Monday, November 14, 2011

ਅਮਰੀਕੀ ਡਰੋਨ ਹਮਲਿਆਂ ’ਚ ਬੇਗੁਨਾਹਾਂ ਦਾ ਘਾਣ ਜਾਰੀ...

 


ਅਮਰੀਕੀ ਡਰੋਨ ਹਮਲਿਆਂ ਦਾ ਵਰਤਾਰਾ ਕੋਈ ਨਵਾਂ ਨਹੀਂ ਪਰ ਨਾਲ਼ ਹੀ ਇਹ ਜਿੰਨਾਂ ਪੁਰਾਣਾ ਪੈਂਦਾ ਜਾ ਰਿਹਾ ਹੈ, ਓਨਾ ਹੀ ਵਧਦਾ ਜਾ ਰਿਹਾ ਹੈ। ਪੂਰੀ ਦੁਨੀਆਂ ਦੇ ਲੋਕਾਂ ਨੇ ਅਤੇ ਖਾਸ ਕਰ ਪੱਛਮ ਅਤੇ ਖ਼ੁਦ ਅਮਰੀਕੀ ਲੋਕਾਂ ਨੇ ਵੀ ਇਹਨਾਂ ਡਰੋਨ ਹਮਲਿਆਂ ਦਾ ਕਈ ਵਾਰ ਵਿਰੋਧ ਕੀਤਾ ਹੈ ਅਤੇ ਅੱਜ ਵੀ ਕਰ ਰਹੇ ਹਨ ਪਰ ਅਮਰੀਕੀ ਸਾਮਰਾਜ ਦੇ ਕੰਨ ’ਤੇ ਜੂੰ ਨਹੀਂ ਸਰਕੀ। ਓਬਾਮਾ ਸਰਕਾਰਜੋ ਕਿ ਬੁਸ਼ ਸਰਕਾਰ ਵਿਰੁਧ ਇਰਾਕ ਜੰਗ-ਵਿਰੋਧੀ ਪ੍ਰਚਾਰ ਕਰਕੇ ਬਣੀ ਸੀਵੀ ਉਸੇ ਰਾਹ ’ਤੇ ਅੱਗੇ ਵਧੀ ਜਿਸ ਤੇ ਬੁਸ਼ ਦੌੜ ਰਿਹਾ ਸੀ ਸਗੋਂ ਇਹ ਕਹਿਣਾ ਸਹੀ ਹੋਵੇਗਾ ਕਿ ਕਈ ਗੁਣਾ ਅੱਗੇ ਨਿੱਕਲ਼ ਗਈ। ਹਾਲ ਹੀ ਵਿੱਚ ਹੋਏ ਤਾਜ਼ੇ ਡਰੋਨ ਹਮਲੇ ਇਸ ਦੀ ਸ਼ਾਹਦੀ ਭਰਦੇ ਹਨ।
6 ਦਸੰਬਰ ਨੂੰ ਸਵੇਰੇ ਤੜਕੇ ਉੱਤਰ-ਪੱਛਮੀ ਪਾਕਿਸਤਾਨ ਦੇ ਮੁਬਾਰਕ ਸ਼ਾਹੀ ਦੇ ਛੋਟੇ ਜਿਹੇ ਪਿੰਡ ’ਚ ਇੱਕ ਘਰ ’ਤੇ ਇੱਕ ਅਮਰੀਕੀ ਡਰੋਨ ਨੇ ਬਿਨਾਂ ਕਿਸੇ ਚਿਤਾਵਨੀ ਦੇ ਦੋ ਮਿਜ਼ਾਈਲਾਂ ਦਾਗ਼ੀਆਂ। ਪਾਕਿਸਤਾਨੀ ਸੁਰੱਖਿਆ ਅਦਾਰੇ ਨੇ 3-4 ਦਹਿਸ਼ਤਗਰਦਾਂ ਦੇ ਮਾਰੇ ਜਾਣ ਦੀ ਗੱਲ ਕਹੀ ਭਾਵੇਂ ਕਿ ਇਹਨਾਂ ‘‘ਦਹਿਸ਼ਤਗਰਦਾਂ’’ ਦੀ ਕੋਈ ਅਜ਼ਾਦ ਤਰੀਕੇ ਨਾਲ਼ ਪਛਾਣ ਨਹੀਂ ਕੀਤੀ ਗਈ। 13 ਜੂਨ ਦੇ ਨਿੳੂ ਯਾਰਕ ਟਾਈਮਜ਼ ਦਾ ਕਹਿਣਾ ਹੈ, ‘‘ਯਮਨ ਵਿੱਚ ਪਹਿਲਾ ਧਿਆਨ ਹਿਤ ਡਰੋਨ ਹਮਲਾ ਜੋ ਕਿ ਓਬਾਮਾ ਵੱਲੋਂ ਤਸਦੀਕਸ਼ੁਦਾ ਸੀ। ਇੱਕ ਪਾਰਲੀਮਾਨੀ ਰਿਪੋਰਟ ਦੇ ਤਹਿਤ 2009 ਦੇ ਅਖ਼ੀਰਵਿਆਂ ਵਿੱਚ ਸੀ। ਜਦ ਅਲ-ਮਜਾਲਾ ਦੇ ਦੱਖਣੀ ਸ਼ਹਿਰ ਵਿੱਚ 14 ਔਰਤਾਂ ਅਤੇ 21 ਬੱਚੇ ਮਾਰੇ ਗਏ ਅਤੇ ਇਹਨਾਂ ਵਿੱਚੋਂ ਸਿਰਫ਼ ਇੱਕ ਮਰਿਆ ਵਿਅਕਤੀ ਸੀ ਜਿਸ ਦੇ ਅਲ-ਕਾਇਦਾ ਨਾਲ਼ ਸਬੰਧ ਸਨ।’’ 2008 ’ਚ ਸੱਤਾ ’ਚ ਆਉਣ ਤੋਂ ਬਾਅਦ ਓਬਾਮਾ ਪ੍ਰਸ਼ਾਸਨ ਨੇ ਬਿਨਾਂ ਪਾਇਲਟ ਤੋਂ ਡਰੋਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਕੀਤਾ ਹੈ। ਇਕੱਲੇ ਪਾਕਿਸਤਾਨ ’ਤੇ ਹੀ 300 ਤੋਂ ਜ਼ਿਆਦਾ ਡਰੋਨ ਹਮਲੇ ਕੀਤੇ ਗਏ ਜੋ ਕਿ ਬੁਸ਼ ਦੇ ਕਾਰਜ ਕਾਲ ਤੋਂ ਛੇ ਗੁਣਾ ਵਧੇਰੇ ਹਨ।
‘ਵਲਡ ਟੂ ਵਿਨ’ ਖ਼ਬਰ ਏਜੰਸੀ ਦੀ ਅਕਤੂਬਰ ਵਿੱਚ ਪੇਸ਼ ਇੱਕ ਰਿਪੋਰਟ ‘ਡਰੋਨਾਂ ਦੀ ਛਾਵੇਂ ਰਹਿੰਦਿਆਂ’ ਮੁਤਾਬਕ 2006 ’ਚ ਪਾਕਿਸਤਾਨ ਦੇ ਬਜੌਰ ਸਥਿਤ ਇੱਕ ਮਦਰੱਸੇ ’ਤੇ ਡਰੋਨ ਹਮਲਾ ਹੋਇਆ ਜਿਸ ਵਿੱਚ 80 ਜਣੇ ਮਾਰੇ ਗਏ ਜਿਹਨਾਂ ਵਿੱਚੋਂ 69 ਬੱਚੇ ਸਨ। ਅਜਿਹੀਆਂ ਹੋਰ ਘਟਨਾਵਾਂ ਵੀ ਹੋਈਆਂ ਜਦ ਡਰੋਨਾਂ ਰਾਹੀਂ ਸੜਕਾਂ ’ਤੇ ਜਾਂਦੀਆਂ ਕਾਰਾਂ ਤੇ ਟੈਕਸੀਆਂ ’ਤੇ ਗੋਲ਼ੀਆਂ ਚਲਾਈਆਂ ਗਈਆਂ। ਜਿਸ ਦੇ ਕਾਰਨ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਉੱਤਰੀ ਵਜ਼ੀਰਿਸਤਾਨ ਜੋ ਕਿ ਕਬੀਲਿਆਂ ਵਿੱਚ ਵੰਡਿਆ ਹੋਇਆ ਹੈ, ਦੇ ਲੋਕ ਖੇਤੀਬਾੜੀ ਅਤੇ ਵਪਾਰ ’ਤੇ ਗੁਜਰ-ਬਸਰ ਕਰਦੇ ਹਨ। ਇਸ ਸਾਰੇ ਖੇਤਰ ਵਿੱਚ ਡਰੋਨਾਂ ਦੀ ਇੰਨੀ ਦਹਿਸ਼ਤ ਹੈ ਕਿ ਲੋਕ ਜਨਤਕ ਥਾਵਾਂ ’ਤੇ ਇਕੱਠੇ ਨਹੀਂ ਹੁੰਦੇ ਜਿਵੇਂ ਕਿ ਮਸੀਤਾਂ, ਸਕੂਲ ਅਤੇ ਇੱਥੋਂ ਤੱਕ ਕਿ ਕਿਸੇ ਦੀ ਮਰਗ ’ਤੇ ਵੀ ਇਹੀ ਸੁੰਨ ਹੁੰਦੀ ਹੈ। ਮਾਂ-ਬਾਪ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ, ਗਲ਼ੀਆਂ ਵਿੱਚ ਬੱਚੇ ਖੇਡਦੇ ਨਹੀਂ ਦਿਖਦੇ ਅਤੇ ਜ਼ਿਆਦਾਤਰ ਲੋਕ ਰਾਤ ਨੂੰ ਬਾਹਰ ਨਿੱਕਲਦੇ ਹਨ।
ਅੰਤਰਰਾਸ਼ਟਰੀ ਕਨੂੰਨ ਦੀ ਸੰਯੁਕਤ ਰਾਸ਼ਟਰ ਦੀ ਧਾਰਾ 2(4) ਤਹਿਤ ਕਿਸੇ ਵੀ ਦੂਜੇ ਮੁਲਕ ’ਤੇ ਫ਼ੌਜੀ ਹਮਲਾ ਸਿਰਫ਼ ਉਸੇ ਸੂਰਤ ਵਿੱਚ ਜਾਇਜ਼ ਕਿਹਾ ਜਾ ਸਕਦਾ ਹੈ ਜਦ ਤੱਕ ਕਿ ਪੂਰੇ ਦੇਸ਼ ਨੂੰ ਉਸ ਮੁਲਕ ਤੋਂ ਫ਼ੌਰੀ ਖਤਰਾ ਨਾ ਹੋਵੇ ਜਾਂ ਕੋਈ ਵੱਡਾ ਹਥਿਆਰਬੰਦ ਹਮਲਾ ਨਾ ਹੋਇਆ ਹੋਵੇ ਅਤੇ ਤੁਹਾਡੇ ਕੋਲ਼ ਕੋਈ ਹੋਰ ਚਾਰਾ ਬਾਕੀ ਨਾ ਬਚਿਆ ਹੋਵੇ। ਹੁਣ ਇੱਥੇ ਧਿਆਨਯੋਗ ਹੈ ਕਿ ਇਰਾਕ, ਯਮਨ, ਸੋਮਾਲੀਆ, ਪਾਕਿਸਤਾਨ, ਫ਼ਲੀਸਤੀਨ ਆਦਿ ਕਿਸੇ ਵੀ ਦੇਸ਼ ਨੇ ਅਜਿਹਾ ਕੋਈ ਹਮਲਾ ਅਮਰੀਕਾ ’ਤੇ ਨਹੀਂ ਕੀਤਾ।
