਜਾਂ ਕਿਸਾਨ ਜਮਾਤ ’ਤੇ ਹਕੂਮਤ ਕਰਨ ਲਈ ਬ੍ਰਾਹਮਣਾਂ ਅਤੇ ਰਾਜਿਆਂ ਨੂੰ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ। ਕਿਸਾਨ ਕਦੇ-ਕਦੇ ਜੰਗੀ ਸਰਦਾਰਾਂ ਨੂੰ ਕਰ ਅਤੇ ਬ੍ਰਾਹਮਣਾਂ ਨੂੰ ਦਾਨ ਦਿੰਦੇ ਸਨ। ਇਸ ਲਈ ਮਗਰਲੇ ਵੈਦਿਕ ਕਾਲ਼ ਦੇ ਸਾਹਿਤ ’ਚ ਉਹਨਾਂ ਨੂੰ ਜੌ ਕਿਹਾ ਗਿਆ ਹੈ ਅਤੇ ਦੋਨਾਂ ਉੱਚ ਪ੍ਰਵਰਗਾਂ ਨੂੰ ਜੌ ਖਾਣ ਵਾਲ਼ਾ ਹਿਰਣ ਕਿਹਾ ਗਿਆ ਹੈ। ਪਰ ਕਦੇ-ਕਦੇ ਇਹ ਤੁਲਨਾ ਉਲ਼ਟ ਦਿੱਤੀ ਗਈ ਹੈ। ਇਸ ਨਾਲ਼ ਨਵੇਂ ਉੱਭਰਦੇ ਹਾਕਮਾਂ ਨੂੰ ਯਾਦ ਕਰਾਇਆ ਜਾਂਦਾ ਸੀ ਕਿ ਉਹ ਆਪਣੇ ਕਬੀਲੇ ਦੇ ਅਤੇ ਹੋਰ ਕਿਸਾਨਾਂ ਨੂੰ ਸਮੇਂ ਸਮੇਂ ’ਤੇ ਖਵਾਉਦੇ ਪਿਆਉਦੇ ਰਹਿਣ।
ਇਸ ਯੁੱਗ ’ਚ ਸ਼ੂਦਰ ਛੋਟੀ ਸੇਵਕ ਜਮਾਤ ਦੇ ਰੂਪ ’ਚ ਉੱਭਰਦੇ ਹਨ। ਇਸ ਜਮਾਤ ’ਚ ਅਜਿਹੇ ਆਰੀਆ ਅਤੇ ਗੈਰ-ਆਰੀਆ ਸਨ ਜਿਹੜੇ ਹਾਰੇ ਹੋਏ ਸਨ ਅਤੇ ਜਿਨ੍ਹਾਂ ਦੇ ਪਸ਼ੂ ਆਦਿ ਖੋਹ ਲਏ ਗਏ ਸਨ। ਉਹਨਾਂ ’ਚ ਕੁਝ ਸ਼ੂਦਰ ਵੈਦਿਕ ਰਸਮਾਂ ’ਚ ਭਾਗ ਲੈ ਸਕਦੇ ਸਨ। ਉਹ ਕਬੀਲਾਈ ਸਮਾਜ ਦੇ ਅੰਗ ਸਨ ਜਿਸ ਅਧੀਨ ਸਾਰੀਆਂ ਤਿੰਨਾਂ ਸਭ ਤੋਂ ਉੱਚੀਆਂ ਜਮਾਤਾਂ ਆ ਜਾਂਦੀਆਂ ਹਨ। ਮਗਰਲੇ ਵੈਦਿਕ ਕਾਲ ’ਚ ਸਮਾਜਿਕ ਵਿਭੇਦੀਕਰਨ ਤੇਜ਼ ਨਹੀਂ ਹੋ ਸਕਿਆ ਕਿਉਕਿ ਮੁੱਢ-ਕਦੀਮੀ (ਅਨਘੜ੍ਹ) ਤਰੀਕੇ ਦੀ ਖੇਤੀ ਹੋਣ ਦੇ ਕਾਰਨ ਕਿਸਾਨ ਏਨਾ ਪੈਦਾ ਨਹੀਂ ਕਰ ਸਕਦੇ ਸਨ ਜਿਸ ਨਾਲ਼ ਯੋਧੇ ਅਤੇ ਪੁਰੋਹਿਤ ਦਾ ਪੂਰਾ ਕੰਮ ਚੱਲੇ ਅਤੇ ਉਹ ਅੰਨ-ਸੰਗ੍ਰਹਿ ਕਰ ਸਕਣ। ਉਹ ਸਧਾਰਣ ਤੌਰ ’ਤੇ ਲੱਕੜੀ ਦੇ ਫਾਲ਼ੇ ਦੀ ਵਰਤੋਂ ਕਰਦੇ ਸਨ ਅਤੇ ਉਹਨਾਂ ਦੀ ਖੇਤੀ ਕਰਨ ਦੀ ਜਾਣਕਾਰੀ ਵੱਧ ਵਿਕਸਿਤ ਨਹੀਂ ਸੀ। ਕਿਸਾਨਾਂ ਕੋਲ਼ ਓਨੀ ਹੀ ਜਮੀਨ ਹੁੰਦੀ ਸੀ ਜਿਸ ’ਤੇ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਨਾਲ਼ ਗੁਜ਼ਾਰਾ ਕਰ ਸਕਣ। ਰਾਜੇ ਵੀ ਹੱਲ ਵਾਹੁੰਦੇ ਸਨ। ਉਹਨਾਂ ਨੂੰ ਗੁਲਾਮਾਂ ਅਤੇ ਖੇਤ ਮਜ਼ਦੂਰਾਂ ਦੀ ਲੋੜ ਨਹੀਂ ਪੈਂਦੀ ਸੀ। ਇਸ ਲਈ ਉਸ ਦੌਰ ’ਚ ਗੁਲਾਮਾਂ ਅਤੇ ਖਾਸ ਕਰਕੇ ਖੇਤੀ ’ਚ ਲੱਗੇ ਮਰਦ ਗੁਲਾਮਾਂ ਦੀ ਚਰਚਾ ਨਹੀਂ ਮਿਲ਼ਦੀ। ਵੈਦਿਕ ਸਾਹਿਤ ’ਚ ਮਜ਼ਦੂਰੀ ਕਰਨ ਵਾਲ਼ਿਆਂ ਲਈ ਕੋਈ ਸ਼ਬਦ ਨਹੀਂ ਮਿਲਦਾ।
ਕੁਲ ਮਿਲ਼ਾ ਕੇ, ਦੋਵੇਂ ਸਮਾਜਿਕ ਢਾਂਚੇ, ਜਮਾਤ ਅਤੇ ਰਾਜਸੱਤਾ ਮਗਰਲੇ ਵੈਦਿਕ ਯੁੱਗ ’ਚ ਪ੍ਰਣਾਲ਼ੀਬੱਧ ਨਹੀਂ ਸਨ। ਇਹਨਾਂ ’ਚੋਂ ਹਰ ਨੂੰ ਠੋਸ ਪਦਾਰਥਕ ਸਮਰਥਨ ਅਤੇ ਸਰਵਜਨਕ ਸਮਾਜਿਕ ਮਾਨਤਾ ਦੀ ਲੋੜ ਸੀ। ਵੈਦਿਕ ਯੁੱਗ ਦੇ ਭਾਈਚਾਰਿਆਂ ’ਚ ਨਾ ਨਿਯਮਿਤ ਲਗਾਨ ਦਾ ਪ੍ਰਬੰਧ ਸੀ ਅਤੇ ਨਾ ਨਿਯਮਿਤ ਲਗਾਨ ਦਾ ਪ੍ਰਬੰਧ ਸੀ ਅਤੇ ਕਰਾਂ ਰਾਹੀਂ ਆਮਦਨ ਅਤੇ ਬਲ਼ੀ ਨਾਮਕ ਚੜ੍ਹਾਵੇ ਦੇ ਕਰਾਂ ਦਰਮਿਆਨ ਭਿੰਨਤਾ ਬਿਲਕੁਲ ਕਾਇਮ ਨਹੀਂ ਹੋ ਸਕੀ ਸੀ। ਪਸ਼ੂਚਾਰੀ ਸਮਾਜ ਦੀ ਸਵੈਇਛੁੱਕ ਕਬੀਲਾਈ ਫ਼ੌਜ ਦੀ ਥਾਂ ਖੇਤੀ ਅਧਾਰਿਤ ਸਮਾਜ ਦੀ ਕਿਸਾਨੀ ਫੌਜ ਨੇ ਲਈ ਕਿਉਕਿ ਪ੍ਰਣਾਲ਼ੀਬੱਧ ਕਰਾਂ ਰਾਹੀਂ ਆਮਦਨ ਪ੍ਰਣਾਲੀ ਬਿਨਾਂ ਪੇਸ਼ੇਵਰ ਫ਼ੌਜ ਨੂੰ ਰੱਖਣਾ ਅਸੰਭਵ ਸੀ। ਉਝ ਤਾਂ ਫ਼ੌਜ, ਫ਼ੌਜੀ, ਸੈਨਾਪਤੀ ਸ਼ਬਦਾਂ ਦਾ ਅਨੇਕ ਥਾਵਾਂ ’ਤੇ ਜ਼ਿਕਰ ਮਿਲਦਾ ਹੈ ਕਿ ਵੈਦਿਕ-ਕਾਲੀਨ ਰਾਜਾ ਜਾਂ ਸਰਦਾਰ ਸਾਲ ਭਰ ਸਥਾਈ ਫੌਜੀ ਰੱਖਦੇ ਸਨ। ਵਿਸ਼ ਫੌਜ ਦਾ ਭਾਵ ਹਥਿਆਰਬੰਦ ਸਮੂਹ ਹੁੰਦਾ ਸੀ। ਮਗਰਲੇ ਵੈਦਿਕ ਕਾਲ ’ਚ ਸੱਮਰਥਾ ਜਾਂ ਜ਼ੋਰ ਨੂੰ ਵਿਸ਼ ਜਾਂ ਕਬੀਲਾਈ ਕਿਸਾਨ ਜਮਾਤ ਦਾ ਸਮਰੂਪ ਮੰਨਿਆ ਜਾਂਦਾ ਸੀ। ਅਜਿਹੇ ਕਿਸਾਨਾਂ ਨੂੰ ਰਾਜਾ ਦੇ ਦੂਰ ਦੇ ਨਾਤੇਦਾਰ ਹੋਣ ਦੇ ਨਾਤੇ ਲੁੱਟ ਦੇ ਮਾਲ ’ਚ ਹਿੱਸਾ ਮਿਲਦਾ ਸੀ। ਅਸ਼ਵਮੇਧ ਦੇ ਘੋੜੇ ਦੀ ਰੱਖਿਆ ਲਈ ਤੈਨਾਤ ਫ਼ੌਜ ’ਚ ਖੱਤਰੀ ਅਤੇ ਵਿਸ਼ ਦੋਨੋਂ ਹੁੰਦੇ ਸਨ। ਧਨੁੱਖਾਂ, ਤਰਕਸ਼ਾਂ ਅਤੇ ਢਾਲ਼ਾਂ ਨਾਲ਼ ਸਜੇ ਖੱਤਰੀ ਲੋਕ ਫ਼ੌਜ ਦੇ ਨਾਇਕ ਅਤੇ ਆਗੂ ਦਾ ਕੰਮ ਕਰਦੇ ਸਨ ਜਦੋਂ ਕਿ ਲਾਠੀਆਂ ਨਾਲ਼ ਸਜੇ ਵਿਸ਼ ਆਮ ਫ਼ੌਜੀਆਂ ਦੇ ਰੂਪ ’ਚ ਲੜਦੇ ਸਨ। ਸ਼ਤਪਥ ਬ੍ਰਹਾਮਣ ਲਗਭਗ ਛੇਵੀਂ ਸਦੀ ਈਸਵੀ ਪੂਰਵ ਦੀ ਰਚਨਾ ਹੈ। ਇਸ ’ਚ ਜਿੱਤ ਦੇ ਇਛੁੱਕ ਇੱਕ ਸਰਦਾਰ ਜਾਂ ਰਾਜਨਯ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਸ਼ ਨਾਲ਼ ਇੱਕ ਹੀ ਪਾਤਰ ’ਚ ਭੋਜਨ ਕਰੇ ਕਿਉਕਿ ਵਿਸ਼ ਦੁਆਰਾ ਸਹਾਇਤਾ ਜਿੱਤ ਵਾਸਤੇ ਬੇਹੱਦ ਜ਼ਰੂਰੀ ਹੈ।
ਮਗਰਲੇ ਵੈਦਿਕ-ਕਾਲੀਨ ਸਮਾਜ ’ਚ ਵੱਧ ਤੋਂ ਵੱਧ ਦੋ ਤਿੰਨ ਸਦੀਆਂ ਤੱਕ ਕਿਸੇ ਇੱਕ ਥਾਂ ’ਤੇ ਲੋਕ ਵੱਸਦੇ ਸਨ। ਇਹਨਾਂ ਬਸਤੀਆਂ ਨੂੰ ਕਬੀਲਾਈ ਸਰਦਾਰਾਂ ਦਾ ਇਲਾਕਾ ਸਮਝਿਆ ਜਾ ਸਕਦਾ ਹੈ। ਵੱਡੇ ਸਰਦਾਰ ਅਨੇਕ ਕਬੀਲਾਈ ਸਰਦਾਰਾਂ ’ਤੇ ਕੰਟਰੋਲ ਕਾਇਮ ਕਰਦੇ ਸਨ ਅਤੇ ਕਦੇ ਕਦੇ ਉਹਨਾਂ ਤੋਂ ਤੋਹਫੇ ਜਮ੍ਹਾਂ ਕਰਦੇ ਸਨ। ਜਿਵੇਂ ਅਸ਼ਵਮੇਧ ਯੱਗ ਦੇ ਮੌਕੇ ’ਤੇ। ਨਾਤੇਦਾਰੀ (ਅਹੁਦੇ) ਵਾਲ਼ੀਆਂ ਸੰਸਥਾਵਾਂ ਹੁਣ ਵੀ ਮਜਬੂਤ ਸਨ। ਉਝ ਤਾਂ ਸਰਦਾਰ ਅਤੇ ਪੁਰੋਹਿਤ ਕਬੀਲਾਈ ਭਾਈਚਾਰਿਆਂ ਤੋਂ ਭਿੰਨ ਹੋ ਚੁੱਕੇ ਸਨ ਪਰ ਕਿਸਾਨਾਂ ਨੂੰ ਉਹਨਾਂ ਨੇ ਆਪਣੇ ਤੋਂ ਪੂਰੀ ਤਰ੍ਹਾਂ ਵੱਖ ਨਹੀਂ ਕੀਤਾ ਸੀ। ਮਗਰਲੇ ਵੈਦਿਕ ਯੁੱਗ ਦਾ ਕਿਸਾਨ ਜਦੋਂ ਤੱਕ ਸਰਦਾਰ ਵਰਗੇ ਰਾਜੇ ਨੂੰ ਟੈਕਸ ਦਿੰਦਾ ਸੀ ਜਿਹੜੇ ਪੁਰੋਹਿਤਾਂ ਅਤੇ ਖਾਸ ਕਰਕੇ ਬ੍ਰਾਹਮਣਾਂ ਨੂੰ ਦਾਨ ਦਿੰਦੇ ਸਨ। ਧਾਤ ਕਾਮੇ, ਰੱਥਕਾਰ ਅਤੇ ਰਾਜ-ਮਿਸਤਰੀ ਵਰਗੇ ਸ਼ਿਲਪੀ ਮੁੱਖ ਤੌਰ ’ਤੇ ਉੱਭਰਦੇ ਹੋਏ ਯੋਧਿਆਂ ਦੀ ਜਮਾਤ ਦੀ ਸੇਵਾ ’ਚ ਲੱਗੇ ਰਹਿੰਦੇ ਸਨ ਅਤੇ ਸੰਭਵ ਤੌਰ ’ਤੇ ਮੁੰਕਮਲ ਮਾਹਰ ਨਹੀਂ ਸਨ। ਮਗਰਲੇ ਵੈਦਿਕ ਯੁਗ ਦਾ ਕਿਸਾਨ ਓਨਾ ਅਨਾਜ ਪੈਦਾ ਨਹੀਂ ਕਰਦਾ ਸੀ ਜਿਸ ਨਾਲ਼ ਸ਼ਹਿਰਾਂ ਅਤੇ ਵਪਾਰੀਆਂ ਦੇ ਵਿਕਾਸ ’ਚ ਮਦਦ ਮਿਲਦੀ। ਇਹ ਵਿਸ਼ੇਸ਼ਤਾ ਬੁੱਧ ਦੇ ਯੁੱਗ ’ਚ ਮੂਹਰੇ ਆਈ।
ਕਿਸਾਨੀ ਸਮਾਜ
ਉਸ ਸਮੇਂ ਦਾ ਸਮਾਜ ਮੁੱਖ ਤੌਰ ’ਤੇ ਕਿਸਾਨੀ ਸਮਾਜ ਸੀ ਜਿਸ ’ਚ ਮੁਦਰਾ ਦਾ ਪ੍ਰਚਲਨ ਨਹੀਂ ਸੀ। ਇਹ ਮੁੰਕਮਲ ਵਿਕਸਿਤ ਜਮਾਤੀ ਜਾਂ ਵਰਣ-ਅਧਾਰਿਤ ਸਮਾਜ ਨਹੀਂ ਸੀ। ਇਸ ਕਿਸਾਨੀ ਸਮਾਜ ’ਚ ਪ੍ਰਮੁੱਖ ਕਬੀਲਾਈ ਖਾਸੀਅਤਾਂ ਬਣੀਆਂ ਹੋਈਆਂ ਸਨ। ਬ੍ਰਾਹਮਣ ਪੁਰੋਹਿਤ ਇਸ ਗੱਲ ’ਤੇ ਜ਼ੋਰ ਦਿੰਦੇ ਸਨ ਕਿ ਵੈਸ਼ਾਂ ਦੇ ਰੂਪ ’ਚ ਕਿਸਾਨ ਰਾਜਾ ਅਤੇ ਸਰਦਾਰਾਂ ਦੀ ਪ੍ਰਜਾ ਹੈ। ਇਸ ਨਾਲ਼ ਜਮਾਤੀ ਵਖਰੇਵਾਂ ਜ਼ਿਆਦਾ ਨਹੀਂ ਵਧਿਆ। ਇਸਦੀ ਪ੍ਰਮੁੱਖ ਵਜ੍ਹਾ ਸੀ ਵਾਫ਼ਰਤਾ ਦੀ ਕਮੀ, ਲੱਕੜੀ ਦੇ ਫਾਲ਼ੇ ਨਾਲ਼ ਕੀਤੀ ਜਾਣ ਵਾਲ਼ੀ ਖੇਤੀ ਅਤੇ ਅੰਨ੍ਹੇਵਾਹ ਪਸ਼ੂਆਂ ਦੇ ਕਤਲ ਕਾਰਨ ਖੇਤੀ ਵਾਫ਼ਰ ਦੀ ਸੁਲੱਭਤਾ ਸੀਮਿਤ ਸੀ। ਇਸ ਦੇ ਉਲ਼ਟ ਰਾਜਿਆਂ ਤੋਂ ਕਬਾਇਲੀ ਰੀਤੀਆਂ ਦੇ ਅਨੁਰੂਪ ਖੇਤੀ ਨੂੰ ਹੱਲਾਸ਼ੇਰੀ ਦੇਣ ਅਤੇ ਹੱਲ਼ ਚਲਾਉਣ ਦੀ ਵੀ ਉਮੀਦ ਕੀਤੀ ਜਾਂਦੀ ਸੀ ਜਿਸ ਨਾਲ਼ ਵੈਸ਼ ਅਤੇ ਰਾਜੇ ਦਰਮਿਆਨ ਫਾਸਲਾ ਬਹੁਤ ਵੱਡਾ ਨਾ ਹੋਵੇ। ਮਹਾਂਕਾਵਾਂ ਤੋਂ ਪਤਾ ਲਗਦਾ ਹੈ ਕਿ ਜਨਕ ਅਤੇ ਦੁਰਯੋਧਨ ਵਰਗੇ ਰਾਜਿਆਂ ਤੋਂ ਰਸਮ ਦੇ ਰੂਪ ’ਚ ਹਲ਼ ਚਲਾਉਣ ਦੀ ਉਮੀਦ ਕੀਤੀ ਜਾਂਦੀ ਸੀ। ਇਹ ਰਿਵਾਜ ਖੇਤੀ ਦੀ ਸ਼ੁਰੂਆਤ ’ਚ ਕਬੀਲਾਈ ਸਰਦਾਰ ਦੀਆਂ ਜਿੰਮੇਵਾਰੀਆਂ ਦੀ ਰਹਿੰਦ-ਖੂੰਹਦ ਸੀ। ਯੋਧਾ ਅਤੇ ਸਰਦਾਰ (ਯਾਣੀ ਰਾਜਾ, ਸਰਦਾਰ ਅਤੇ ਖੱਤਰੀ) ਆਪਣੇ ਕਿਸਾਨ ਰਿਸ਼ਤੇਦਾਰਾਂ ’ਤੇ ਹਕੂਮਤ ਕਰਦੇ ਸਨ ’ਤੇ ਦੁਸ਼ਮਣਾਂ ਨਾਲ਼ ਲੜ੍ਹਨ ਲਈ ਕਿਸਾਨਾਂ ਦੀ ਫ਼ੌਜ ’ਤੇ ਨਿਰਭਰ ਰਹਿਣਾ ਪੈਂਦਾ ਸੀ ਅਤੇ ਕਬੀਲਾਈ ਕਿਸਾਨ ਜਮਾਤ ਦੀ ਮਰਜੀ ਤੋਂ ਬਿਨਾਂ ਉਹ ਭੂਮੀ ਅਨੁਦਾਨ ਨਹੀਂ ਕਰ ਸਕਦੇ ਸਨ। ਇਹਨਾਂ ਕਾਰਨਾਂ ਤੋਂ ਉਹ ਮੁਸ਼ਕਲ ਹਾਲਤ ’ਚ ਸਨ ਅਤੇ ਕਿਸਾਨਾਂ ’ਤੇ ਆਪਣੀ ਸਰਦਾਰੀ ਨਹੀਂ ਜਮਾ ਸਕਦੇ ਸਨ।
ਖੇਤੀ ਅਤੇ ਦਸਤਕਾਰੀ ’ਚ ਲੋਹੇ ਦੀ ਵਿਆਪਕ ਵਰਤੋਂ ਦੀ ਸ਼ੁਰੂਆਤ ਦੇ ਨਾਲ਼ ਈਸਾ ਪੂਰਵ ਛੇਵੀਂ ਸਦੀ ’ਚ ਅਜਿਹੀ ਹਾਲਤ ਪੈਦਾ ਹੋਈ ਜਿਸ ’ਚ ਆਖਰਕਾਰ ਕਬੀਲਾਈ, ਪਸ਼ੂਚਾਰੀ ਅਤੇ ਆਮ ਤੌਰ ’ਤੇ ਸਮਤਾਵਾਦੀ ਵੈਦਿਕ ਸਮਾਜ ਬਦਲ ਕੇ ਮੁਕੰਮਲ ਵਿਕਸਿਤ ਖੇਤੀ ਅਧਾਰਿਤ ਅਤੇ ਜਮਾਤਾਂ ’ਚ ਵੰਡਿਆ ਸਮਾਜ ਬਣ ਗਿਆ। ਮੱਧ ਗੰਗਾ ਕਾਂਠੇ ਦੇ ਜੰਗਲ਼ੀ ਇਲਾਕੇ ਦੀ ਲੋਹੇ ਦੀ ਕੁਹਾੜੀ ਨਾਲ਼ ਸਫ਼ਾਈ ਹੁੰਦੇ ਹੀ ਸੰਸਾਰ ਦਾ ਇੱਕ ਵੱਡਾ ਉਪਜਾਉ ਹਿੱਸਾ ਮਨੁੱਖੀ ਵਸੋਂ ਲਈ ਖੁੱਲ੍ਹ ਗਿਆ। ਲੌਹੇ ਦੇ ਫਾਲ਼ੇ ਅਤੇ ਹੋਰ ਸੰਦਾਂ ਦੀ ਮਦਦ ਨਾਲ਼ ਕਿਸਾਨਾਂ ਨੇ ਆਪਣੇ ਗੁਜ਼ਾਰੇ ਦੀ ਲੋੜ ਤੋਂ ਕਿਤੇ ਵੱਧ ਪੈਦਾ ਕਰਨਾ ਸ਼ੁਰੂ ਕੀਤਾ। ਕਬੀਲਾਈ ਸਰਦਾਰਾਂ (ਪ੍ਰਧਾਨ) ਅਤੇ ਕੁਝ ਹੋਰ ਲੋਕਾਂ ਦੇ ਕਬਜ਼ੇ ’ਚ ਵੱਡੇ ਵੱਡੇ ਫੈਲੇ ਹੋਏ ਭੂ-ਖੇਤਰ ਸਨ। ਇਸ ਲਈ ਇਹਨਾਂ ਨੂੰ ਬਹੁਗਿਣਤੀ ਗੁਲਾਮਾਂ ਅਤੇ ਕਿਰਾਏ ਦੇ ਮਜ਼ਦੂਰਾਂ ਦੀ ਲੋੜ ਪਈ। ਛੋਟੇ ਛੋਟੇ ਕਿਸਾਨਾਂ ਨੂੰ ਵੀ ਆਪਣੇ ਖੇਤਾਂ ’ਚ ਕਦੇ-ਕਦੇ ਕੰਮ ਕਰਾਉਣ ਦੀ ਲੋੜ ਪਈ। ਕਿਸਾਨਾਂ ਦੀ ਪੈਦਾਵਾਰ ਨੂੰ ਦਸਤਕਾਰੀ ਨਾਲ਼ ਹੱਲਾਸ਼ੇਰੀ ਮਿਲ਼ੀ। ਦਸਤਕਾਰੀ ਕਰਕੇ ਕਿਸਾਨਾਂ ਲਈ ਸੰਦਾਂ, ਕੱਪੜੇ ਆਦਿ ਦਾ ਪ੍ਰਬੰਧ ਹੀ ਨਹੀਂ ਹੋਇਆ ਸਗੋਂ ਰਾਜਿਆਂ ਅਤੇ ਪੁਰੋਹਿਤਾਂ ਦੇ ਸੰਦਾਂ ਅਤੇ ਵਿਲਾਸਤਾ ਦੇ ਸਾਧਨਾਂ ਦੀ ਵੀ ਸਪਲਾਈ ਹੋਈ।
ਕਿਸਾਨਾਂ, ਕਾਰੀਗਰਾਂ, ਕਿਰਾਏ ਦੇ ਮਜ਼ਦੂਰਾਂ ਅਤੇ ਖੇਤ ਮਜ਼ਦੂਰਾਂ ਰਾਹੀਂ ਪੈਦਾ ਕੀਤੀ ਗਈ ਸਮਾਜਿਕ ਵਾਫ਼ਰ ਦੀ ਖਪਤ ਲਈ ਵਰਣ ਵਿਵਸਥਾ ਦੀ ਕਾਢ ਹੋਈ। ਇਸ ਅਨੁਸਾਰ ਤਿੰਨਾਂ ਸਭ ਤੋਂ ਉੱਚੇ ਵਰਣਾਂ (ਸਮਾਜਿਕ ਜਮਾਤਾਂ) ਦੇ ਮੈਂਬਰਾਂ ਅਤੇ ਚੌਥੇ ਵਰਣ ਦੇ ਮੈਂਬਰਾਂ ’ਚ ਵਿਧੀ ਰਸਮ ਦੇ ਅਧਾਰ ’ਤੇ ਵਖਰੇਵਾਂ ਕਰ ਦਿੱਤਾ ਗਿਆ। ਸ਼ੂਦਰ ਦਾਸਾਂ ਅਤੇ ਕਿਰਾਏ ਦੇ ਮਜ਼ਦੂਰਾਂ ਦੀ ਤਰ੍ਹਾਂ ਸਭ ਤੋਂ ਉੱਚੇ ਵਰਣਾਂ ਦੀ ਸੇਵਾ ਦੇ ਸਾਧਨ ਸਨ। ਇਸ ਤਰ੍ਹਾਂ ਦਵਿਜਾਂ ਨੂੰ ਨਾਗਰਿਕ ਕਿਹਾ ਜਾ ਸਕਦਾ ਹੈ ਅਤੇ ਸ਼ੂਦਰਾਂ ਨੂੰ ਅਨਾਗਰਿਕ। ਫਿਰ ਤੋਂ ਇੱਕ ਨਾਗਰਿਕ ਅਤੇ ਦੂਜੇ ਨਾਗਰਿਕ ਦਰਮਿਆਨ ਵਿਭੇਦੀਕਰਨ ਹੋਇਆ। ਯੂਨਾਨ ਅਤੇ ਰੋਮ ’ਚ ਨਾਗਰਿਕਾਂ ਲਈ ਸ਼ਰੀਰਕ ਕਿਰਤ ’ਤੇ ਰੋਕ ਸੀ। ਪਰ ਭਾਰਤ ’ਚ ਇਹ ਨਿਯਮ ਸਿਰਫ਼ ਬ੍ਰਾਹਮਣਾਂ ਅਤੇ ਖੱਤਰੀਆਂ ’ਤੇ ਲਾਗੂ ਹੋਇਆ। ਇਸ ਲਈ ਬ੍ਰਹਾਮਣ ਲਈ ਹਲ਼ ਚਲਾਉਣ ਅਤੇ ਹੱਥ ਨਾਲ਼ ਕੰਮ ਕਰਨ ’ਤੇ ਸੀ।
ਕਿਰਤ ਪ੍ਰਤੀ ਨਫ਼ਰਤ
ਹੌਲ਼ੀ-ਹੌਲ਼ੀ ਸ਼ਰੀਰਕ ਕਿਰਤ ਪ੍ਰਤੀ ਸਭ ਤੋਂ ਉੱਚੇ ਵਰਣਾਂ ਦੀ ਨਫ਼ਰਤ ਇੰਨੀ ਵੱਧ ਗਈ ਕਿ ਉਹ ਦਸਤਕਾਰੀ ਨਾਲ਼ ਨਫ਼ਰਤ ਕਰਨ ਲੱਗੇ ਅਤੇ ਕੁਝ ਦਸਤਕਾਰਾਂ ਨੂੰ ਅਛੂਤ ਸਮਝਣ ਲੱਗੇ। ਵੈਸ਼ ਦਵਿਜ ਕੁਲੀਨ ਸਮੁਦਾਇ ਦੇ ਮੈਂਬਰ ਹੁੰਦੇ ਹੋਏ ਵੀ ਕਿਸਾਨ, ਚਰਵਾਹੇ ਅਤੇ ਕਾਰੀਗਰ ਅਤੇ ਮਗਰੋਂ ਉਹ ਵਪਾਰੀ ਦੇ ਰੂਪ ’ਚ ਕੰਮ ਕਰਦੇ ਸਨ। ਵੱਧ ਮਹੱਤਵਪੂਰਣ ਇਹ ਹੈ ਕਿ ਉਹ ਪ੍ਰਮੁੱਖ ਕਰਦਾਤਾ ਸਨ। ਉਹਨਾਂ ਦੇ ਹੀ ਲਗਾਨਾਂ ਅਤੇ ਤੋਹਫਿਆਂ ਨਾਲ਼ ਬ੍ਰਾਹਮਣਾਂ ਅਤੇ ਖੱਤਰੀਆਂ ਦਾ ਤੋਰੀ-ਫੁਲਕਾ ਚੱਲਦਾ ਸੀ। ਵਰਣਵਿਵਸਥਾ ਰਾਹੀਂ ਖੱਤਰੀਆਂ ਨੂੰ ਕਿਸਾਨਾਂ ਤੋਂ ਲਗਾਨ ਅਤੇ ਵਪਾਰੀਆਂ ਅਤੇ ਕਾਰੀਗਰਾਂ ਤੋਂ ਮਹਿਸੂਲ ਵਸੂਲਣ ਦਾ ਹੱਕ ਮਿਲ਼ਿਆ। ਇਸ ਨਾਲ਼ ਉਹ ਆਪਣੇ ਪੁਰੋਹਿਤਾਂ ਅਤੇ ਮੁਲਾਜਮਾਂ ਨੂੰ ਨਕਦ ਭੁਗਤਾਨ ਕਰਨ ’ਚ ਸਮਰੱਥ ਹੋਏ। ਈਸਾ ਪੂਰਵ ਪੰਜਵੀ ਸਦੀ ਤੋਂ ਧਾਤੁ ਦੇ ਸਿੱਕੇ ਵਰਤੋਂ ’ਚ ਆ ਚੁੱਕੇ ਸਨ ਅਤੇ ਖਾਸ ਕਰਕੇ ਈਸਾ ਪੂਰਵ 200 ਤੋਂ ਈਸਾ ਸੰਨ 300 ਦੇ ਵਕਫ਼ੇ ’ਚ ਇਹਨਾਂ ਦੀ ਵਰਤੋਂ ਆਮ ਹੋ ਗਈ।
ਧਰਮਸ਼ਾਸਤਰਾਂ ’ਚ ਭੁਗਤਾਨ ਦੀ ਦਰ ਅਤੇ ਆਰਥਿਕ ਸੁਵਿਧਾਵਾਂ ਵਿਅਕਤੀ ਦੇ ਵਰਣ ਅਨੁਸਾਰ ਵੱਖ-ਵੱਖ ਨਿਸ਼ਚਿਤ ਕੀਤੀਆਂ ਗਈਆਂ। ਇਸ ਲਈ ਕਰਜਿਆਂ ’ਤੇ ਬ੍ਰਹਾਮਣਾਂ ਨੂੰ ਦੋ ਫੀਸਦੀ, ਖੱਤਰੀ ਨੂੰ ਤਿੰਨ ਫੀਸਦੀ, ਵੈਸ਼ ਨੂੰ ਚਾਰ ਫੀਸਦੀ ਅਤੇ ਸ਼ੂਦਰ ਨੂੰ ਪੰਜ ਫੀਸਦੀ ਵਿਆਜ ਦੇਣ ਦਾ ਪ੍ਰਬੰਧ ਬਣਿਆ। ਮੇਜਬਾਨ ਦੇ ਘਰ ’ਚ ਕੰਮ ਕਰਨ ’ਤੇ ਹੀ ਸ਼ੂਦਰ ਮਹਿਮਾਨਾਂ ਨੂੰ ਭੋਜਨ ਦਿੱਤਾ ਜਾ ਸਕਦਾ ਸੀ। ਇਹ ਧਰਮਸ਼ਾਸਤਰੀ ਨਿਯਮ ਸਖ਼ਤੀ ਨਾਲ਼ ਲਾਗੂ ਭਾਵੇਂ ਹੀ ਨਾ ਕੀਤੇ ਜਾਂਦੇ ਹੋਣ ਪਰ ਇਹਨਾਂ ਨਾਲ਼ ਸਮਾਜ ਦੁਆਰਾ ਨਿਰਧਾਰਿਤ ਮਾਪਦੰਡ ਦਾ ਸਪੱਸ਼ਟ ਸੰਕੇਤ ਮਿਲਦਾ ਹੈ।
ਬ੍ਰਹਾਮਣ ਅਤੇ ਖੱਤਰੀ ਕਿਸਾਨਾਂ ਅਤੇ ਕਾਰੀਗਰਾਂ ਰਾਹੀਂ ਦਿੱਤੇ ਗਏ ਕਰਾਂ, ਤੋਹਫ਼ਿਆਂ ਅਤੇ ਕਿਰਤ ’ਤੇ ਜੀਵਨ ਬਿਤਾਉਦੇ ਸਨ। ਇਸ ਲਈ ਕਦੇ-ਕਦੇ ਇਹਨਾਂ ਦੋਨਾਂ ਦਰਮਿਆਨ ਹਿੱਸਾ ਪਾਉਣ ਲਈ ਝਗੜੇ ਹੋ ਜਾਂਦੇ ਸਨ। ਪਰ ਇਹ ਝਗੜੇ ਵੈਸ਼ਾਂ ਅਤੇ ਸ਼ੂਦਰਾਂ ਦੇ ਵਿਰੋਧ ਦਾ ਟਾਕਰਾ ਕਰਨ ਲਈ ਨਿਬੇੜ ਲਏ ਜਾਂਦੇ ਸਨ। ਮਨੁ ਨੇ ਨਿਯਮ ਬਣਾਇਆ ਹੈ ਕਿ ਵੈਸ਼ ਅਤੇ ਸ਼ੂਦਰ ਆਪਣੇ ਤੈਅ ਕਰੱਤਵ (ਧਰਮ) ਤੋਂ ਵੱਖ ਨਾ ਹੋਣ, ਨਹੀਂ ਤਾਂ ਸੰਸਾਰ ’ਚ ਬੁਰਾ ਪ੍ਰਬੰਧ ਕਾਇਮ ਹੋ ਜਾਵੇਗਾ। ਇਸ ਕਾਰਨ ਧਰਮਸ਼ਾਸਤਰਾਂ ’ਚ ਵਾਰ-ਵਾਰ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਬ੍ਰਾਹਮਣਾਂ ਦੇ ਸਮਰਥਨ ਤੋਂ ਬਿਨਾਂ ਖੱਤਰੀ ਉੱਨਤੀ ਨਹੀਂ ਕਰ ਸਕਦੇ ਹਨ। ਇਹ ਆਪਸੀ ਸਹਿਯੋਗ ਨਾਲ਼ ਹੀ ਫਲਫੁੱਲ ਸਕਦੇ ਹਨ ਅਤੇ ਸੰਸਾਰ ’ਚ ਹਕੂਮਤ ਕਰ ਸਕਦੇ ਹਨ।
ਵੈਸ਼ਾਂ ਅਤੇ ਸ਼ੂਦਰਾਂ ਦੀ ਕਿਰਤ ’ਤੇ ਅਧਾਰਿਤ ਸਮਾਜਿਕ ਸਰੰਚਨਾ ਤੀਜੀ ਸਦੀ ਦੇ ਲੱਗਭੱਗ ਡੂੰਘੇ ਸੰਕਟ ’ਚ ਪੈ ਗਈ। ਇਸ ਸੰਕਟ ਦਾ ਪ੍ਰਤਿਬਿੰਬ ਤੀਜੀ ਅਤੇ ਚੌਥੀ ਸਦੀਆਂ ’ਚ ਪੁਰਾਣਾਂ ’ਚ ਦਿੱਤੇ ਗਏ ਕਲ਼ਯੁੱਗ ਦੇ ਵਰਣਨ ’ਚ ਸਪੱਸ਼ਟ ਰੂਪ ’ਚ ਮਿਲਦਾ ਹੈ। ਸ਼ਾਂਤੀ ਦੇ ਤਿਉਹਾਰ ’ਚ ਦੰਡ ਦੇ ਮਹੱਤਵ ’ਤੇ ਜ਼ੋਰ ਅਤੇ ਰਮਾਇਣ ’ਚ ਅਵਿਵਸਥਾ (ਅਰਾਜਕਤਾ) ਦਾ ਵਰਣਨ ਸੰਭਵ ਤੌਰ ’ਤੇ ਇਸੇ ਦੌਰ ਦੇ ਹਨ ਅਤੇ ਇਸੇ ਸੰਕਟ ਵੱਲ ਇਸ਼ਾਰਾ ਕਰਦੇ ਹਨ। ਵਰਣਸੰਕਰ ਯਾਣੀ ਵਰਣਾਂ ਜਾਂ ਸਮਾਜਿਕ ਵਰਣਾਂ ਦਾ ਅੰਤਰਮਿਸ਼ਰਣ ਕਲਯੁੱਗ ਦੀ ਵਿਸ਼ੇਸ਼ਤਾ ਹੈ। ਇਸਦਾ ਅਰਥ ਸਿਰਫ਼ ਇਹ ਨਹੀਂ ਹੁੰਦਾ ਹੈ ਕਿ ਵਰਣਾਂ ਦਰਮਿਆਨ ਵਿਆਹ ਹੁੰਦਾ ਹੈ ਸਗੋਂ ਇਹ ਵੀ ਹੁੰਦਾ ਹੈ ਕਿ ਲੋਕ ਵਰਣ ਅਨੁਸਾਰ ਨਿਰਧਾਰਿਤ ਕਰਤੱਵਾਂ ਦਾ ਪਾਲਣ ਨਹੀਂ ਕਰਦੇ ਹਨ। ਵੈਸ਼ ਅਤੇ ਸ਼ੂਦਰ ਯਾਣੀ ਕਿਸਾਨ, ਕਾਰੀਗਰ ਅਤੇ ਮਜ਼ਦੂਰ ਆਪਣੀ ਤੈਅ ਕੀਤੀ ਪੈਦਾਵਾਰ ਸਬੰਧੀ ਕਰਤੱਵ ਦੀ ਉਲੰਘਣਾ ਕਰਦੇ ਹਨ। ਵੈਸ਼ ਕਿਸਾਨ ਲਗਾਨ ਨਹੀਂ ਦਿੰਦੇ ਹਨ ਅਤੇ ਸ਼ੂਦਰ ਸੇਵਾ ਕਰਨ ਤੋਂ ਇਨਕਾਰ ਕਰਦੇ ਹਨ। ਅਜਿਹੀ ਹਾਲਤ ’ਚ ਰਾਜਸੱਤਾ ਅਤੇ ਵਰਣਾਂ ’ਚ ਵੰਡੇ ਸਮਾਜ ਦਾ ਸੰਚਾਲਨ ਮੁਸ਼ਕਲ ਹੋ ਜਾਂਦਾ ਹੈ।
ਇਸ ਹਾਲਤ ਨਾਲ਼ ਨਿਬੜਨ ਲਈ ਰਾਜਸੱਤਾ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਬਦਲੇ ਕਰਾਂ ਰਾਹੀਂ ਆਮਦਨ ਜਾਂ ਭੂਮੀ ਅਨੁਦਾਨ ਦੇ ਰਿਵਾਜ ਨੂੰ ਰਾਜਿਆਂ ਨੇ ਵੱਡੇ ਪੈਮਾਨੇ ’ਤੇ ਅਪਣਾਇਆ। ਬ੍ਰਹਾਮਣਾਂ ਅਤੇ ਰਾਜ ਦੇ ਅਹੁਦੇਦਾਰਾਂ ਨੂੰ ਭੂਮੀ ਕਰਾਂ ਦਾ ਅਨੁਦਾਨ ਦਿੱਤਾ ਗਿਆ। ਇਸ ਅਨੁਸਾਰ ਅਨੁਦਾਨ ਇਲਾਕਿਆਂ ’ਚ ਉਹਨਾਂ ਨੂੰ ਕਨੂੰਨ ਵਿਵਸਥਾ ਦੀ ਜਿੰਮੇਵਾਰੀ ਸੌਂਪੀ ਗਈ। ਲਗਾਨ ਵਸੂਲੀ ਅਤੇ ਅੰਤਮ ਤੌਰ ’ਤੇ ਰਾਜ ਦੇ ਅੱਛੇ-ਖਾਸੇ ਹਿੱਸੇ ’ਚ ਕਨੂੰਨ ਵਿਵਸਥਾ ਕਾਇਮ ਰੱਖਣ ਦੀ ਪਰੇਸ਼ਾਨੀ ਤੋਂ ਰਾਜਸੱਤਾ ਨੂੰ ਛੁਟਕਾਰਾ ਮਿਲ਼ਿਆ। ਇਸ ਪ੍ਰਥਾ ਦੀ ਸ਼ੁਰੂਆਤ ਵੱਡੇ ਪੈਮਾਨੇ ’ਤੇ ਦੱਖਣ ਅਤੇ ਮੱਧ ਭਾਰਤ ’ਚ ਹੋਈ ਲੱਗਦੀ ਹੈ ਕਿਉਕਿ ਇਹਨਾਂ ਇਲਾਕਿਆਂ ’ਚ ਵਰਣਵਿਵਸਥਾ ਤੀਜੀ ਸਦੀ ਤੱਕ ਵੀ ਕਾਇਮ ਨਹੀਂ ਹੋ ਸਕੀ ਸੀ। ਇਸ ਲਈ ਵਰਣਸੰਕਰ ਦਾ ਇੱਥੇ ਜ਼ੋਰ ਵਧਿਆ। ਇਹਨਾਂ ਇਲਾਕਿਆਂ ’ਚ ਤੀਜੀ ਪੰਜਵੀ ਸਦੀ ’ਚ ਅਨੇਕ ਭੂਮੀ ਅਨੁਦਾਨ ਦਿੱਤੇ ਗਏ। ਅਨੁਦਾਨ ਦੀ ਪ੍ਰਥਾ ਹੌਲ਼ੀ ਹੌਲ਼ੀ ਸਾਰੇ ਮੁਲਕ ’ਚ ਫ਼ੈਲ ਗਈ। ਪਿਛੜੇ ਇਲਾਕਿਆਂ ’ਚ ਬ੍ਰਾਹਮਣਾਂ, ਮੰਦਿਰਾਂ ਨੂੰ ਦਿੱਤੇ ਗਏ ਅਨੁਦਾਨਾਂ ਕਰਕੇ ਲੋਹੇ ਦੇ ਫਾਲ਼ੇ ਨਾਲ਼ ਖੇਤੀ ਦਾ ਫ਼ੈਲਾਅ ਹੋਇਆ। ਪਸ਼ੂਆਂ (ਗਾਵਾਂ) ਦੇ ਸੁਰੱਖਿਅਣ ਦੀ ਭਾਵਨਾ ਫੈਲੀ। ਖੇਤੀ ਪੰਚਾਗ ਦਾ ਪ੍ਰਸਾਰ ਹੋਇਆ। ਆਯੁਰਵੈਦਿਕ ਦਵਾ ਦੇ ਗਿਆਨ ਦਾ ਵਿਸਥਾਰ ਹੋਇਆ ਅਤੇ ਇਸ ਤਰ੍ਹਾਂ ਖੇਤੀ ਪੈਦਾਵਾਰ ’ਚ ਵਿਆਪਕ ਵਾਧਾ ਹੋਇਆ। ਇਸ ਪ੍ਰਕਿਰਿਆ ਦੌਰਾਨ ਅਨੁਦਾਨਾਂ ਰਾਹੀਂ ਬਹੁਗਿਣਤੀ ਆਦਿਵਾਸੀ ਕਿਸਾਨਾਂ ਨੂੰ ਸ਼ੂਦਰਾਂ ਦੇ ਰੂਪ ’ਚ ਬ੍ਰਾਹਮਣ ਸਮਾਜ ’ਚ ਲਿਆ ਗਿਆ। ਇਸ ਲਈ ਸ਼ੁਰੂਆਤੀ ਮੱਧਯੁੱਗੀ ਗੰ੍ਰਥਾਂ ’ਚ ਸ਼ੂਦਰ ਕਿਸਾਨ ਅਤੇ ਖੇਤ-ਮਜ਼ਦੂਰ ਕਹਾਉਣ ਲੱਗੇ। ਇਸਦੇ ਉਲ਼ਟ ਭੂਮੀ ਅਨੁਦਾਨਾਂ ਕਰਕੇ ਵੈਸ਼ ਕਿਸਾਨਾਂ ਦੀ ਅਜ਼ਾਦੀ ਜਾਂਦੀ ਰਹੀ। ਉਹਨਾਂ ਉੱਪਰ ਅਨੁਦਾਨ ਭੋਗੀਆਂ ਦੀ ਸਰਦਾਰੀ ਕਾਬਜ਼ ਹੋਣ ਲੱਗੀ। ਇਸ ਲਈ ਗੁਪਤ ਯੁੱਗ ਮਗਰੋਂ ਵੈਸ਼ ਅਤੇ ਸ਼ੂਦਰ ਆਰਥਿਕ ਅਤੇ ਸਮਾਜਿਕ ਦਿ੍ਰਸ਼ਟੀ ਨਾਲ਼ ਇੱਕ ਦੂਜੇ ਦੇ ਵੱਧ ਤੋਂ ਵੱਧ ਨਜ਼ਦੀਕ ਆਉਣ ਲੱਗੇ।
ਵੈਸ਼ ਅਤੇ ਸ਼ੂਦਰ ਕਿਸਾਨ ਕਹਾਉਦੇ ਸਨ। ਇਸ ਲਈ ਇਹਨਾਂ ਦਰਮਿਆਨ ਬਹੁਤ ਅੰਤਰ ਨਹੀਂ ਸੀ। ਸ਼ੂਦਰਾਂ ਲਈ ਅਨੇਕ ਘਰੇਲੂ ਰਸਮਾਂ ਜਾਂ ਸੰਸਕਾਰ, ਧਾਰਮਿਕ ਵਰਤ ਅਤੇ ਤੀਰਥ ਯਾਤਰਾਵਾਂ ਤੈਅ ਕੀਤੀਆਂ ਗਈਆਂ। ਇਸ ਨਾਲ਼ ਸਧਾਰਣ ਬ੍ਰਾਹਮਣਾਂ ਅਤੇ ਨਿਚਲੀ ਕੋਟੀ ਦੇ ਪੁਰੋਹਿਤਾਂ ਨੂੰ ਦਾਨ ਦੱਖਣਾ ਦਾ ਪ੍ਰਬੰਧ ਹੋਇਆ। ਸ਼ੂਦਰ ਵੀ ਰਮਾਇਣ, ਮਹਾਂਭਾਰਤ ਅਤੇ ਪੁਰਾਣਾਂ ਦਾ ਪਾਠ ਸੁਣ ਸਕਦੇ ਸਨ।
ਨਵੀਂ ਸਰੰਚਨਾ
ਗੁਪਤ ਅਤੇ ਗੁਪਤ ਤੋਂ ਮਗਰੋਂ ਦੇ ਦੌਰਾਂ ’ਚ ਬਹੁਤ ਤੇਜ਼ੀ ਨਾਲ਼ ਜਾਤਾਂ ਦੀ ਗਿਣਤੀ ਵੱਧੀ। ਬਹੁਤ ਹੱਦ ਤੱਕ ਜਨਜਾਤੀ ਇਲਾਕਿਆਂ ’ਚ ਭੂਮੀ ਅਨੁਦਾਨਾਂ ਕਰਕੇ ਅਜਿਹਾ ਹੋਇਆ। ਜਿਆਦਾਤਰ ਕਬੀਲਿਆਂ ਨੂੰ ਸ਼ੂਦਰਾਂ ਦੇ ਰੂਪ ’ਚ ਹਿੰਦੂ ਪ੍ਰਣਾਲੀ ’ਚ ਮਿਲ਼ਾ ਲਿਆ ਗਿਆ। ਮੰਨੁਸਮਰਿਤੀ ਦਾ ਪੰਜਵਾਂ ਪਾਠ ਈਸਾ ਸਦੀ ਦੇ ਆਸਪਾਸ ਦਾ ਲੱਗਦਾ ਹੈ। ਇਸ ’ਚ ਇਕਾਹਠ ਜਾਤਾਂ ਦਾ ਜ਼ਿਕਰ ਹੈ ਅਤੇ ਬ੍ਰਹਮਾਵੈਵਰਤ ਪੁਰਾਣ ’ਚ ਇੱਕ ਸੌ ਤੋਂ ਵੱਧ ਜਾਤਾਂ ਦਾ ਵਰਨਣ ਹੈ। ਇਸ ’ਚੋਂ ਵੀ ਜ਼ਿਆਦਾਤਰ ਕਬੀਲਾਈ ਲੋਕ ਜਾਤਾਂ ’ਚ ਤਬਦੀਲ ਹੋ ਗਏ ਸਨ। ਬਹੁਤਿਆਂ ਦੇ ਅਜਿਹੇ ਨਾਂ ਹਨ ਜਿਹਨਾਂ ਦੀ ਉਤਪਤੀ ਸੰਸਕਿ੍ਰਤ ਭਾਸ਼ਾ ’ਚ ਨਹੀਂ ਮਿਲਦੀ ਹੈ। ਬ੍ਰਾਹਮਣ ਧਰਮ ਦੇ ਪੈਰੋਕਾਰ ਸਮਰਿਤੀਕਾਰਾਂ ਨੇ ਇਹਨਾਂ ਜਾਤਾਂ ਦੇ ਪੈਦਾ ਹੋਣ ਨੂੰ ਵਰਣਾਂ ਦਾ ਮਿਸ਼ਰਣ ਦੱਸ ਕੇ ਉਹਨਾਂ ਨੂੰ ਵਰਣਸੰਕਰ ਠਹਿਰਾਇਆ ਹੈ। ਇਸ ਤਰ੍ਹਾਂ ਕਬੀਲਾਈ ਸਰਦਾਰਾਂ ਅਤੇ ਕੁਝ ਵਿਦੇਸ਼ੀ ਹਾਕਮਾਂ ਨੂੰ ਬ੍ਰਾਹਮਣ ਧਰਮ ਅਧਾਰਤ ਸਮਾਜ ’ਚ ਦੂਜੇ ਦਰਜੇ ਦੇ ਖੱਤਰੀਆਂ ਦੇ ਰੂਪ ’ਚ ਸ਼ਾਮਲ ਕੀਤਾ ਗਿਆ। ਉਹ ਗੁਪਤ ਕਾਲ ਮਗਰੋਂ ਰਾਜਪੂਤ ਕਹਾਏ। ਵੱਖ-ਵੱਖ ਭਾਰਤੀ ਅਤੇ ਬਾਹਰ ਤੋਂ ਆਏ ਕਬੀਲਿਆਂ ਤੋਂ ਵੱਖ-ਵੱਖ ਪ੍ਰਕਾਰ ਦੇ ਰਾਜਪੂਤ ਬਣੇ।
ਗੁਪਤ ਅਤੇ ਗੁਪਤ ਮਗਰੋਂ ਦੇ ਕਾਲਾਂ ’ਚ ਭੂਮੀ ਦੇ ਅਨੁਦਾਨਾਂ ਦਾ ਸਬੰਧ ਵਪਾਰ, ਵਣਜ ਅਤੇ ਸ਼ਹਿਰਾਂ ਦੀ ਗਿਰਾਵਟ ਨਾਲ਼ ਸੀ। ਇਸ ਨਾਲ਼ ਨਵੇਂ ਅਰਥਚਾਰਿਆਂ ਦਾ ਉਦੈ ਹੋਇਆ। ਇਸ ’ਚ ਸਥਾਨਕ ਲੋੜਾਂ ਦੀ ਪੂਰਤੀ ਲੋਕ ਆਪਣੇ ਇਲਾਕਿਆਂ ਦੇ ਸਰੋਤਾਂ ਨਾਲ਼ ਕਰਦੇ ਸਨ। ਕਾਰੀਗਰਾਂ ਅਤੇ ਵਪਾਰੀਆਂ ਦੀ ਗਤੀਸ਼ੀਲਤਾ ਬਹੁਤ ਘਟ ਗਈ। ਕਾਰੋਬਾਰਾਂ ਦੀ ਅਨੁਵੰਸ਼ਿਕਤਾ ਵਧ ਗਈ ਅਤੇ ਤਰ੍ਹਾਂ ਤਰ੍ਹਾਂ ਦੇ ਸ਼ਿਲਪਾਂ ਦੇ ਨਾਂ ’ਤੇ ਤਰ੍ਹਾਂ ਤਰ੍ਹਾਂ ਦੀਆਂ ਜਾਤਾਂ ਦਾ ਨਾਂ ਪਿਆ। ਸਥਾਨਕ ਕਾਨੂੰਨਾਂ ਅਤੇ ਰਿਵਾਜਾਂ ਦਾ ਮਹੱਤਵ ਵਧਿਆ ਅਤੇ ਗਤੀਸ਼ੀਲਤਾ ਘਟੀ। ਇਸ ਨਾਲ਼ ਜਾਤ ਪ੍ਰਥਾ ’ਚ ਭੋਜਨ ਅਤੇ ਵਿਆਹ ਦੇ ਮਾਮਲੇ ਵੱਧ ਤੋਂ ਵੱਧ ਗੁੰਝਲਦਾਰ ਹੋ ਗਏ। ਵੱਧਦੇ ਜਾਤ ਵਖਰੇਵੇਂ ਨੇ ਵੱਧ ਤੋਂ ਵੱਧ ਸਮਾਜਿਕ ਦਰਜੇਬੰਦੀ ਦਾ ਰੂਪ ਧਾਰਣ ਕੀਤਾ।
ਭੂਮੀ ਅਨੁਦਾਨਾਂ ਕਾਰਨ ਕਿਸਾਨਾਂ ਦੀ ਉਪਜ ’ਤੇ ਜੀਵਨ ਬਿਤਾਉਣ ਵਾਲ਼ੀ ਜਗੀਰੂ ਜਮਾਤ ਦਾ ਜਨਮ ਹੋਇਆ। ਲਗਭਗ ਚੌਥੀ ਤੋਂ ਸੱਤਵੀਂ ਸਦੀ ਦਰਮਿਆਨ ਅਜਿਹਾ ਸਮਾਜਿਕ ਢਾਂਚਾ ਉੱਭਰਿਆ ਜਿਸਨੂੰ ਜਗੀਰੂ ਢਾਂਚਾ ਕਹਿਣਾ ਸਹੀ ਹੋਵੇਗਾ। ਲੱਗਭਗ ਤਿੰਨ ਸਦੀਆਂ ਤੋਂ ਵੱਧ ਸਮੇਂ ਤੱਕ ਵਪਾਰ ਅਤੇ ਪ੍ਰਾਚੀਨ ਸ਼ਹਿਰਾਂ ਦੀ ਗਿਰਾਵਟ ਕਰਕੇ ਸਮਾਜਿਕ ਅਤੇ ਸਥਾਨਕ ਗਤੀਸ਼ੀਲਤਾ ਦੀ ਕਮੀ ਬਣੀ ਰਹੀ। ਨਤੀਜਾ ਇਹ ਹੋਇਆ ਕਿ ਜਾਤ ਪ੍ਰਥਾ ਦੇ ਵਿਕਾਸ ਲਈ ਅਨੁਕੂਲ ਹਾਲਤਾਂ ਬਣ ਗਈਆਂ। ਅਨੁਵੰਸ਼ਿਕ ਕਾਰੋਬਾਰ, ਸਜਾਤੀ ਵਿਆਹ ਅਤੇ ਅੰਤਰਜਾਤੀ ਭੋਜ ਅਤੇ ਦੁਰੇਡੀਆਂ ਯਾਤਰਾਵਾਂ ਨਾਲ਼ ਸਬੰਧਿਤ ਪਾਬੰਦੀਆਂ ਕਰਕੇ ਇਹ ਪ੍ਰਥਾ ਮਜ਼ਬੂਤ ਹੁੰਦੀ ਚਲੀ ਗਈ।
