Wednesday, September 4, 2013

ਕਹਾਣੀ- ਗੱਛਾ ਨਚਾਰ

ਜਣਾ ਖਣਾ ਪਿੰਡ ਵਿਚ ਇਉਂ ਗੱਲਾਂ ਕਰ ਰਿਹਾ ਸੀ, ਗੱਛਾ ਵਾਪਸ ਆ ਗਿਆ ਓਇ....ਗੱਛਾ ਰਾਤ ਦਾ ਪਿੰਡ ਆਇਆ ਹੋਇਆ।' ਅੱਜ ਤੋਂ ਸੱਤ ਸਾਲ ਪਹਿਲਾਂ ਗੱਛਾ ਡੰਗਰ ਚਾਰਦਾ ਹੁੰਦਾ ਸੀ। ਫੇਰ ਉਸ ਨੇ ਪਿਉ ਵਾਲਾ ਪੇਸ਼ਾ ਅਪਣਾ ਲਿਆ। ਸੀਰੀ ਰਲ ਗਿਆ। ਸੀਰ ਕਮਾਉਣਾ ਕੋਈ ਮਾੜੇ ਧੀੜੇ ਦਾ ਕੰਮ ਨਹੀਂ ਹੁੰਦਾ, ਪਰ ਗੱਛਾ ਤਾਂ ਸੁਨੱਖਾ ਹੋਣ ਦੇ ਨਾਲ ਨਾਲ ਸੋਹਲ ਵੀ ਸੀ। ਚਮਾਰਾਂ ਦਾ ਇਕੱਲਾ ਪੁੱਤ ਹੋਣ ਕਰਕੇ ਲਾਡਲਾ ਰਿਹਾ ਤੇ ਸਰੀਰ ਕੰਮ ਵਿਚ ਪੱਕ ਨਾ ਸਕਿਆ। ਗੱਛੇ ਨੂੰ ਗਾਉਣ ਦਾ ਸ਼ੌਕ ਸੀ। ਹੱਥ ਕੁ ਲੰਬੇ ਲੱਕੜੀ ਦੇ ਡੰਡੇ ਵਿਚ, ਉਹਨੇ ਨਿੱਕਾ ਜਿਹਾ ਗੋਲ ਕੱਦੂ, ਸੁਨਹਿਰੀ ਕੋਕਿਆਂ ਨਾਲ ਖੱਲ ਸਮੇਤ ਮੜ੍ਹ ਕੇ, ਟੁੰਗ ਲਿਆ। ਹੌਲੀ ਹੌਲੀ ਤੂੰਬੀ ਵਜਾਉਣੀ ਸਿੱਖਦਾ ਗਿਆ। ਇਲਾਕੇ ਵਿਚ ਐਸਾ ਕੋਈ ਯਮਲਾ ਨਹੀਂ ਸੀ ਦੀਂਹਦਾ ਜਿਹਨੂੰ ਉਹ ਗੁਰੂ ਧਾਰ ਸਕੇ। ਉਹਨਾਂ ਦੇ ਪਿੰਡ ਚੇਤ ਚੌਂਦਾਂ ਦਾ ਮੇਲਾ ਲਗਦਾ ਹੁੰਦਾ ਸੀ। ਬੜਾ ਇਕੱਠ ਹੁੰਦਾ। ਹਰ ਸਾਲ ਘੋਲ ਹੁੰਦੇ। ਲਾਗਿਉਂ-ਚਾਗਿਉਂ ਕਬੱਡੀ ਦੀਆਂ ਟੀਮਾਂ ਆਉਂਦੀਆਂ। ਏਸ ਸਾਲ ਵੀ ਦੁਆਬੇ ਦੇ ਪ੍ਰਸਿੱਧ ਨਕਲੀਏ ਆਏ। ਨਕਲੀਆਂ ਦੀ ਟੋਲੀ ਵਿਚਲਾ ਹੁੱਬਾ ਨਚਾਰ ਨੱਚਣ ਲੱਗਿਆਂ ਲੋਹੜਾ ਲਿਆ ਦਿੰਦਾ। ਗੱਛੇ ਦਾ ਮਨ ਚਾਮ੍ਹਲ ਚਾਮ੍ਹਲ ਪੈਂਦਾ। ਉਹਨੇ ਹੁੱਬੇ ਨੂੰ ਦਿਲ ਦੀ ਗੱਲ ਦੱਸੀ। ਹੁੱਬੇ ਨੇ ਪਰ੍ਹਾਂ ਟਿੱਬੇ 'ਤੇ ਲਿਜਾ ਕੇ ਗੱਛੇ ਦੇ ਕੰਨ ਵਿਚ ਘੁਸਰ ਮੁਸਰ ਕੀਤੀ। ਦੂਜੇ ਦਿਨ ਹੀ ਗੱਛੇ ਨੇ ਘਰੋਂ ਦਾਣੇ ਲਿਜਾ ਕੇ ਘਿਲਬਿਲੀਆਂ ਦੀ ਹੱਟੀ ਉੱਤੇ ਵੇਚ ਅਤੇ ਨਕਲੀਆਂ ਦੀ ਟੋਲੀ ਦੇ ਉਸਤਾਦ ਹਸਨੇ ਦੇ ਪੈਰਾਂ ਵਿਚ ਇਕ ਸਰ੍ਹੋਂ ਦੇ ਤੇਲ ਦੀ ਬੋਤਲ, ਚਿੱਟੀ ਕੋਰੀ ਪੱਗ ਤੇ ਸਵਾ ਪੰਜ ਰੁਪਏ ਮੱਥਾ ਟੇਕ ਕੇ ਗੋਡੇ ਫੜ ਲਏ। ਅਲੂਆਂ ਜਿਹਾ ਮੁੰਡਾ ਹਸਨੇ ਉਸਤਾਦ ਦੇ ਚਿੱਤ ਨੂੰ ਲੱਗ ਗਿਆ। ਉਹਨੇ ਥਾਪੀ ਦੇ ਕੇ ਚੇਲਾ ਮੰਨ ਲਿਆ। ਗੱਛੇ ਦੀ ਦਿਲੀ ਰੀਝ 'ਨੱਚਣਾ ਜ਼ਰੂਰ ਸਿੱਖਣਾ' ਪੂਰੀ ਹੋਣ ਲੱਗ ਪਈ। ਪਹਿਲੇ ਕੁਝ ਦਿਨ ਤਾਂ ਉਹ ਗੈਸਾਂ 'ਚ ਤੇਲ ਹੀ ਪਾਉਂਦਾ ਰਿਹਾ। ਫਿਰ ਤਬਲੇ ਉਤੇ ਧਾ-ਨੱਤੀ-ਨੱਕ-ਦਿਨ੍ਹਾਂ ਸਿੱਖਦਾ ਹੋਇਆ, ਆਪਣੀ ਲਗਨ ਤੇ ਉਸਤਾਦ ਦੀ ਮਿਹਰ ਸਦਕਾ ਅੱਡੀ ਮਾਰਨੀ ਵੀ ਜਲਦੀ ਹੀ ਸਿੱਖ ਗਿਆ। ਪਹਿਲੋਂ ਪਹਿਲ ਤਾਂ ਗੱਛ ਭਰੇ ਅਖਾੜੇ ਵਿਚ ਨੱਚਣੋਂ ਜਕੋ ਤਕੋ ਕਰਿਆ ਕਰੇ। ਪਰ ਸੰਗ ਵੀ ਛੇਤੀ ਹੀ ਲੱਥ ਗਈ। ਉਸਤਾਦ ਹਸਨਾ ਬੜਾ ਖੁਸ਼ ਸੀ ਕਿਉਂ ਜੁ ਗੱਛਾ ਇਮਾਨਦਾਰ ਹੋਣ ਦੇ ਨਾਲ ਨਾਲ ਮਿਹਨਤੀ ਤੇ ਸਾਊ ਵੀ ਸੀ। ਉਹ ਸਾਰੀ ਕਮਾਈ ਉਸਤਾਦ ਦੇ ਪੈਰਾਂ 'ਚ ਢੇਰੀ ਕਰ ਦਿੰਦਾ। ਹੁੱਬਾ ਦਿਨੋਂ ਦਿਨ ਗੱਛੇ ਦੀ ਵਧਦੀ ਸ਼ੁਹਰਤ ਦੇਖ ਕੇ ਖਾਰ ਖਾਣ ਲੱਗ ਪਿਆ। ਉਸਤਾਦ ਇਹ ਗੱਲ ਤਾੜ ਗਿਆ। ਇਕ ਦਿਨ ਗੱਛੇ ਤੇ ਹੁੱਬੇ ਦੀ ਆਪਸ ਵਿਚ ਘੈਂਸ ਘੈਂਸ ਹੋ ਪਈ। ਉਸਤਾਦ ਹਸਨੇ ਨੂੰ ਪੱਜ ਮਿਲ ਗਿਆ ਤੇ ਉਹਨੇ ਹੁੱਬੇ ਨੂੰ ਟੋਲੀ ਵਿਚੋਂ ਕੱਢ ਦਿੱਤਾ। ਏਸ ਵਾਰ ਜਗਰਾਉਂ ਰੋਸ਼ਨੀ ਦੇ ਮੇਲੇ ਉਤੇ ਉਨ੍ਹਾਂ ਅਖਾੜਾ ਲਾਉਣ ਦੀ ਠਾਣੀ। ਮੰਗਲ ਸਿਨਮੇ ਦੇ ਨਾਲ ਲਗਦੀ ਪਾਰਕ ਵਿਚ ਰਾਤ ਨੂੰ ਦਸ ਵਜੇ ਦੇ ਕਰੀਬ ਉਨ੍ਹਾਂ ਤਬਲਾ ਖੜਕਾਇਆ। ਅੱਧਾ ਘੰਟਾ ਲੋਕ ਇਕੱਠੇ ਹੁੰਦੇ ਰਹੇ। ਸਾਢੇ ਦਸ ਵਜੇ ਗੱਛੇ ਨੇ ਨਚਾਰਾਂ ਵਾਲੇ ਕੱਪੜੇ ਪਾ ਕੇ ਤੇ ਪੈਰੀਂ ਝਾਂਜਰਾਂ ਬੰਨ੍ਹ ਕੇ ਅਖਾੜੇ ਵਿਚ ਅੱਡੀ ਮਾਰੀ। ਲੋਕ ਇਉਂ ਖਿੱਚੇ ਆ ਰਹੇ ਸਨ ਜਿਉਂ ਗੁੜ ਦੁਆਲੇ ਕੀੜੀਆਂ। ਗੱਛੇ ਨੇ ਅੱਜ ਮੇਕਅੱਪ ਵੀ ਤਾਂ ਕਮਾਲ ਦੀ ਕੀਤੀ ਹੋਈ ਸੀ। ਲੰਮੀ ਧਾਰੀ ਦਾ ਸੁਰਮਾ, ਗੱਲ੍ਹਾਂ 'ਤੇ ਗੁਲਾਲੀ, ਗੂੜਾ ਕਾਸ਼ਨੀ ਸੂਟ ਤੇ ਨੁਕੀਲੀਆਂ ਛਾਤੀਆਂ। ਚੁਪਾਸੇ ਲੋਕ ਜੰਮੇ ਪਏ ਸਨ। ਉਸਤਾਦ ਦੇ ਪੈਰੀਂ ਹੱਥ ਲਾ ਕੇ, ਤਬਲੇ ਵਾਜੇ ਨੂੰ ਮੱਥੇ ਨਾਲ ਛੁਹਾ ਕੇ, ਗੱਛੇ ਨੇ ਜਦ ਦੋ ਛੜੱਪੇ ਅਖਾੜੇ ਵਿਚ ਮਾਰੇ ਤੇ ਛਣ ਛਣ ਕਰਦੀਆਂ ਝਾਂਜਰਾਂ ਨੇ ਜਦ ਘੁੰਮ ਕੇ ਗੇੜਾ ਦਿੱਤਾ ਤਾਂ ਸ਼ਰਾਬੀ ਜੱਟ ਹਾਇ ਹਾਇ ਕਰਨ ਲੱਗ ਪਏ। ਅਖਾੜੇ ਦੇ ਮੱਧ ਵਿਚ ਆ ਕੇ ਪਹਿਲੋਂ ਉਹਨੇ ਕੋਰੜਾ ਛੰਦ ਬੋਲਿਆ ਤੇ ਫੇਰ ਖੱਬਾ ਹੱਥ ਕੰਨ ਉੱਤੇ ਧਰ ਕੇ ਮਿੱਠੀ ਜਿਹੀ ਸੁਰ ਵਿਚ ਆਵਾਜ਼ ਕੱਢੀ, ਟੁੱਟ ਪੈਣੇ ਨੇ ਸ਼ਰਾਬ ਪਿਲਾਈ, ਧੁੰਨੀ ਕੋਲੋਂ ਮੱਚੇ ਕਾਲਜਾ... ਕਿਹੜੇ ਯਾਰ ਦੀ ਬੁੱਕਲ 'ਚੋਂ ਆਈ ਤਿੱਪ ਤਿੱਪ ਚੋਵੇ ਮੁੜ੍ਹਕਾ.... ਗੌਣ ਦੇ ਮੁਕੱਦਿਆਂ ਹੀ ਰੁਪਿਆਂ ਦੀ ਬੁਛਾੜ ਸ਼ੁਰੂ ਹੋ ਗਈ। ਗੱਛਾ ਗੇੜਾ ਦੇ ਰੁਪਿਆ ਫੜਦਾ ਤੇ 'ਵੇਲ¸ਰੁਪਏ ਦੀ ਵੇਲ' ਕਹਿੰਦਾ ਹੋਇਆ ਦੇਣ ਵਾਲੇ ਨੂੰ ਨਖਰੇ ਜਿਹੇ ਨਾਲ ਅੱਖ ਮਾਰ ਦਿੰਦਾ। ਓਧਰ ਤਬਲਾ ਤੇ ਵਾਜਾ ਵਜਾਉਣ ਵਾਲੇ ਗੱਛੇ ਦੇ ਸਾਥੀ ਓਨਾ ਚਿਰ ਗੌਣ ਦੇ ਬੋਲ ਦੁਹਰਾਈ ਜਾਂਦੇ, 'ਟੁੱਟ ਪੈਣੇ ਨੇ ਸ਼ਰਾਬ ਪਿਲਾਈ...।' ਇਉਂ ਗੀਤ, ਕਵਾਲੀਆਂ, ਨਕਲਾਂ ਵਾਰੀ ਸਿਰ ਭੁਗਤਦੇ ਗਏ। ਰਾਤੀਂ ਤਿੰਨ ਵਜੇ ਦੇ ਕਰੀਬ ਅਖਾੜਾ ਪੁੱਟਿਆ ਗਿਆ। ਸ਼ਰਾਬੀ ਉਬਾਸੀਆਂ ਲੈਂਦੇ ਹੋਏ ਤੇ ਖਾਲੀ ਖੀਸਿਆਂ ਨੂੰ ਝਾੜਦੇ ਹੋਏ ਆਪੋ ਆਪਣੀਆਂ 'ਠਾਹਰਾਂ' ਵੱਲ ਨੂੰ ਹੋ ਤੁਰੇ। ਗੱਛੇ ਦੀ ਟੋਲੀ ਵੀ ਪੈਸਿਆਂ ਤੇ ਸੰਦਾਂ ਨੂੰ ਵਲ੍ਹੇਟਦੀ ਹੋਈ ਆਪਣੇ ਤੰਬੂ ਵਿਚ ਆ ਵੜੀ। ਹਸਨਾ ਉਸਤਾਦ ਗੱਛੇ 'ਤੇ ਅੱਜ ਪੂਰਾ ਖੁਸ਼ ਸੀ। ਤੰਬੂ ਵਿਚ ਜਾਣ ਸਾਰ ਹੀ ਉਸ ਗੱਛੇ ਨੂੰ ਜੱਫੀ ਪਾ ਲਈ। ਚੁੰਮ ਚੰਮ ਕੁ ਉਹਦੇ ਮੂੰਹ ਦਾ ਪਾਊਡਰ ਲਾਹ ਦਿੱਤਾ। ਗੱਛਾ ਵੀ ਫਖਰ ਮਹਿਸੂਸ ਕਰ ਰਿਹਾ ਸੀ ਕਿ ਜ਼ਿੰਦਗੀ ਵਿਚ ਸਭ ਤੋਂ ਵੱਧ ਸ਼ੁਹਰਤ ਮਿਲਣ ਦਾ ਦਿਨ ਉਹਦਾ ਅੱਜ ਸੀ। ਨੋਟ ਗਿਣੇ-ਪੂਰਾ ਸਾਢੇ ਛੇ ਸੌ ਹੋਇਆ। ਏਨੀ ਕਮਾਈ ਅੱਗੇ ਕਦੇ ਨਹੀਂ ਸੀ ਹੋਈ। ਹਸਨੇ ਨੇ ਤਦੇ ਪੰਜਾਹ ਰੁਪਏ ਗਿਣ ਕੇ ਦਿੱਤੇ। ਬੋਤਲਾਂ ਮੰਗਵਾਈਆਂ ਗਈਆਂ। ਸਾਜਿੰਦੇ, ਨਕਲ ਲਾਉਣ ਵਾਲਾ, ਰੋਟੀ ਬਣਾਉਣ ਵਾਲਾ ਤੇ ਹੋਰ ਇਕੜ ਦੁਖੜ ਸਾਥੀ ਇਕ ਪਾਸੇ ਹੋ ਕੇ ਪੀਣ ਲੱਗ ਪਏ। ਹਸਨਾ ਉਸਤਾਦ ਅਤੇ ਗੱਛਾ ਨਚਾਰ ਇਕ ਵੱਖਰੇ ਪਾਸੇ ਬੈਠ ਕੇ ਡੱਟ ਪੁੱਟਣ ਲੱਗੇ। ਚੌਥੇ ਪੈੱਗ ਨਾਲ ਹੀ ਸਭ ਦੇ ਡੋਰੇ ਗੇਰੂ ਰੰਗੇ ਹੋ ਗਏ ਤੇ ਐਵੇਂ ਹਾਤਹੂਤ ਕਰਨ ਲੱਗ ਪਏ। ਰੋਟੀ ਅੱਜ ਉਨ੍ਹਾਂ ਹੋਟਲ ਤੋਂ ਹੀ ਮੰਗਵਾ ਲਈ। ਆਪ ਨਾ ਬਣਾਈ। ਦੋ ਦੋ ਹਾੜੇ ਹੋਰ ਅੰਦਰ ਸੁੱਟ ਕੇ ਉਨ੍ਹਾਂ ਰੋਟੀ ਸ਼ੁਰੂ ਕਰਨੀ ਮੁਨਾਸਬ ਸਮਝੀ। ਗੱਛੇ ਦੇ ਸ਼ਰਾਬੀ ਹੱਥਾਂ ਤੋਂ ਬੁਰਕੀ ਮਸੀਂ ਤੋੜ ਹੁੰਦੀ ਸੀ। ਉਸਤਾਦ ਨੇ ਇਕ ਪੈੱਗ ਹੋਰ ਉਹਦੇ ਵੱਲ ਵਧਾਇਆ, ''ਨਹੀਂ.... ਉਸਤਾਦ ਜੀ, ਬੱਸ...।'' ਗੱਛਾ ਘਿਸਿਆਈ ਆਵਾਜ਼ ਵਿਚ ਬੋਲਿਆ। 'ਓ ਮੁੰਡਿਆ! ਸਿੱਟ ਅੰਦਰ...ਥਕੇਵਾਂ ਲੱਥ ਜੂ।' ਤੇ ਹਸਨੇ ਨੇ ਠੋਡੀ ਫੜ ਕੇ ਗਲਾਸ ਉਹਦੇ ਮੂੰਹ ਨੂੰ ਲਾ ਦਿੱਤਾ। ਉਸ ਆਪ ਵੀ ਇਕ ਹਾੜਾ ਹੋਰ ਲਾ ਲਿਆ। ਦੂਜੇ ਸਾਥੀ ਵੀ ਹੁਣ ਤੱਕ ਅਵਾ-ਤਵੀ ਬੋਲਣ ਲੱਗ ਪਏ ਸਨ। ਜਿਥੇ ਜਿਥੇ ਤਾਂ ਮਿਲਿਆ, ਛੇਤੀ ਹੀ, ਸਭ ਟੇਢੇ ਹੋ ਗਏ। ਰੋਟੀ ਵੀ ਅੱਧ-ਪਚੱਧ ਹੀ ਖਾਧੀ। ਪਲਾਂ ਵਿਚ ਹੀ ਚੁਪਾਸਿਉਂ ਘੁਰਾੜੇ ਵੱਜਣੇ ਸ਼ੁਰੂ ਹੋ ਗਏ। ਹਸਨਾ ਤੇ ਗੱਛਾ ਇਕੋ ਮੰਜੇ 'ਤੇ ਹੀ ਪਏ ਸਨ। ਕੋਈ ਅੱਧੇ ਘੰਟੇ ਪਿਛੋਂ ਗੱਛੇ ਨੂੰ ਜਾਪਿਆ ਕੋਈ ਉਹਦੇ ਢਿੱਡ 'ਤੇ ਹੱਥ ਫੇਰ ਰਿਹਾ ਹੈ। ਉਹ ਥਥਲਾਈ ਆਵਾਜ਼ ਵਿਚ ਬੋਲਿਆ, ''ਕੌ....ਣ...?'' ਉਸਤਾਦ ਹਸਨ ਨੇ ਇਕਦਮ ਹੱਥ ਪਿਛਾਂਹ ਖਿੱਚ ਲਿਆ। ''ਸੌਂ ਜਾ...ਸੌਂ ਜਾ....। ਮੈਂ ਨਾਲ ਈ ਪਿਆਂ ਤੇਰੇ।'' ਕੁਝ ਹੀ ਪਲਾਂ ਪਿਛੋਂ ਗੋਛੇ ਨੇ ਮਹਿਸੂਸਿਆ ਜੀਕਣ ਕੋਈ ਪੋਲਾ ਜਿਹਾ ਹੱਥ ਫੇਰ ਉਹਦੇ ਢਿੱਡ ਉੱਤੇ ਫਿਰ ਰਿਹਾ ਹੈ¸ਫਿਰ ਪੱਟਾਂ ਉੱਪਰ....ਫਿਰ ਮੂੰਹ ਉੱਪਰ। ਨਸ਼ੇ ਦੀ ਭੰਨ ਵਿਚ ਤੇ ਥਕੇਵੇਂ ਦੀ ਬਹੁਤਾਤ ਕਾਰਨ ਗੱਛੇ ਕੋਲੋਂ ਹੱਥ ਵੀ ਝਟਕ ਨਾ ਹੋਇਆ ਤੇ ਫਿਰ ਪਤਾ ਨਹੀਂ ਕਦੋਂ ਉਹਨੂੰ ਨੀਂਦ ਆ ਗਈ। ਸੁਬ੍ਹਾ ਮੂੰਹ-ਨ੍ਹੇਰੇ ਹੀ ਉਹਦੀ ਅੱਖ ਖੁੱਲ੍ਹ ਗਈ। ਉਹਨੇ ਪਾਸਾ ਪਰਤਿਆ। ਗੱਛੇ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਜਦ ਉਹਨੇ ਆਪਣੀ ਲੱਕ ਦੀ ਨੂੰ ਗੋਡਿਆਂ ਤੱਕ ਢਿਲਕੀ ਹੋਈ ਦੇਖਿਆ। ਮੰਜੇ ਤੋਂ ਉਹ ਇਕਦਮ ਛਾਲ ਮਾਰ ਕੇ ਉੱਠ ਖੜੋਤਾ। ਉਹਨੇ ਇਕ ਨਜ਼ਰ ਉਸਤਾਦ ਵੱਲ ਮਾਰੀ। ਹਸਨੇ ਉਸਤਾਦ ਦੇ ਅੱਧ ਖੁੱਲ੍ਹੇ ਮੂੰਹ ਵਿਚੋਂ ਨਿਕਲਦੀ ਸ਼ਰਾਬੀ ਹਵਾੜ ਉਹਦੇ ਨੱਕ ਨੂੰ ਚੜ੍ਹੀ। ਗੱਛੇ ਦੇ ਮੂੰਹ ਦਾ ਪਾਊਡਰ ਅਜੇ ਵੀ ਹਸਨੇ ਦੇ ਬੁੱਲ੍ਹਾਂ ਉੱਤੇ ਚਿਪਕਿਆ ਹੋਇਆ ਸੀ। ਗੱਛੇ ਦਾ ਸਿਰ ਚਕਰਾ ਗਿਆ। ਉਹਦੇ ਮਨ ਨੇ ਕਿਹਾ, ਕਾਰਾ ਹੋ ਗਿਆ। ਗੱਛੇ ਦੇ ਮਨ ਵਿਚ ਕੀ ਆਈ, ਉਹਨੇ ਨੱਚਣ ਵਾਲੇ ਕੱਪੜੇ ਉਤਾਰੇ ਅਤੇ ਦੂਜੇ ਕੱਪੜੇ ਪਾਏ। ਸਭ ਨੂੰ ਸੁੱਤਿਆਂ ਛੱਡ ਕੇ ਉਹ ਪਿੰਡ ਆ ਵੜਿਆ। ਚਮਾਰਾਂ ਦੇ ਵਿਹੜੇ ਵਿਚ ਤੇ ਸਾਰੇ ਪਿੰਡ ਵਿਚ ਗੱਲਾਂ ਹੋ ਰਹੀਆਂ ਸਨ, ''ਗੱਛਾ ਵਾਪਸ ਆ ਗਿਆ....।'' ''ਗੱਛਾ ਰਾਤ ਦਾ ਪਿੰਡ ਆਇਆ ਹੋਇਆ...।'' ਮਾਂ ਨੇ ਪੁੱਤ ਨੂੰ ਦੇਖਣ ਸਾਰ, ਚਾਹ ਵਿਚੇ ਹੀ ਛੱਡ ਦਿੱਤੀ, ''ਪੁੱਤ ਗੱਛਿਆ.... ਤੂੰ?'' ਤੇ ਮਾਂ ਅੱਖਾਂ ਭਰ ਆਈ। ਉਹਨੇ ਬੁੱਕਲ ਵਿਚ ਲੈ ਕੇ ਉਹਨੂੰ ਛਾਤੀ ਨਾਲ ਲਾਇਆ ਪਰ ਗੱਛੇ ਦਾ ਮੂੰਹ ਉਤਰਿਆ ਹੋਇਆ ਸੀ। 'ਪੁੱਤ-ਤੂੰ....ਬੋਲਦਾ ਕਿਉਂ ਨਹੀਂ?' ਤੇ ਮਾਂ ਨੇ ਪੁੱਤ ਦੇ ਪਿੰਡੇ ਉਤੇ ਲਾਡ ਨਾਲ ਹੱਥ ਫੇਰਿਆ। ਗੱਛੇ ਨੇ ਆਪਣੇ ਪਿੰਡੇ ਉਤੋਂ ਮਾਂ ਦੇ ਹੱਥ ਨੂੰ ਇਕਦਮ ਝਟਕ ਦਿੱਤਾ....ਤੇ ਫੇਰ ਭੁੱਬ ਮਾਰ ਕੇ ਰੋ ਪਿਆ। -ਸ਼ਮਸ਼ੇਰ ਸਿੰਘ ਸੰਧੂ

No comments:

Post a Comment