ਪਿਛਲੇ ਇੱਕ ਦਹਾਕੇ ਵਿੱਚ 2500 ਤੋਂ ਜ਼ਿਆਦਾ ਲੋਕ ਇਹਨਾਂ ਡਰੋਨ ਹਮਲਿਆਂ ਵਿੱਚ ਮਾਰੇ ਜਾ ਚੁੱਕੇ ਹਨ। ‘ਖੋਜੀ ਪੱਤਰਕਾਰਤਾ ਦਾ ਬਿੳੂਰੋ’ ਵੱਲੋਂ ਫਰਵਰੀ 2012 ’ਚ ਜਾਰੀ ਇੱਕ ਰਿਪੋਰਟ ਮੁਤਾਬਕ 2004 ਤੋਂ ਸਤੰਬਰ 2012 ਤੱਕ ਪਾਕਿਸਤਾਨ ਵਿੱਚ ਡਰੋਨ ਹਮਲਿਆਂ ਵਿੱਚ 2,562-3,325 ਲੋਕ ਮਾਰੇ ਗਏ। ਜਿਹਨਾਂ ’ਚੋਂ 474-881 ਆਮ ਨਾਗਰਿਕ ਸਨ, ਜਿਹਨਾਂ ’ਚ 176 ਬੱਚੇ ਵੀ ਸ਼ਾਮਲ ਸਨ…। ਇਹਨਾਂ ਹਮਲਿਆਂ ਵਿੱਚ 1,228-1,362 ਲੋਕ ਜ਼ਖਮੀ ਵੀ ਹੋਏ। ਇਸੇ ਤਰ੍ਹਾਂ ਯਮਨ ਵਿੱਚ 2002 ਤੋਂ 2012 ਵਿੱਚ 362 ਤੋਂ 1,062 ਤੱਕ ਲੋਕ ਮਾਰੇ ਗਏ ਜਿਹਨਾਂ ਵਿੱਚ 60 ਤੋਂ 173 ਆਮ ਨਾਗਰਿਕ ਸਨ। ਸੋਮਾਲੀਆ ’ਚ 2007 ਤੋਂ 2012 ਤੱਕ 58 ਤੋਂ 170 ਲੋਕ ਅਤੇ ਜਿਹਨਾਂ ਵਿੱਚ 58 ਤੋਂ 170 ਆਮ ਨਾਗਰਿਕ ਸਨ ਮਾਰੇ ਗਏ।
11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਨੇ ‘‘ਦਹਿਸ਼ਤਗਰਦੀ’’ ਨਾਲ਼ ਲੜਨ ਦੇ ਨਾਮ ’ਤੇ ਆਪਣੀਆਂ ਫ਼ੌਜਾਂ ਮੁਸਲਿਮ ਮੁਲਕਾਂ ’ਤੇ ਚਾੜ੍ਹੀਆਂ ਸਨ ਅਤੇ ਅੱਜ ਤੱਕ ਇਹਨਾਂ ਫ਼ੌਜਾਂ ਹੱਥੋਂ ਜਿੰਨੇ ਲੋਕ ਮਾਰੇ ਗਏ ਹਨ, ਉਹਨਾਂ ਵਿੱਚੋਂ ਵੱਡੀ ਗਿਣਤੀ ਦਾ ਨੌ-ਗਿਆਰ੍ਹਾਂ ਦੇ ਹਮਲਿਆਂ ਨਾਲ਼ ਦੂਰੋਂ-ਨੇੜਿਓਂ ਵੀ ਵਾਹ-ਵਾਸਤਾ ਨਹੀਂ ਸੀ। ਉਹਨਾਂ ਦਾ ਸਿਰਫ਼ ਇੱਕੋ ਕਸੂਰ ਸੀ ਕਿ ਉਹ ਉਸ ਵਕਤ ਅਮਰੀਕੀ ਸਾਮਰਾਜ ਦੀ ਨਜ਼ਰੀਂ ਪਏ ਜਦ ਉਹ ਤੇਲ ਦੀ ਭਾਲ ’ਚ ਸਨ ਜਾਂ ਉਦੋਂ ਜਦ ਅਮਰੀਕੀ ਸਾਮਰਾਜ ਆਪਣੇ ਵਾਧੂ ਹਥਿਆਰ ਖਪਾਉਣਾ ਚਾਹੁੰਦਾ ਸੀ। ਇਹ ਲੋਕ ਸਿਰਫ਼ ਇਸ ਲਈ ਮਰੇ ਕਿਉਂਕਿ ਕੁੱਝ ਅਮਰੀਕੀ ਕੰਪਨੀਆਂ ਦੇ ਹਥਿਆਰਾਂ ਦੀ ਵਰਤੋਂ ਹੋਣ ਨਾਲ਼ ਅਮਰੀਕੀ ਸ਼ੇਅਰ ਬਜ਼ਾਰ ਦਾ ਸੂਚਕ ਅੰਕ ਥੋੜਾ ਹੋਰ ਉੱਤੇ ਨੂੰ ਛਾਲ਼ ਮਾਰਦਾ ਹੈ।
ਇੰਝ ਬਿਲਕੁਲ ਵੀ ਨਹੀਂ ਹੈ ਓਬਾਮਾ ਸਰਕਾਰ ਨੇ ਇਹਨਾਂ ਹਮਲਿਆਂ ’ਤੇ ਕੁੱਝ ਵੀ ਨਹੀਂ ਬੋਲਿਆ। ਪਾਕਿਸਤਾਨ ’ਚ ਆਪਣੇ ਹਮਲਿਆਂ ਬਾਰੇ ਓਬਾਮਾ ਦਾ ਕਹਿਣਾ ਹੈ ਕਿ ਇਹ ਹਮਲੇ, ‘‘ਇੱਕ ਨਿਸ਼ਾਨਾਬੱਧ ਅਤੇ ਕੇਂਦਰਤ ਕੋਸ਼ਿਸ਼ ਹੈ ਉਹਨਾਂ ਲੋਕਾਂ ਦੀ ਸੂਚੀ ’ਤੇ ਜਿਹੜੇ ਕਿ ਸਰਗਰਮ ਦਹਿਸ਼ਤਗਰਦ ਹਨ।’’ ਹੁਣ ਮਾਰੇ ਗਏ ਲੋਕ ਕਿੰਨੇ ਕੁ ਸਰਗਰਮ ਦਹਿਸ਼ਤਗਰਦ ਸਨ ਇਹ ਤਾਂ ਅਸੀਂ ਉੱਪਰ ਦਿੱਤੇ ਅੰਕੜਿਆਂ ਤੋਂ ਹੀ ਦੇਖ ਚੁੱਕੇ ਹਾਂ। ਦਸੰਬਰ ਮਹੀਨੇ ਅਮਰੀਕਾ ਵਿੱਚ ਇੱਕ ਸਿਰ ਫਿਰੇ ਨੇ ਇੱਕ ਸਕੂਲ ਵਿੱਚ ਵੜਕੇ 20 ਬੱਚੇ ਅਤੇ ਸੱਤ ਬਾਲਗ ਗੋਲ਼ੀਆਂ ਨਾਲ਼ ਮਾਰ ਦਿੱਤੇ। ਰਾਸ਼ਟਰਪਤੀ ਓਬਾਮਾ ਦੀ ਹੰਝੂ ਵਹਾਉਂਦਿਆਂ ਦੀ ਤਸਵੀਰ ਛਪੀ। ਪਰ ਓਹੀ ਓਬਾਮਾ ਮੁਸਲਿਮ ਮੁਲਕਾਂ ਵਿੱਚ ਡਰੋਨ ਹਮਲਿਆਂ ਵਿੱਚ ਮਾਰੇ ਗਏ ਆਮ ਸ਼ਹਿਰੀਆਂ ਨੂੰ ਦਹਿਸ਼ਤਗਰਦ ਦੱਸਕੇ ਆਪਣੀ ਛਾਤੀ ਚੌੜੀ ਕਰਦਾ ਹੈ ਤਾਂ ਇਸਦਾ ਮਤਲਬ ਤਾਂ ਇਹੀ ਨਿਕਲਦਾ ਹੈ ਕਿ ਧਰਤੀ ’ਤੇ ਮਨੁੱਖ ਤਾਂ ਸਿਰਫ਼ ਅਮਰੀਕਾ ਵਿੱਚ ਹੀ ਵੱਸਦੇ ਹਨ ਤੇ ਬਾਕੀ ਦੁਨੀਆਂ ਦਹਿਸ਼ਤਗਰਦਾਂ ਦੀ ਭਰੀ ਹੈ। ਅਤੇ ਇਸ ਧਰਤੀ ’ਤੇ ਸਿਰਫ਼ ਉਸੇ ਨੂੰ ਇਹ ਫ਼ੈਸਲਾ ਲੈਣ ਦਾ ਹੱਕ ਹੈ ਕਿ ਕੌਣ ਦਹਿਸ਼ਤਗਰਦ ਹੈ ਤੇ ਕੌਣ ਨਹੀਂ? ਤੇ ਫਿਰ ਉਸ ਖੋਜੇ ਹੋਏ ‘‘ਦਹਿਸ਼ਤਗਰਦ’’ ਲਈ ਉਹੀ ਗਵਾਹ ਹੈ ਤੇ ਉਹੀ ਜੱਜ।
– ਅਜੇ ਪਾਲ

Tuesday, October 18, 2011

'ਨਵੀਂ ਕਹਾਣੀ ਦੇ ਨਕਸ਼' ਗੋਸ਼ਟੀ ਜਲੰਧਰ 'ਚ ਹੋਈ

ਨਵੀਂ ਕਹਾਣੀ ਔਰਤ, ਦਲਿਤ ਤੇ ਪ੍ਰਵਾਸ ਵਿਸ਼ਿਆਂ 'ਤੇ ਕੇਂਦਰਿਤ : ਡਾ. ਧਨਵੰਤ ਕੌਰ

ਜਲੰਧਰ,  ''ਅਜੋਕੀ ਕਹਾਣੀ ਵਿਚ ਮੁਖ ਤੌਰ 'ਤੇ ਤਿੰਨ ਵਿਸ਼ਿਆਂ 'ਤੇ ਕਹਾਣੀ ਲਿਖੀ ਜਾ ਰਹੀ ਹੈ। ਇਹ ਵਿਸ਼ੇ ਹਨ ਔਰਤ, ਦਲਿਤ ਅਤੇ ਪ੍ਰਵਾਸ।'' ਇਹ ਸ਼ਬਦ ਇਥੇ ਹੋਈ 'ਨਵੀਂ ਕਹਾਣੀ ਦੇ ਨਕਸ਼' ਚਿਤਰਦੀ ਇਕ ਗੋਸ਼ਟੀ ਵਿਚ ਡਾ. ਧਨਵੰਤ ਕੌਰ ਨੇ ਆਖੇ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਜਲੰਧਰ 'ਚ ਕਰਵਾਈ ਗਈ ਗੋਸ਼ਟੀ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਪਿਆਰਾ ਸਿੰਘ, ਪੰਜਾਬੀ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕਹਾਣੀਕਾਰ ਸੁਖਜੀਤ ਸਿੰਘ ਨੇ ਕੀਤੀ। ਡਾ. ਧਨਵੰਤ ਕੌਰ ਨੇ ਆਪਣਾ ਪਰਚਾ ਅਜੋਕੀ ਕਹਾਣੀ ਦੇ ਪਸਾਰਾਂ 'ਤੇ ਕੇਂਦਰਿਤ ਕੀਤਾ। ਇਸੇ ਸੈਸ਼ਨ 'ਚ ਦੋ ਕਹਾਣੀਆਂ ਅਨੇਮਨ ਸਿੰਘ ਅਤੇ ਤ੍ਰਿਪਤਾ ਕੇ. ਸਿੰਘ ਵੱਲੋਂ ਪੜ੍ਹੀਆਂ ਗਈਆਂ। ਪ੍ਰੋ. ਪਿਆਰਾ ਸਿੰਘ ਭੋਗਲ ਨੇ ਇਨ੍ਹਾਂ ਦੋਹਾਂ ਕਹਾਣੀਆਂ ਨੂੰ ਪਸੰਦ ਕੀਤਾ ਅਤੇ ਕਿਹਾ ਕਿ ਪੰਜਾਬੀ ਪੀੜ੍ਹੀ ਦੇ ਕਹਾਣੀਕਾਰ ਨਿਵੇਕਲੇ ਵਿਸ਼ੇ ਲੈ ਕੇ ਆਏ ਹਨ।
ਪਹਿਲੇ ਸੈਸ਼ਨ ਦੀ ਸਮਾਪਤੀ ਮੌਕੇ ਪੰਜਾਬੀ ਚਿੰਤਕ ਗਿਆਨ ਸਿੰਘ ਬੱਲ ਦਾ ਸਨਮਾਨ ਕੀਤਾ ਗਿਆ। ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਜਸਵਿੰਦਰ ਸਿੰਘ, ਪ੍ਰੇਮ ਪ੍ਰਕਾਸ਼ ਅਤੇ ਸੁਖਜੀਤ ਨੇ ਕੀਤੀ। ਇਸ ਸੈਸ਼ਨ 'ਚ ਸੁਰਿੰਦਰ ਨੀਰ ਅਤੇ ਦੀਪ ਦਵਿੰਦਰ ਨੇ ਆਪੋ-ਆਪਣੀ ਕਹਾਣੀ ਪੜ੍ਹੀ। ਡਾ. ਗੁਰਮੇਲ ਸਿੰਘ ਨੇ ਪੰਜਾਬ ਸੰਕਟ ਤੋਂ ਬਾਅਦ ਦੀ ਕਹਾਣੀ ਬਾਰੇ ਆਪਣਾ ਪਰਚਾ ਪੜ੍ਹਿਆ ਅਤੇ ਸਪੱਸ਼ਟ ਕੀਤਾ ਕਿ ਅੱਜ ਨੌਜਵਾਨ ਕਹਾਣੀਕਾਰ ਜਿਹੜੇ ਵਿਸ਼ਿਆਂ ਨੂੰ ਲੈ ਕੇ ਆ ਰਹੇ ਹਨ, ਉਹ ਨਿਵੇਕਲੇ ਹਨ ਅਤੇ ਉਨ੍ਹਾਂ ਦਾ ਆਪਣੀ ਗੱਲ ਕਹਿਣ ਦਾ ਅੰਦਾਜ਼ ਵੀ ਵੱਖਰਾ ਹੀ ਹੈ।