ਨਵੀਂ ਸਮਾਜਿਕ ਆਰਥਿਕ ਸੰਰਚਨਾ ’ਚ ਕਿਸਾਨਾਂ ਅਤੇ ਜਗੀਰਦਾਰਾਂ ਦਰਮਿਆਨ ਸਪੱਸ਼ਟ ਵਿਭੇਦ ਦੇ ਕਾਰਨ ਇਸਨੂੰ ਜਗੀਰੂ ਮੰਨਿਆ ਜਾ ਸਕਦਾ ਹੈ। ਗੁਪਤ ਅਤੇ ਗੁਪਤ ਮਗਰੋਂ ਦੌਰਾਂ ’ਚ ਜਗੀਰੂ ਸੰਰਚਨਾ ਦੇ ਲੱਛਣ ਦੇ ਰੂਪ ’ਚ ਚਾਰ ਪ੍ਰਮੁੱਖ ਪ੍ਰਵਿਰਤੀਆਂ ਦਿਖਾਈ ਪੈਂਦੀਆਂ ਹਨ। ਪਹਿਲੀ ਹੈ ਕਿ ਜਗੀਰੂ ਸਮਾਜ ’ਚ ਭੋਂ-ਮਾਲਕਾਂ ਦੀ ਬੁਨਿਆਦੀ ਜਮਾਤ ਹੁੰਦੀ ਹੈ ਜਿਹੜੀ ਜਮੀਨ ਦੀ ਮਾਲਕ ਹੋਣ ਕਰਕੇ ਕਿਸਾਨਾਂ ਤੋਂ ਲਗਾਨ ਵਸੂਲੀ ਦਾ ਦਾਅਵਾ ਕਰਦੇ ਹਨ। ਭਾਰਤ ’ਚ ਭੂਮੀ ਸਬੰਧੀ ਪ੍ਰਮਾਣ-ਪੱਤਰ (ਹਕੂਮਤੀ-ਪੱਤਰ) ਕਰਕੇ ਇਸ ਜਮਾਤ ਦੀ ਉਸਾਰੀ ਹੋਈ। ਦੂਜਾ ਇਹ ਕਿ ਜਗੀਰੂ ਸਮਾਜ ਮੁੱਖ ਤੌਰ ’ਤੇ ਗੁਲਾਮ ਕਿਸਾਨ ਜਮਾਤ ’ਤੇ ਅਧਾਰਿਤ ਹੈ। ਜਮੀਨ ਅਸਲ ’ਚ ਇਸ ਕਿਸਾਨ ਜਮਾਤ ਦੇ ਦਖਲ ’ਚ ਰਹਿੰਦੀ ਹੈ। ਪਰ ਇਹਨਾਂ ਨੂੰ ਭੂ-ਮਾਲਕਾਂ ਨੂੰ ਨਕਦ, ਜਿਣਸ ਜਾਂ ਕਿਰਤ ਦੇ ਰੂਪ ’ਚ ਲਗਾਨ ਦੇਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਆਪਣੇ ਦੇਸ਼ ’ਚ ਇਹ ਹਾਲਤ ਕੁਝ ਤਾਂ ਭੂਮੀ ਅਨੁਦਾਨਾਂ ਕਰਕੇ ਅਤੇ ਕੁਝ ਸਥਾਨਕ ਅਹੁਦੇਦਾਰਾਂ ਦੀ ਵਧਦੀ ਹੋਈ ਤਾਕਤ ਕਰਕੇ ਵਿਕਸਿਤ ਹੋਈ। ਤੀਜੀ ਇਹ ਕਿ ਲਗਾਨਾਂ ਅਤੇ ਕਿਰਤ ਸੇਵਾਵਾਂ ਦਾ ਸੰਗ੍ਰਹਿ ਭੂ-ਮਾਲਕ ਇਸ ਲਈ ਨਹੀਂ ਕਰਦੇ ਹਨ ਕਿ ਪੈਦਾਵਾਰ ਵਧੇ ਜਾਂ ਦੇਸ਼ ਦਾ ਆਰਥਿਕ ਵਿਕਾਸ ਹੋਵੇ ਸਗੋਂ ਇਸ ਲਈ ਕਿ ਉਹ ਠਾਠਬਾਠ ਅਤੇ ਸ਼ਾਨ-ਸ਼ੌਕਤ ਨਾਲ਼ ਆਪਣਾ ਜੀਵਨ ਬਿਤਾਉਦੇ ਰਹਿਣ। ਕਿਸਾਨਾਂ ਨੂੰ ਧਾਰਮਿਕ ਅਤੇ ਸਿਧਾਂਤਕ ਪ੍ਰਚਾਰ ਰਾਹੀਂ ਨੀਚ ਜਾਤ ਜਾਂ ਹੈਸੀਅਤ ਵਾਲ਼ਾ ਦੱਸਿਆ ਜਾਂਦਾ ਹੈ ਤਾਂ ਕਿ ਉਹਨਾਂ ਤੋਂ ਲਗਾਨ ਵਸੂਲ ਹੋ ਸਕੇ। ਧਰਮਸ਼ਾਸਤਰ ਦੇ ਲੇਖਾਂ ’ਚ ਇਸਦੇ ਉਦਾਹਰਣ ਮਿਲਦੇ ਹਨ। ਰਾਜਕੀ ‘ਹਕੂਮਤ’ ਜਾਂ ਭੂਮੀ ਅਨੁਦਾਨ ਦੀ ਲਿਖਤ ਦੇ ਅਧਾਰ ’ਤੇ ਭੂ-ਮਾਲਕ ਕਿਸਾਨਾਂ ਤੋਂ ਲਗਾਨਾਂ ਅਤੇ ਸੇਵਾਵਾਂ ਦਾ ਕਨੂੰਨੀ ਦਾਅਵਾ ਕਰਦੇ ਹਨ। ਕਿਸਾਨਾਂ ਤੋਂ ਵਾਫ਼ਰ ਸੰਗ੍ਰਹਿ ਲਈ ਕਨੂੰਨੀ ਅਤੇ ਧਾਰਮਿਕ ਤਰੀਕੇ ਨਾਕਾਫ਼ੀ ਸਾਬਤ ਹੁੰਦੇ ਹਨ ਤਾਂ ਭੂ-ਮਾਲਕ ਬਲਪ੍ਰਯੋਗ ਵੀ ਕਰਦੇ ਹਨ। ਸ਼ੁਰੂਆਤੀ ਮੱਧਕਾਲੀ ਭਾਰਤ ’ਚ ਲਗਾਨ ਵਸੂਲਣ ਲਈ ਅਜਿਹੇ ਤਰੀਕੇ ਅਪਣਾਏ ਜਾਂਦੇ ਹਨ ਜਿਹਨਾਂ ਦੀ ਵਰਤੋਂ ਆਰਥਿਕ ਦਿ੍ਰਸ਼ਟੀ ਤੋਂ ਜ਼ਰੂਰੀ ਨਹੀਂ ਹੈ। ਚੌਥਾ ਇਹ ਕਿ ਜਗੀਰੂ ਸਮਾਜਿਕ ਆਰਥਿਕ ਸੰਰਚਨਾ ਦਾ ਪੈਦਾ ਹੋਣਾ ਅਤੇ ਵਿਕਾਸ ਮੁੱਖ ਤੌਰ ’ਤੇ ਖੇਤੀ ਅਰਥਚਾਰੇ ’ਚ ਹੁੰਦਾ ਹੈ। ਇਸ ’ਚ ਸਥਾਨਕ ਲੋੜਾਂ ਦੀ ਪੂਰਤੀ ਉਸ ਸਥਾਨ ਦੇ ਸਾਧਨਾਂ ਤੋਂ ਹੀ ਹੋ ਜਾਂਦੀ ਹੈ ਅਤੇ ਮੰਡੀ ਪ੍ਰਣਾਲੀ ਦੇ ਪ੍ਰਚਲਨ ਦੀ ਗੁੰਜਾਇਸ਼ ਘੱਟ ਰਹਿੰਦੀ ਹੈ। ਲਾਜ਼ਿਮੀ ਹੈ ਕਿ ਅਜਿਹੇ ਅਰਥਚਾਰੇ ’ਚ ਤਨਖਾਹਾਂ ਦਾ ਭੁਗਤਾਨ ਨਕਦ ਨਹੀਂ ਸਗੋਂ ਜਿਣਸ ’ਚ ਕੀਤਾ ਜਾਂਦਾ ਹੈ। ਧਾਰਮਿਕ, ਫੌਜੀ, ਸਿਆਸੀ, ਪ੍ਰਸ਼ਾਸਨਿਕ ਆਦਿ ਸਾਰੀਆਂ ਤਰ੍ਹਾਂ ਦੀਆਂ ਸੇਵਾਵਾਂ ਵਾਸਤੇ ਹੇਠਲੇ ਮੁਲਾਜਮਾਂ ਨੂੰ ਖੇਤਾਂ ਦੇ ਅਨੁਦਾਨ ਅਤੇ ਉੱਚ ਅਧਿਕਾਰੀਆਂ ਨੂੰ ਪਿੰਡਾਂ ਤੋਂ ਹਾਸਲ ਕਰਾਂ ਰਾਹੀਂ ਆਮਦਨ ਦੇ ਅਨੁਦਾਨ ਰਾਹੀਂ ਮਿਹਤਾਨਾ ਦਿੱਤਾ ਜਾਂਦਾ ਹੈ। ਲਗਾਤਾਰ ਭੂਮੀ ਅਨੁਦਾਨਾਂ ਕਰਕੇ ਜਗੀਰਦਾਰੀ ਦੇ ਚਾਰੋਂ ਲੱਛਣ ਗੁਪਤ ਕਾਲ ’ਚ ਦਿਖਾਈ ਦਿੰਦੇ ਹਨ ਅਤੇ ਗੁਪਤ ਕਾਲ ਮਗਰੋਂ ਪ੍ਰਮੁੱਖ ਹੋ ਜਾਂਦੇ ਹਨ। ਜਗੀਰੂ ਸਮਾਜ ਦੇ ਵਿਕਾਸ ਕਰਕੇ ਜਾਤਾਂ ਦਾ ਬੇਹੱਦ ਵਾਧਾ ਹੋਇਆ ਅਤੇ ਉਹਨਾਂ ਨੂੰ ੳੂਚ-ਨੀਚ ਅਤੇ ਸਫ਼ਾਈ ਸ਼ੁੱਧਤਾ ਦੇ ਅਧਾਰ ’ਤੇ ਵਿਵਸਥਿਤ ਕੀਤਾ ਗਿਆ।
ਸਾਰ ਸੰਖੇਪ
ਸ਼ੁਰੂਆਤੀ ਭਾਰਤੀ ਸਮਾਜ ਦੇ ਕ੍ਰਮਿਕ ਵਿਕਾਸ ਅਤੇ ਜਮਾਤੀ ਵਿਭੇਦੀਕਰਨ ਦੇ ਪ੍ਰਮੁੱਖ ਪੜਾਵਾਂ ਦਾ ਵਰਨਣ ਕੀਤਾ ਜਾ ਸਕਦਾ ਹੈ। ਰਿਗਵੇਦ ਦੇ ਸਾਰ ਅੰਸ਼ ’ਚ ਪ੍ਰਤਿਬਿੰਬਤ ਸਮਾਜਕ ਢਾਂਚਾ ਕਬੀਲਾਈ ਅਰਧ ਖਾਨਾਬਦੋਸ਼ ਅਤੇ ਪਸ਼ੂਚਾਰੀ ਸੀ ਜਿਹੜਾ ਮੁਸ਼ਕਿਲ ਨਾਲ਼ ਵਾਫ਼ਰ ਪੈਦਾ ਕਰਦਾ ਸੀ। ਕੁਝ ਕਬੀਲਾਈ ਸਰਦਾਰਾਂ ਅਤੇ ਉਹਨਾਂ ਦੇ ਨਜ਼ਦੀਕੀਆਂ ਕੋਲ਼ ਉਹਨਾਂ ਦੇ ਆਪਣੇ ਕਬੀਲੇ ਹੋਰ ਮੈਂਬਰਾਂ ਦੇ ਮੁਕਾਬਲੇ ਵੱਧ ਪਸ਼ੂ ਰਹਿੰਦੇ ਹੋਣਗੇ। ਪਰ ਉਹਨਾਂ ਲਈ ਕਿਸੇ ਸਮਾਜਿਕ ਸੁਵਿਧਾ ਦੀ ਖਪਤ ਸੰਭਵ ਨਹੀਂ ਸੀ। ਕਬੀਲਿਆਂ ਦਰਮਿਆਨ ਜਾਂ ਕਬੀਲੇ ਅੰਦਰ ਦੀਆਂ ਜੰਗਾਂ ਨਾਲ਼ ਜਬਤ ਕੀਤੇ ਗਏ ਲੁੱਟ ਦੇ ਮਾਲ਼ ਦੀ ਅਸਾਵੀਂ ਵੰਡ ਕਬੀਲਾਈ ਸਭਾਵਾਂ ’ਚ ਕੀਤੀ ਜਾਂਦੀ ਸੀ। ਖੇਤੀ ਦੇ ਫੈਲਾਅ ਕਰਕੇ ਮਗਰਲੇ ਵੈਦਿਕ ਕਾਲ ’ਚ ਜਮਾਤੀ ਸਮਾਜ ਅਤੇ ਰਾਜਕੀ ਸੰਰਚਨਾ ਵੱਲ ਸਮਾਜਿਕ ਸੰਕਰਮਣ ਦੀ ਸ਼ੁਰੂਆਤ ਹੋਈ। ਬ੍ਰਾਹਮਣਾਂ ਅਤੇ ਸਰਦਾਰਾਂ ਨੇ ਲੋਕਾਂ ਜਾਂ ਕਬੀਲਾਈ ਲੋਕਾਂ ਨੂੰ ਕੰਟਰੋਲ ’ਚ ਲਿਆਉਣ ਲਈ ਯਤਨ ਕੀਤਾ ਅਤੇ ਕੁਝ ਵਿਸ਼ੇਸ਼ ਹੱਕਾਂ ਦਾ ਦਾਅਵਾ ਕੀਤਾ। ਪਰ ਵੈਦਿਕ ਕਾਲ ਮਗਰੋਂ ਦੇ ਜਮਾਨੇ ’ਚ ਵਰਣ ’ਚ ਵੰਡੇ ਅਤੇ ਰਾਜ-ਅਧਾਰਿਤ ਸਮਾਜ ਨੂੰ ਲੋਹੇ ਦੇ ਫਾਲ਼ੇ ਨਾਲ਼ ਹੋ ਰਹੀ ਖੇਤੀ ਅਤੇ ਵਧਦੀ ਉਪਜ ਕਰਕੇ ਦਿ੍ਰੜਤਾ ਨਾਲ਼ ਇੱਜਤ ਮਿਲ ਸਕੀ। ਖੇਤੀ ਪੈਦਾਵਾਰ ਵਰਣ-ਵਿਵਸਥਾ ਰਾਹੀਂ ਨਿਯਮਿਤ ਕੀਤੀ ਗਈ। ਉਸੇ ਪ੍ਰਬੰਧ ਰਾਹੀਂ ਤੋਹਫ਼ਿਆਂ ਅਤੇ ਲਗਾਨਾਂ ਦੇ ਰੂਪ ’ਚ ਵਾਫਰਾਂ ਦਾ ਸੰਗ੍ਰਹਿ ਕਰ ਵੰਡਿਆ ਜਾਣ ਲੱਗਾ। ਅਹੁਦੇਦਾਰਾਂ ਨੂੰ ਨਕਦ ਭੁਗਤਾਨ ਲਈ ਕਾਰੀਗਰਾਂ ਰਾਹੀਂ ਛੋਟੀਆਂ-ਛੋਟੀਆਂ ਚੀਜਾਂ ਦੀ ਪੈਦਾਵਾਰ ਨਾਲ਼ ਅਤੇ ਵਪਾਰੀਆਂ ਤੋਂ ਰਾਜਾ ਨੂੰ ਮੁਦਰਾ (ਨਕਦੀ ਆਮਦਨ) ਹਾਸਲ ਹੁੰਦੀ ਸੀ।
ਵੈਸ਼ ਅਤੇ ਸ਼ੂਦਰਾਂ ਦੀ ਪੈਦਾਵਾਰੀ ਕਿਰਿਆ ’ਤੇ ਟਿਕਿਆ ਇਹ ਸਮਾਜਿਕ ਪ੍ਰਬੰਧ ਈਸਾ ਪੂਰਵ ਛੇਵੀਂ ਸਦੀ ਤੋਂ ਤੀਜੀ ਸਦੀ ਤੱਕ ਚੰਗੀ ਤਰ੍ਹਾਂ ਚੱਲਦਾ ਰਿਹਾ। ਇਸ ਮਗਰੋਂ ਸਮਾਜਿਕ ਸੰਕਟ ਦੇ ਕਾਰਨ ਇਸ ’ਚ ਗਿਰਾਵਟ ਆਈ। ਇਸ ਵਜ੍ਹਾ ਨਾਲ਼ ਰਾਜਿਆਂ ਨੇ ਪੁਰੋਹਿਤਾਂ ਅਤੇ ਅਹੁਦੇਦਾਰਾਂ ਨੂੰ ਭੂਮੀ ਅਨੁਦਾਨਾਂ ਦੇ ਮਾਧਿਅਮ ਨਾਲ਼ ਤਨਖਾਹ ਭੁਗਤਾਨ ਕਰਨ ਦੀ ਪ੍ਰਥਾ ਵੱਡੀ ਪੱਧਰ ’ਤੇ ਅਪਣਾਈ। ਇਸ ਪ੍ਰਕਿਰਿਆ ਨਾਲ਼ ਭੂ-ਮਾਲਕਾਂ ਦੀ ਜਮਾਤ ਬਣੀ। ਗੁਲਾਮਾਂ, ਭਾੜੇ ਦੇ ਮਜ਼ਦੂਰਾਂ, ਆਦਿਵਾਸੀ ਕਿਸਾਨਾਂ ਦੀ ਮੁੰਕਮਲ ਵਿਕਸਿਤ ਕਿਸਾਨਾਂ ’ਚ ਉੱਨਤੀ ਹੋਈ। ਇਹ ਮੁੱਖ ਤੌਰ ’ਤੇ ਸ਼ੂਦਰਾਂ ਦੇ ਦਰਜੇ ’ਚ ਰਹੇ। ਵਿੱਤੀ, ਫੌਜੀ, ਪ੍ਰਸ਼ਾਸਨਿਕ, ਕਰਾਂ ਰਾਹੀਂ ਆਮਦਨ ਸਬੰਧੀ ਅਤੇ ਧਾਰਮਿਕ ਸੇਵਾਵਾਂ ਭੂਮੀ ਅਨੁਦਾਨਾਂ ਨਾਲ਼ ਜੁੜ ਗਈਆਂ। ਇਸ ਨਾਲ਼ ਜਗੀਰੂ ਢਾਂਚੇ ਦਾ ਵਿਕਾਸ ਹੋਇਆ। ਇਸ ਢਾਂਚੇ ’ਚ ਭੂ-ਮਾਲਕਾਂ ਅਤੇ ਕਿਸਾਨਾਂ ਦਰਮਿਆਨ ਅੰਤਰ ਸਪੱਸ਼ਟ ਹੋ ਗਿਆ। ਭੂਮੀ ਸਣੇ ਪੈਦਾਵਾਰ ਦੇ ਹੋਰ ਅੰਗਾਂ ’ਤੇ ਰਾਜਿਆਂ ਅਤੇ ਪੁਰੋਹਿਤਾਂ ਦਾ ਕੰਟਰੋਲ ਕਾਇਮ ਹੋ ਗਿਆ। ਉਹਨਾਂ ਦੇ ਵਿਸ਼ੇਸ਼ ਹੱਕਾਂ ’ਚ ਹੋਰ ਵੀ ਵਾਧਾ ਹੋਇਆ। ਵਪਾਰ ਅਤੇ ਨਗਰੀਅਤਾ ਦੇ ਪ੍ਰਭਾਵ ਨਾਲ਼ ਜਾਤਵਾਦੀ ਬੰਧਨ ਮਜ਼ਬੂਤ ਹੋਏ। ਆਦਿਵਾਸੀ ਇਲਾਕਿਆਂ ’ਚ ਬ੍ਰਾਹਮਣਾਂ ਦੇ ਵੱਸਣ ਨਾਲ਼ ਸ਼ੂਦਰ ਜਾਤਾਂ ਦੀ ਗਿਣਤੀ ਵਧੀ। – ਰਾਮਸ਼ਰਣ ਸ਼ਰਮਾ
Subscribe to:
Post Comments (Atom)
No comments:
Post a Comment