ਪ੍ਰੇਮ ਪ੍ਰਕਾਸ਼ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਰ ਕਹਾਣੀ, ਹਰ ਪਾਠਕ ਲਈ ਨਹੀਂ ਹੁੰਦੀ। ਹਰ ਕਹਾਣੀ ਦਾ ਆਪਣਾ ਇਕ ਪਾਠਕ ਵਰਗ ਹੁੰਦਾ ਹੈ। ਹਰ ਕਹਾਣੀਕਾਰ ਸਿੱਖਿਆ ਦੇਣ ਦਾ ਕਾਰਜ ਨਹੀਂ ਕਰ ਸਕਦਾ। ਸੁਖਜੀਤ ਨੇ ਕਿਹਾ ਕਿ ਕਹਾਣੀਕਾਰਾਂ ਨੂੰ ਕਹਾਣੀ ਵਿਚ ਆਉਂਦੇ ਵਾਧੂ ਵੇਰਵੇ ਕੱਢ ਦੇਣੇ ਚਾਹੀਦੇ ਹਨ। ਡਾ. ਜਸਵਿੰਦਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਕਹਾਣੀਕਾਰ ਨੂੰ ਕਲਾਤਮਕਤਾ ਕਾਇਮ ਰੱਖਣੀ ਚਾਹੀਦੀ ਹੈ। ਸੈਕਸ ਦੀ ਗੱਲ ਕਰਦਿਆਂ ਉਸ ਨੂੰ ਨੰਗੇਜ਼ ਤੋਂ ਬਚਾਅ ਕੇ ਰੱਖਣਾ ਚਾਹੀਦੈ। ਉਨ੍ਹਾਂ ਨੇ 'ਮੈਂ' ਪਾਤਰ ਨੂੰ ਅਧਾਰ ਬਣਾ ਕੇ ਲਿਖੀਆਂ ਗਈਆਂ ਕਹਾਣੀਆਂ ਬਾਰੇ ਕਿਹਾ ਕਿ ਕਹਾਣੀਕਾਰ ਜਦੋਂ 'ਮੈਂ' ਪਾਤਰ ਨੂੰ ਅਧਾਰ ਬਣਾ ਕੇ ਗੱਲ ਕਰਦਾ ਹੈ ਤਾਂ ਉਹ ਕਹਾਣੀ ਵਿਚਲੇ ਬਾਕੀ ਪਾਤਰਾਂ ਨਾਲ ਇਨਸਾਫ ਨਹੀਂ ਕਰ ਰਿਹਾ ਹੁੰਦਾ।ਕਾਰਵਾਈ ਦੇਸ ਰਾਜ ਕਾਲੀ ਅਤੇ ਕੁਲਦੀਪ ਸਿੰਘ ਨੇ ਚਲਾਈ। ਇਸ ਮੌਕੇ ਮੱਖਣ ਮਾਨ, ਕਰਨੈਲ ਸਿੰਘ ਨਿੱਝਰ, ਬੂਟਾ ਜੱਬਲ, ਸੁਰਿੰਦਰ ਖੀਵਾ, ਰਾਜਿੰਦਰ ਪਰਦੇਸੀ, ਸੁਖਵੰਤ ਪੱਟੀ, ਕਹਾਣੀਕਾਰ ਅਜਮੇਰ ਸਿੱਧੂ, ਮਹਿੰਦਰ ਸਿੰਘ ਤਾਤਲਾ, ਬਲਬੀਰ ਪਰਵਾਨਾ, ਸਵਰਨ ਟਹਿਣਾ, ਦੀਪਕ ਬਾਲੀ, ਲੰਡਨ ਤੋਂ ਆਏ ਸੰਤੋਖ ਸਿੰਘ ਸੰਤੋਖ, ਕਰਮਜੀਤ ਸਿੰਘ ਆਦਮਪੁਰ, ਬੇਅੰਤ ਸਿੰਘ ਸਰਹੱਦੀ, ਡਾ. ਰਾਜਿੰਦਰ ਸਿੰਘ ਅਤੇ ਸੁਰਿੰਦਰ ਕੌਰ ਬੈਂਸ ਹਾਜ਼ਰ ਸਨ।